ਬਿਹਾਰ ਚੋਣਾਂ ਹੋਈਆਂ ਸੰਪੰਨ, ਪੰਜਾਬ ''ਚ ਹੁਣ ਬਣੇਗਾ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ
Thursday, Nov 12, 2020 - 09:13 AM (IST)
ਜਲੰਧਰ (ਧਵਨ): ਬਿਹਾਰ 'ਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਗਈਆਂ ਹਨ ਅਤੇ ਹੁਣ ਪੰਜਾਬ 'ਚ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ ਬਣਾਉਣ ਦਾ ਰਸਤਾ ਵੀ ਸਾਫ ਹੁੰਦਾ ਜਾ ਰਿਹਾ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਵਲੋਂ ਕਾਂਗਰਸ ਲੀਡਰਸ਼ਿਪ ਨੂੰ ਲਗਭਗ 2 ਮਹੀਨੇ ਪਹਿਲਾਂ ਜੋ ਸੂਚੀ ਭੇਜੀ ਗਈ ਸੀ, ਉਸ 'ਚ ਥੋੜਾ-ਬਹੁਤ ਬਦਲਾਅ ਕੀਤੇ ਜਾਣ ਦੇ ਆਸਾਰ ਹਨ ਅਤੇ ਉਸ ਤੋਂ ਬਾਅਦ ਨਵੇਂ ਢਾਂਚੇ 'ਤੇ ਕਾਂਗਰਸ ਲੀਡਰਸ਼ਿਪ ਦੀ ਮੋਹਰ ਲੱਗ ਜਾਏਗੀ। ਬਿਹਾਰ ਵਿਧਾਨ ਸਭਾ ਚੋਣਾਂ ਦੇ ਕਾਰਣ ਪੰਜਾਬ 'ਚ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਐਲਾਨ ਕਰਨ 'ਚ ਦੇਰੀ ਹੋ ਰਹੀ ਸੀ। ਦੂਜਾ ਕਾਰਣ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀਬਾੜੀ ਕਾਨੂੰਨ ਸਨ, ਜਿਸ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦਰਮਿਆਨ ਟਕਰਾਅ ਦੀ ਸਥਿਤੀ ਬਣੀ ਹੋਈ ਸੀ।
ਬਿਹਾਰ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਅਜਿਹੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਕੇਂਦਰ ਵਲੋਂ ਉਨ੍ਹਾਂ ਨਾਲ ਕੀਤੀ ਜਾਣ ਵਾਲੀ ਗੱਲਬਾਤ 'ਚ ਸ਼ਾਇਦ ਕੋਈ ਰਸਤਾ ਨਿਕਲ ਆਵੇ, ਜਿਸ ਨਾਲ ਕਿਸਾਨਾਂ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਵਲੋਂ ਸੂਬਾ ਇਕਾਈ ਨੂੰ ਲੈ ਕੇ ਪੈਂਡਿੰਗ ਪਏ ਫੈਸਲੇ 'ਤੇ ਆਪਣੀ ਮੋਹਰ ਲਗਾਈ ਜਾ ਸਕਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਸੰਗਠਨਾਤਮਕ ਢਾਂਚੇ 'ਤੇ ਆਪਣੀ ਮੋਹਰ ਲਗਾ ਚੁੱਕੇ ਹਨ। ਉਨ੍ਹਾਂ ਦੀ ਇਸ ਸਬੰਧ 'ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਵੀ ਚਰਚਾ ਹੋ ਚੁੱਕੀ ਹੈ। ਨਵਾਂ ਸੰਗਠਨਾਤਮਕ ਢਾਂਚਾ ਬਣਾਉਂਦੇ ਸਮੇਂ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਪੂਰੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਅਤੇ ਉਸ ਨੂੰ ਦੇਖਦੇ ਹੋਏ ਇਸ 'ਚ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਮੌਜੂਦਾ ਢਾਂਚੇ 'ਚ ਚੱਲ ਰਹੇ ਮੰਤਰੀਆਂ, ਵਿਧਾਇਕਾਂ ਨੂੰ ਹਟਾ ਕੇ ਉਨ੍ਹਾਂ ਦੇ ਸਥਾਨ 'ਤੇ ਹੋਰ ਕਾਂਗਰਸ ਨੇਤਾਵਾਂ ਨੂੰ ਸਥਾਨ ਦਿੱਤਾ ਜਾਏਗਾ। ਇਸ ਤਰ੍ਹਾਂ ਨਵੇਂ ਢਾਂਚੇ ਦੇ ਨਾਲ ਵੀ ਜ਼ਿਲਾ ਇਕਾਈਆਂ ਦਾ ਪੁਨਰਗਠਨ ਕਰ ਦਿੱਤਾ ਜਾਏਗਾ। ਜ਼ਿਲਾ ਇਕਾਈਆਂ ਪਿਛਲੇ ਕੁਝ ਮਹੀਨਿਆਂ ਤੋਂ ਭੰਗ ਚੱਲ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਵੇਂ ਜ਼ਿਲਾ ਪ੍ਰਧਾਨਾਂ ਨੂੰ ਲੈ ਕੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ 'ਚ ਸਹਿਮਤੀ ਹੋ ਗਈ ਸੀ।