Election Diary : ਸੋਨੀਆ ਦਾ ਵਿਰੋਧ ਹੋਇਆ ਤਾਂ ਮਨਮੋਹਨ ਬਣੇ ਪੀ. ਐੱਮ.
Friday, Mar 29, 2019 - 09:41 AM (IST)

ਜਲੰਧਰ (ਨਰੇਸ਼ ਕੁਮਾਰ) : 1999 ਵਿਚ ਮੁੜ ਸੱਤਾ ਵਿਚ ਆਏ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸ਼ਾਈਨਿੰਗ ਇੰਡੀਆ ਦੇ ਨਾਅਰੇ 'ਤੇ ਸਵਾਰ ਹੋ ਕੇ 2004 ਵਿਚ ਇਕ ਵਾਰ ਫਿਰ ਸੱਤਾ ਵਿਚ ਆਉਣ ਦੀ ਉਮੀਦ ਕਰ ਰਹੀ ਸੀ ਪਰ ਚੋਣਾਂ ਦੇ ਨਤੀਜੇ ਆਏ ਤਾਂ ਭਾਜਪਾ ਕਾਂਗਰਸ ਦੇ ਮੁਕਾਬਲੇ 7 ਸੀਟਾਂ ਤੋਂ ਪੱਛੜ ਗਈ। ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ 138 ਸੀਟਾਂ ਹਾਸਲ ਹੋਈਆਂ ਜਦਕਿ ਕਾਂਗਰਸ 145 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉਭਰੀ। ਦੇਸ਼ ਵਿਚ ਤ੍ਰਿਸ਼ੰਕੂ ਪਾਰਲੀਮੈਂਟ ਦੀ ਸਥਿਤੀ ਵਿਚ ਰਾਸ਼ਟਰਪਤੀ ਅਬਦੁੱਲ ਕਲਾਮ ਦੇ ਸਾਹਮਣੇ ਵੀ ਇਹ ਵੱਡੀ ਚੁਣੌਤੀ ਸੀ ਕਿ ਇਸ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਿਆ ਜਾਵੇ। ਸਾਰੀਆਂ ਕਾਨੂੰਨੀ ਸਲਾਹਾਂ ਤੋਂ ਬਾਅਦ ਰਾਸ਼ਟਰਪਤੀ ਨੇ ਪੁਰਾਣੀ ਪ੍ਰੰਪਰਾ ਦੇ ਤਹਿਤ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਬਤੌਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਦੀ ਸਭ ਤੋਂ ਪ੍ਰਬਲ ਦਾਅਵੇਦਾਰ ਸੀ ਪਰ ਉਨ੍ਹਾਂ ਦੇ ਵਿਦੇਸ਼ੀ ਮੂਲ ਦੇ ਮੁੱਦੇ ਨੇ ਅਜਿਹਾ ਤੂਲ ਫੜਿਆ ਕਿ ਇਕ ਵਾਰ ਤਾਂ ਰਾਸ਼ਟਰਪਤੀ ਅਬਦੁੱਲ ਕਲਾਮ ਲਈ ਵੀ ਇਹ ਫੈਸਲਾ ਕਰਨਾ ਮੁਸ਼ਕਲ ਹੋ ਗਿਆ ਕਿ ਸੋਨੀਆ ਗਾਂਧੀ ਨੂੰ ਸਹੁੰ ਚੁੱਕਣ ਲਈ ਬੁਲਾਇਆ ਜਾਵੇ ਜਾਂ ਨਹੀਂ।
ਇਸ ਦੌਰਾਨ ਸੋਨੀਆ ਗਾਂਧੀ ਦੇ ਵਿਰੋਧ ਵਿਚ ਨੇਤਾਵਾਂ ਅਤੇ ਲੋਕਾਂ ਦੀਆਂ ਈ-ਮੇਲਜ਼ ਦਾ ਹੜ੍ਹ ਆ ਗਿਆ, ਜਿਨ੍ਹਾਂ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਇਨ੍ਹਾਂ ਸਾਰੇ ਵਿਰੋਧਾਂ ਦੇ ਬਾਵਜੂਦ ਕਲਾਮ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਲਈ ਤਿਆਰ ਸਨ। ਰਾਸ਼ਟਰਪਤੀ ਭਵਨ ਨੂੰ ਕਾਂਗਰਸ ਵਲੋਂ ਸੂਚਨਾ ਦਿੱਤੀ ਗਈ ਕਿ ਸੋਨੀਆ ਗਾਂਧੀ 18 ਮਈ 2004 ਨੂੰ ਦੁਪਹਿਰ 12.15 ਵਜੇ ਉਨ੍ਹਾਂ ਨੂੰ ਮਿਲੇਗੀ ਪਰ ਉਹ ਇਕੱਲੀ ਨਹੀਂ ਗਈ। ਉਸ ਦੇ ਨਾਲ ਮਨਮੋਹਨ ਸਿੰਘ ਸਨ। ਇਸ ਦੌਰਾਨ ਸੋਨੀਆ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਗਿਣਤੀ ਪੂਰੀ ਹੈ ਪਰ ਸੰਸਦ ਮੈਂਬਰਾਂ ਦੇ ਸਮਰਥਨ ਦੀ ਚਿੱਠੀ ਨਹੀਂ ਹੈ। ਇਸ ਚਰਚਾ ਤੋਂ ਬਾਅਦ 19 ਮਈ ਨੂੰ ਮੁੜ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਕਹਿ ਕੇ ਉਹ ਚਲੇ ਗਏ। ਇਸ ਤੋਂ ਬਾਅਦ ਕਾਂਗਰਸ ਨੇ ਰਾਸ਼ਟਰਪਤੀ ਭਵਨ ਨੂੰ ਸੂਚਿਤ ਕੀਤਾ ਕਿ ਸੋਨੀਆ ਉਨ੍ਹਾਂ ਨੂੰ ਰਾਤ 8.15 ਵਜੇ ਮਿਲੇਗੀ। 8.15 ਵਜੇ ਸੋਨੀਆ ਫਿਰ ਮਨਮੋਹਨ ਸਿੰਘ ਨਾਲ ਗਈ ਅਤੇ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੇ ਨਾਲ-ਨਾਲ ਸੰਸਦ ਮੈਂਬਰਾਂ ਦੇ ਸਮਰਥਨ ਦੀ ਚਿੱਠੀ ਵੀ ਦਿੱਤੀ।
ਇਸ ਸਾਰੀ ਕਵਾਇਦ ਤੋਂ ਪਹਿਲਾਂ ਕਾਂਗਰਸ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਲੰਬੀ ਜੱਦੋ-ਜਹਿਦ ਚੱਲੀ ਪਰ ਸੋਨੀਆ ਨੇ ਆਪਣੇ ਵਿਰੋਧ ਕਾਰਨ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕੀਤਾ। ਗਾਂਧੀ ਪਰਿਵਾਰ ਦੇ ਨਜ਼ਦੀਕੀ ਅਤੇ 1991 ਵਿਚ ਬਤੌਰ ਵਿੱਤ ਮੰਤਰੀ ਮਨਮੋਹਨ ਸਿੰਘ ਵਲੋਂ ਕੀਤਾ ਗਿਆ ਕੰਮ 2004 ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਵਿਚ ਸਹਾਇਕ ਸਿੱਧ ਹੋਇਆ। ਇਸ ਤੋਂ ਇਲਾਵਾ ਮਨਮੋਹਨ ਸਿੰਘ ਸਿਆਸੀ ਚਿਹਰਾ ਨਹੀਂ ਸਨ ਲਿਹਾਜ਼ਾ ਕਾਂਗਰਸ ਨੂੰ ਉਨ੍ਹਾਂ ਨੂੰ ਅੱਗੇ ਲਿਆਉਣ 'ਤੇ ਕੋਈ ਨੁਕਸਾਨ ਨਹੀਂ ਸੀ। ਸਹਿਯੋਗੀ ਪਾਰਟੀਆਂ ਵਿਚ ਵੀ ਮਨਮੋਹਨ ਸਿੰਘ ਦੇ ਕਾਫੀ ਪ੍ਰਸ਼ੰਸਕ ਸਨ ਅਤੇ ਇਹੀ ਗੱਲ ਮਨਮੋਹਨ ਸਿੰਘ ਲਈ ਸਮਰਥਨ ਹਾਸਲ ਕਰਨ ਦੇ ਕੰਮ ਆਈ।