'ਸ਼ਹੀਦ ਊਧਮ ਸਿੰਘ' ਦੇ ਨਾਂ 'ਤੇ ਬਣੇਗਾ ਜਲਾਲਾਬਾਦ ਦਾ ਬਾਈਪਾਸ, ਮੰਤਰੀ ETO ਨੇ ਵਿਧਾਨ ਸਭਾ 'ਚ ਕੀਤਾ ਐਲਾਨ

Monday, Mar 24, 2025 - 12:42 PM (IST)

'ਸ਼ਹੀਦ ਊਧਮ ਸਿੰਘ' ਦੇ ਨਾਂ 'ਤੇ ਬਣੇਗਾ ਜਲਾਲਾਬਾਦ ਦਾ ਬਾਈਪਾਸ, ਮੰਤਰੀ ETO ਨੇ ਵਿਧਾਨ ਸਭਾ 'ਚ ਕੀਤਾ ਐਲਾਨ

ਜਲਾਲਾਬਾਦ (ਰਮਨਦੀਪ ਸਿੰਘ ਸੋਢੀ) - ਜਲਾਲਾਬਾਦ ਦਾ ਜੋ ਕੰਮ ਵੱਡੇ ਲੀਡਰਾਂ ਤੋਂ ਨਹੀਂ ਹੋ ਸਕਿਆ ਉਹ ਆਮ ਘਰ ਦੇ ਮੁੰਡੇ, ਪਹਿਲੀ ਵਾਰ ਵਿਧਾਇਕ ਬਣੇ ਜਗਦੀਪ ਕੰਬੋਜ ਗੋਲਡੀ ਨੇ ਕਰ ਵਿਖਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਜਲਾਲਾਬਾਦ ਹਲਕੇ ਲਈ ਇੱਕ ਵੱਡੀ ਸੌਗਾਤ ਦਾ ਐਲਾਨ ਕੀਤਾ ਗਿਆ। ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਜਲਾਲਾਬਾਦ ਦਾ ਬਾਈਪਾਸ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। 

ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਦੌਰਾਨ ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਜਲਾਲਾਬਾਦ ਬਾਈਪਾਸ ਬਣਾਉਣ ਸਬੰਧੀ ਸਵਾਲ ਉਠਾਇਆ ਸੀ ਜਿਸ 'ਤੇ ਬੋਲਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਜਲਾਲਾਬਾਦ ਦਾ ਬਾਈਪਾਸ ਬਣਾਇਆ ਜਾਵੇਗਾ ਜੋ ਕਿ ਬੱਗੇ ਕੇ ਉਤਾੜ ਤੋਂ ਸ਼ੁਰੂ ਹੋਵੇਗਾ ਅਤੇ ਨਹਿਰ ਦੇ ਨਾਲ ਨਾਲ ਹੁੰਦਾ ਹੋਇਆ ਬਣੇਗਾ। ਇਸ ਦੀ ਲੰਬਾਈ 8.75 ਕਿਲੋਮੀਟਰ ਹੋਵੇਗੀ ਅਤੇ ਇਹ 18 ਫੁੱਟ ਚੌੜਾ ਹੋਵੇਗਾ। ਇਸ ਸਬੰਧੀ ਸਰਕਾਰ ਨੇ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਪਿਆਕੜਾਂ ਨੂੰ ਲੱਗੀਆਂ ਮੌਜਾਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਸਤੀ ਹੋ ਗਈ ਸ਼ਰਾਬ

ਵਿਧਾਇਕ ਜਗਦੀਪ ਕੰਬੋਜ ਗੋਲਡ ਨੇ ਕਿਹਾ ਕਿ ਇਸ ਸੜਕ ਲਈ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰ ਵੀ ਇਸ ਇਲਾਕੇ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਵਿਕਾਸ ਦੇ ਅਸਲ ਮੁੱਦਿਆਂ 'ਤੇ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਅਤੇ ਪਿਛਲੇ ਵੱਡੇ ਲੀਡਰ ਇਹ ਬਾਈਪਾਸ ਨਹੀਂ ਬਣਵਾ ਸਕੇ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਨੂੰ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਬਣਾਇਆ ਜਾਵੇਗਾ। ਇਸ ਸੜਕ ਦੇ ਬਣਨ ਨਾਲ ਜਲਾਲਾਬਾਦ ਦੀ ਟਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਘੱਟ ਸਮਾਂ ਲੱਗੇਗਾ। 

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸੜਕ ਦੀ ਪ੍ਰਵਾਣਗੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਸਦਨ ਵਿੱਚ ਇਹ ਵੀ ਮੰਗ ਰੱਖੀ ਕਿ ਇਸ ਨਵੀਂ ਸੜਕ 'ਤੇ ਕਿਸੇ ਜਗ੍ਹਾ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇ। ਲੋਕ ਨਿਰਮਾਣ ਮੰਤਰੀ ਨੇ ਇਹ ਮੰਗ ਵੀ ਤੁਰੰਤ ਹੀ ਪ੍ਰਵਾਨ ਕਰ ਲਈ।

ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸਬੰਧ ਵਿੱਚ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਲਕੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬੜਮੁੱਲਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਰਗ ਬਣਨ ਨਾਲ ਇਲਾਕੇ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਸੜਕ ਇਲਾਕੇ ਦੇ ਵਿਕਾਸ ਦੇ ਨਵੇਂ ਰਾਹ ਖੋਲ੍ਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News