ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਐੱਸ.ਡੀ.ਐੱਮ. ਨੇ ਲੋਕਾਂ ਨੂੰ ਚੁਕਾਈ ਸੰਹੁ

06/26/2019 1:03:30 PM

ਜਲਾਲਾਬਾਦ (ਗੁਲਸ਼ਨ, ਸੇਤੀਆ, ਸੁਮਿਤ ਬਜਾਜ) - ਜਲਾਲਾਬਾਦ 'ਚ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਅੱਜ ਵਿਸ਼ਵ ਨਸ਼ਾ ਵਿਰੋਧੀ ਦਿਹਾੜਾ ਸਥਾਨਕ ਕੰਮਿਊਨਿਟੀ ਹਾਲ 'ਚ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਐੱਸ.ਡੀ.ਐੱਮ. ਕੇਸ਼ਵ ਗੋਇਲ, ਡੀ.ਐੱਸ.ਪੀ. ਜਲਾਲਾਬਾਦ ਵਲੋਂ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਆਰ.ਕੇ. ਜੈਨ, ਬੀ.ਡੀ.ਪੀ.ਓ. ਜੋਗਾ ਸਿੰਘ, ਹਰੀਸ਼ ਸੇਤੀਆ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਲੜਕੇ, ਪ੍ਰਿੰਸੀਪਲ ਸੁਭਾਸ਼ ਸਿੰਘ, ਪ੍ਰਦੀਪ ਗੱਖੜ, ਸੰਜੀਵ ਸੇਠੀ, ਐੱਸ.ਐੱਚ.ਓ. ਭੋਲਾ ਸਿੰਘ ਤੋਂ ਇਲਾਵਾ ਪਿੰਡਾਂ ਦੇ ਸਰਪੰਚ-ਪੰਚ ਅਤੇ ਕੌਂਸਲਰ ਮੌਜੂਦ ਸਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡੇਪੋ ਕੋਆਰਡੀਨੇਟਰ ਪ੍ਰਵੇਸ਼ ਖੰਨਾ ਨੇ ਬਾਖੂਬੀ ਨਿਭਾਈ।

ਇਸ ਸੈਮੀਨਾਰ ਦੌਰਾਨ ਆਮ ਲੋਕਾਂ ਨੇ ਨਸ਼ੇ 'ਤੇ ਠੱਲ ਪਾਉਣ ਲਈ ਸਿਵਿਲ ਅਤੇ ਪੁਲਸ ਪ੍ਰਸ਼ਾਸਨ ਨੂੰ ਆਪਣੇ ਸੁਝਾਅ ਦਿੱਤੇ ਅਤੇ ਪੁਲਸ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਨਸੀਹਤ ਦਿੱਤੀ। ਲੋਕਾਂ ਵਲੋਂ ਪੇਸ਼ ਕੀਤੇ ਜਾ ਰਹੇ ਸੁਝਾਅ ਬਾਰੇ ਕੇਵਲ ਕ੍ਰਿਸ਼ਨ ਪਟਵਾਰੀ ਨੇ ਕਿਹਾ ਕਿ 2 ਸਾਲਾਂ ਤੋਂ ਸਰਕਾਰ ਵਲੋਂ ਜਾਰੀ ਡੇਪੋ ਪ੍ਰੋਗਰਾਮ ਸਵਾਲਾ ਦੇ ਘੇਰੇ 'ਚ ਹੈ, ਕਿਉਂਕਿ ਸੰਬੰਧਿਤ ਅਧਿਕਾਰੀ ਆਪਣੀਆਂ ਫੋਟੋ ਸੋਸ਼ਲ ਮੀਡੀਆ ਅਤੇ ਅਖਬਾਰਾਂ 'ਚ ਲਗਾਉਣ ਤੱਕ ਹੀ ਸੀਮਿਤ ਹਨ। ਇਸ ਮੌਕੇ ਐੱਸ.ਡੀ.ਐੱਮ. ਕੇਸ਼ਵ ਗੋਇਲ ਨੇ ਕਿਹਾ ਕਿ ਅੱਜ ਵਿਸ਼ਵ ਨਸ਼ਾ ਵਿਰੋਧੀ ਦਿਹਾੜਾ ਸਿਵਿਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਤਾਂਕਿ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਲੋਕਾਂ ਵਲੋਂ ਦਿੱਤੇ ਗਏ ਸੁਝਾਵਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਗੱਲ੍ਹਾਂ ਨੂੰ ਅਣਗੋਲਿਆਂ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ। ਅੰਤ 'ਚ ਐੱਸ.ਡੀ.ਐੱਮ. ਨੇ ਸੈਮੀਨਾਰ 'ਚ ਆਏ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਣ ਲਈ ਸਹੂੰ ਚੁਕਾਈ ਗਈ।


rajwinder kaur

Content Editor

Related News