ਬਿਆਸ ਸਟੇਸ਼ਨ ਦਾ ਸਰਵੇ ਹੋਇਆ ਪੂਰਾ, 250 ਯਾਤਰੀਆਂ ਤੋਂ ਲਈ ਫੀਡਬੈਕ
Monday, Aug 26, 2019 - 05:43 PM (IST)
ਜਲੰਧਰ/ਬਿਆਸ (ਗੁਲਸ਼ਨ) - ਦੇਸ਼ ਭਰ ਦੇ ਏ-ਕੈਟੇਗਰੀ ਅਤੇ ਏ-ਵਨ ਕੈਟੇਗਰੀ ਦੇ ਅਧੀਨ ਆਉਂਦੇ 720 ਰੇਲਵੇ ਸਟੇਸ਼ਨਾਂ 'ਤੇ ਸਫਾਈ ਸਰਵੇਖਣ ਕਰਵਾਇਆ ਜਾ ਰਿਹਾ ਹੈ। ਸਫਾਈ ਸਰਵੇਖਣ ਦੀ ਟੀਮ ਵਲੋਂ ਪਿਛਲੇ 2 ਦਿਨਾਂ ਤੋਂ ਬਿਆਸ ਰੇਲਵੇ ਸਟੇਸ਼ਨ 'ਤੇ ਸਰਵੇ ਕੀਤਾ ਜਾ ਰਿਹਾ ਸੀ। ਟੀਮ ਦੇ ਮੈਂਬਰਾਂ ਵਲੋਂ ਪਲੇਟਫਾਰਮਾਂ ਦੀ ਸਫਾਈ, ਰੇਲ ਟਰੈਕ ਦੀ ਸਫਾਈ, ਵੇਟਿੰਗ ਹਾਲ, ਪਖਾਨੇ, ਪਾਰਕਿੰਗ, ਵਾਟਰ ਬੂਥ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਰੀਬ 250 ਯਾਤਰੀਆਂ ਤੋਂ ਫੀਡਬੈਕ ਲਈ, ਜਿਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵਲੋਂ ਕੁਆਲਿਟੀ ਕਾਊਂਸਿਲ ਆਫ ਇੰਡੀਆ ਨੂੰ ਦੇਸ਼ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ ਦਾ ਸਰਵੇ ਕਰਨ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਸਰਵੇ ਟੀਮ ਆਪਣੇ ਪੱਧਰ 'ਤੇ ਸਟੇਸ਼ਨਾਂ ਦੀ ਸਫਾਈ ਵਿਵਸਥਾ ਦਾ ਜਾਇਜ਼ਾ ਲੈ ਰਹੀ ਹੈ ਤੇ ਇਸ ਦਾ ਡਾਟਾ ਆਪਣੇ ਹੈੱਡ ਕੁਆਰਟਰ ਨੂੰ ਭੇਜ ਰਹੀ ਹੈ।
ਬਿਆਸ ਰੇਲਵੇ ਸਟੇਸ਼ਨ ਸਫਾਈ ਰੈਂਕਿੰਗ 'ਚ ਪਹਿਲਾਂ ਵੀ ਨੰਬਰ ਇਕ 'ਤੇ ਆ ਚੁੱਕਾ ਹੈ ਪਰ ਇਸ ਵਾਰ ਵੀ ਸਫਾਈ 'ਚ ਕੋਈ ਕਮੀ ਨਾ ਆਵੇ ਇਸ ਕਾਰਨ ਸੀਨੀਅਰ ਡਵੀਜ਼ਨ ਇਲੈਕਟ੍ਰੀਕਲ ਇੰਜੀਨੀਅਰ 'ਚ ਐੱਚ. ਕੇ. ਸ਼ਰਮਾ ਨੂੰ ਨੋਡਲ ਆਫਿਸਰ ਨਿਯੁਕਤ ਕੀਤਾ ਗਿਆ ਹੈ। ਜਲੰਧਰ ਦੇ ਚੀਫ ਹੈਲਥ ਇੰਸ. ਮਨੋਜ ਕੁਮਾਰ ਨੂੰ ਸਫਾਈ ਰੱਖਣ ਦੀ ਕਮਾਨ ਸੌਂਪੀ ਗਈ ਸੀ, ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਆਸ ਸਟੇਸ਼ਨ 'ਤੇ ਡਟੇ ਹੋਏ ਸਨ। ਐਤਵਾਰ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਇਕ ਨੁੱਕੜ ਨਾਟਕ ਕਰਵਾਇਆ ਗਿਆ, ਜਿਸ 'ਚ ਯਾਤਰੀਆਂ ਨੂੰ ਸਾਫ਼-ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ ।
2-3 ਦਿਨਾਂ 'ਚ ਸਿਟੀ ਰੇਲਵੇ ਸਟੇਸ਼ਨ 'ਤੇ ਹੋਵੇਗਾ ਸਰਵੇ
ਜਾਣਕਾਰੀ ਮੁਤਾਬਕ ਸੋਮਵਾਰ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸਰਵੇ ਸ਼ੁਰੂ ਹੋ ਰਿਹਾ ਹੈ। ਅਗਲੇ ਦੋ-ਤਿੰਨ ਦਿਨਾਂ 'ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਵਾਰੀ ਹੈ। ਇਸ ਲਈ 3 ਸ਼ਿਫਟਾਂ 'ਚ ਸਟੇਸ਼ਨ ਦੀ ਸਾਫ਼-ਸਫਾਈ ਕਰਵਾਈ ਜਾ ਰਹੀ ਹੈ। ਸਫਾਈ ਕਰਮਚਾਰੀ ਦਿਨ-ਰਾਤ ਸਫਾਈ ਕਰਨ 'ਚ ਜੁਟੇ ਹੋਏ ਹਨ ਤਾਂ ਜੋ ਕੋਈ ਵੀ ਕਮੀ ਨਾ ਰਹੇ। ਪਿਛਲੇ ਸਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ਨੂੰ 158 ਵਾਂ ਰੈਂਕ ਮਿਲਿਆ ਸੀ। ਇਸ ਵਾਰ ਸਿਟੀ ਸਟੇਸ਼ਨ ਨੂੰ ਉੱਚ ਰੈਂਕ ਦਿਵਾਉਣ ਲਈ ਅਧਿਕਾਰੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।