ਹੜ੍ਹ ਕਾਰਨ ਮਰੇ 2 ਲੋਕਾਂ ਦੇ ਪਰਿਵਾਰਾਂ ਨੂੰ ਮਿਲੀ 4-4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ: ਡੀ.ਸੀ

09/02/2019 12:59:00 PM

ਜਲਾਲਾਬਾਦ (ਨਿਖੰਜ, ਜਤਿੰਦਰ) - ਪੰਜਾਬ ’ਚ ਆਏ ਹੜ੍ਹ ਕਾਰਨ ਗਈਆਂ 2 ਕੀਮਤੀ ਜਾਨਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਨੇ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਢੰਡੀ ਕਦੀਮ ਜਲਾਲਾਬਾਦ ਦੀ ਮੌਤ ਦਰਿਆ ’ਚ ਡੁੱਬਣ ਕਰਕੇ ਅਤੇ ਲੀਲਾ ਦੇਵੀ ਪਤਨੀ ਦਰਸ਼ਨ ਰਾਮ ਪਿੰਡ ਸਰਦਾਰਪੁਰਾ ਦੀ ਮੌਤ ਮੀਂਹ ਕਾਰਨ ਘਰ ਦੀ ਛੱਤ ਡਿੱਗਣ ਕਰਕੇ ਹੋ ਗਈ ਸੀ। ਉਕਤ ਮਿ੍ਰਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ 4-4 ਲੱਖ (ਕੁੱਲ 8 ਲੱਖ) ਮੁਆਵਜ਼ਾ ਦੇ ਦਿੱਤਾ ਗਿਆ ਹੈ। ਡੀ.ਸੀ ਨੇ ਕਿਹਾ ਕਿ ਜ਼ਿਲੇ ’ਚ ਹੜ੍ਹਾਂ ਕਾਰਨ ਕੁਲ 19 ਪਿੰਡ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ 10 ਪਿੰਡ ਹਸਤਾ ਕਲਾਂ, ਘੂਕਕਾ, ਵਲ੍ਹੇ ਸ਼ਾਹ ਉਤਾੜ, ਵਲ੍ਹੇ ਸ਼ਾਹ ਹਿਠਾੜ, ਦੋਨਾਂ ਸਿਕੰਦਰੀ, ਚੱਕ ਰੁਹੇਲਾ, ਰੁਹੇਲਾ ਤੇਜੇ ਕਾ, ਮਹਾਤਮ ਨਗਰ, ਸ਼ਿਕਾਰਪੁਰ (ਕਾਂਵਾਂਵਾਲੀ) ਅਤੇ ਮੁਹਾਰ ਜਮਸੈਦ ਤਹਿਸੀਲ ਫ਼ਾਜ਼ਿਲਕਾ ਨਾਲ ਸਬੰਧਤ ਹਨ। ਇਸੇ ਤਰ੍ਹਾਂ 9 ਪਿੰਡ ਤਹਿਸੀਲ ਪ੍ਰਭਾਤ ਸਿੰਘ ਵਾਲਾ ਹਿਠਾੜ, ਸੰਤੋਖ ਸਿੰਘ ਵਾਲਾ, ਬੱਘੇ ਕੇ ਹਿਠਾੜ, ਢੰਡੀ ਕਦੀਮ, ਢੰਡੀ ਖੁਰਦ, ਪੀਰੇ ਕੇ ਹਿਠਾੜ, ਬੋਦਲੇ ਪੀਰੇ ਕੇ, ਪੀਰੇ ਕੇ ਉਤਾੜ ਅਤੇ ਚੱਕ ਖੀਵਾ, ਜੋ ਜਲਾਲਾਬਾਦ ਨਾਲ ਸਬੰਧਤ ਹਨ, ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। 

ਉਨ੍ਹਾਂ ਦੱਸਿਆ ਇਨ੍ਹਾਂ ਪਿੰਡਾਂ ਦਾ 6810 ਏਕੜ ਰਕਬਾ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ, ਜਿਸ ’ਚੋਂ ਤਹਿਸੀਲ ਫ਼ਾਜ਼ਿਲਕਾ ਦਾ 5150 ਏਕੜ ਅਤੇ ਤਹਿਸੀਲ ਜਲਾਲਾਬਾਦ ਦਾ 1660 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਜ਼ਿਲ੍ਹੇ ਦੇ ਕੁਲ 21 ਮਕਾਨਾਂ ਨੂੰ ਨੁਕਸਾਨ ਹੋਇਆ ਹੈ, ਜਿਨ੍ਹਾਂ ’ਚ 5 ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਜਦਕਿ 14 ਆਮ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ। ਹੜ੍ਹਾਂ ਦਾ ਪਾਣੀ ਦਰਿਆਵਾਂ ਅਤੇ ਨਾਲ ਲੱਗਦੇ ਖੇਤੀਬਾੜੀ ਖੇਤਰ ਤੱਕ ਸੀਮਤ ਰਿਹਾ, ਜਿਸ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹਤਿਆਤੀ ਤੌਰ ‘ਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਤੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਜ਼ਿਲੇ ਦੇ ਵੱਖ-ਵੱਖ ਪਿੰਡਾਂ ’ਚ 16 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭੈਣੀ ਰਾਮ ਸਿੰਘ ਅਤੇ ਪਿੰਡ ਕਾਂਵਾਂ ਵਾਲੀ ਦਰਮਿਆਨ ਕਾਂਵਾਂ ਵਾਲੀ ਪੱਤਣ ਦੇ ਪੁਲ ‘ਤੇ ਡਰੇਨਜ਼ ਵਿਭਾਗ ਵਲੋਂ ਪਾਣੀ ’ਚੋਂ ਸਰਕੰਡਾ ਅਤੇ ਕਲਾਲੀ ਬੂਟੀ ਹਟਾਉਣ ਵਾਸਤੇ ਜੇ.ਸੀ.ਬੀ. ਮਸ਼ੀਨ ਪੱਕੇ ਤੌਰ ‘ਤੇ ਲਾਈ ਗਈ ਹੈ। 

ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ’ਚ 7 ਮੈਡੀਕਲ ਟੀਮਾਂ ਵਲੋਂ ਨਿਰੰਤਰ ਮੈਡੀਕਲ ਜਾਂਚ ਕੈਂਪ ਲਗਾਏ ਗਏ ਹਨ, ਜਿਨ੍ਹਾਂ ’ਚ 1578 ਵਿਅਕਤੀਆਂ ਦਾ ਚੈੱਕਅਪ ਕੀਤਾ ਗਿਆ ਹੈ। ਮਰੀਜ਼ਾਂ ਨੂੰ ਐਲਰਜੀ, ਬੁਖ਼ਾਰ ਅਤੇ ਪਾਣੀ ਤੋਂ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। 2 ਐਂਬੂਲੈਂਸ ਵੈਨਾਂ ਨੂੰ ਪੱਕੇ ਤੌਰ ‘ਤੇ ਹੜ੍ਹਾਂ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਲਈ ਤਾਇਨਾਤ ਕੀਤਾ ਗਿਆ ਹੈ। ਹੜ੍ਹਾਂ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਲਈ 18 ਪਸ਼ੂ ਰਾਹਤ ਕੈਂਪ ਸਥਾਪਿਤ ਕੀਤੇ ਗਏ, ਜਿੱਥੇ 18 ਵੈਟਰਨਰੀ ਟੀਮਾਂ ਹਰ ਸਮੇਂ ਤਾਇਨਾਤ ਹਨ। ਹੜ੍ਹ ਦੇ ਅਸਰ ਹੇਠ ਆਏ ਪਿੰਡਾਂ ਦੇ 1300 ਪਸ਼ੂ ਪ੍ਰਭਾਵਿਤ ਹੋਏ ਹਨ। ਛੱਤਵਾਲ ਨੇ ਕਿਹਾ ਕਿ ਜ਼ਿਲੇ ’ਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਦਰਿਆਈ ਖੇਤਰ ‘ਚ ਪਾਣੀ ਘੱਟਣ ਤੇ ਬੰਨ੍ਹਾਂ ਦੀ ਮਜ਼ਬੂਤੀ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇਗਾ।  


rajwinder kaur

Content Editor

Related News