ਭੈਣ-ਭਰਾ ਨੇ ਵਿਦੇਸ਼ ਭੇਜਣ ਦੇ ਨਾਂ ''ਤੇ ਕਾਲੀਆ ਕਾਲੋਨੀ ਦੇ ਲੋਕਾਂ ਤੋਂ ਠੱਗੇ 70 ਲੱਖ
Monday, Oct 14, 2019 - 11:54 AM (IST)

ਜਲੰਧਰ (ਵੈੱਬ ਡੈਸਕ) : ਜਲੰਧਰ ਦੀ ਕਾਲੀਆ ਕਾਲੋਨੀ ਵਿਚ ਭੈਣ-ਭਰਾ ਵੱਲੋਂ 20 ਲੋਕਾਂ ਤੋਂ 70 ਲੱਖ ਤੋਂ ਜ਼ਿਆਦਾ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਠੱਗੀ ਦਾ ਗੋਰਖਧੰਦਾ 2 ਸਾਲ ਤੋਂ ਚੱਲ ਰਿਹਾ ਸੀ। ਜ਼ਿਆਦਾਤਰ ਲੋਕਾਂ ਨੂੰ ਦੋਸ਼ੀਆਂ ਨੇ ਆਪਣੀ ਦੁਕਾਨ 'ਤੇ ਸੱਦ ਕੇ ਵਿਦੇਸ਼ ਭੇਜਣ ਅਤੇ ਕਮੇਟੀ ਪਾਉਣ ਦੇ ਬਹਾਨੇ ਫਸਾਇਆ। ਠੱਗੀ ਦਾ ਖੁਲਾਸਾ ਉਦੋਂ ਹੋਇਆ, ਜਦੋਂ ਲੋਕਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਕਿ ਕੱਪੜਿਆਂ ਦੀ ਦੁਕਾਨ ਚਲਾਉਣ ਵਾਲੀ ਔਰਤ ਮਿਲਨਪ੍ਰੀਤ ਪਹਿਲਾਂ ਕਮੇਟੀਆਂ ਪਾਉਣ ਦਾ ਕੰਮ ਕਰਦੀ ਸੀ, ਨੇ ਆਪਣੇ ਭਰਾ ਮਨਪ੍ਰੀਤ ਨਾਲ ਮਿਲ ਕੇ ਏਜੰਟ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਡੀ.ਸੀ.ਪੀ. ਨੇ ਡੀ.ਐਸ.ਪੀ. ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ।
ਪੀੜਤਾਂ ਨੇ ਦੱਸਿਆ ਕਿ ਦੋਸ਼ੀ ਮਿਲਨਪ੍ਰੀਤ ਦਾ ਭਰਾ ਅੰਮ੍ਰਿਤਸਰ ਵਿਚ ਜੀ.ਐਨ.ਡੀ.ਯੂ. ਯੂਨੀਵਰਸਿਟੀ ਨੇੜੇ ਏਜੰਟ ਦਾ ਦਫਤਰ ਚਲਾਉਂਦਾ ਹੈ। ਠੱਗੀ ਤੋਂ ਬਾਅਦ ਦੋਵੇਂ ਭਰਾ-ਭੈਣ ਡੇਢ ਮਹੀਨੇ ਤੋਂ ਫਰਾਰ ਹਨ। ਇਕ ਹਫਤਾ ਪਹਿਲਾਂ ਮਨਪ੍ਰੀਤ ਪੀੜਤਾਂ ਨਾਲ ਰਾਜੀਨਾਮਾ ਕਰਨ ਲਈ ਕਾਲੀਆ ਕਾਲੋਨੀ ਵਿਚ ਆਇਆ ਸੀ। ਪੀੜਤਾਂ ਨੇ ਉਸ ਨੂੰ ਕਿਹਾ ਕਿ ਕਿ ਆਪਣੇ ਪੈਸੇ ਵਾਪਸ ਲੈਣ ਤੋਂ ਇਲਾਵਾ ਉਨ੍ਹਾਂ ਨੇ ਕੋਈ ਰਾਜ਼ੀਨਾਮਾ ਨਹੀਂ ਕਰਨਾ।
ਪੀੜਤ ਲੋਕਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਅਕਸਰ ਆਪਣੀ ਭੈਣ ਮਿਲਨਪ੍ਰੀਤ ਦੀ ਕੱਪੜਿਆਂ ਦੀ ਦੁਕਾਨ 'ਤੇ ਬੈਠਦਾ ਸੀ। ਜਦੋਂ ਕੋਈ ਗਾਹਕ ਆਉਂਦਾ ਸੀ ਤਾਂ ਮਨਪ੍ਰੀਤ ਭੈਣ ਨੂੰ ਦੱਸਣ ਲੱਗਦਾ ਸੀ ਕਿ ਕਿਵੇਂ ਉਸ ਨੇ ਕਈ ਲੋਕਾਂ ਨੂੰ ਵਿਦੇਸ਼ ਭੇਜ ਦਿੱਤਾ ਹੈ। ਗਾਹਕ ਜਦੋਂ ਸੁਣਦੇ ਕਿ ਮਨਪ੍ਰੀਤ ਨੇ ਕਈ ਲੋਕਾਂ ਦਾ ਵੀਜ਼ਾ ਲਗਵਾਇਆ ਹੈ ਤਾਂ ਲੋਕ ਦਿਲਚਸਪੀ ਲੈਣ ਲੱਗਦੇ। ਫਿਰ ਦੋਵੇਂ ਭੈਣ-ਭਰਾ ਆਪਣੇ ਜਾਲ ਵਿਚ ਫਸਾ ਲੈਂਦੇ ਸਨ। ਡੀ.ਸੀ.ਪੀ. ਇੰਵੈਸਟੀਗੇਸ਼ਨ ਗੁਰਮੀਤ ਸਿੰਘ ਦੇ ਹੁਕਮਾਂ 'ਤੇ ਐਂਟੀ ਫਰਾਡ ਵਿੰਗ ਦੇ ਅਫਸਰ ਜਾਂਚ ਕਰ ਰਹੇ ਹਨ। ਦੋਸ਼ੀਆਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ।
ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਐਂਟੀ ਫਰਾਡ ਦੇ ਇੰਚਾਰਜ ਜਸਵਿੰਦਰ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੀ.ਸੀ.ਪੀ. ਦੇ ਹੁਕਮਾਂ 'ਤੇ ਮਾਮਲਾ ਸਾਡੇ ਕੋਲ ਆਇਆ ਹੈ। ਕਾਲੀਆ ਕਾਲੋਨੀ ਦੇ ਲੋਕਾਂ ਦੀ ਸ਼ਿਕਾਇਤ ਵੀ ਮਿਲੀ ਹੈ, ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਅਤੇ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ।