ਜਲਾਲਾਬਾਦ ਸੀਟ ਜਿੱਤਣ ਲਈ ਕਾਂਗਰਸੀਆਂ ਨੇ ਸ਼ੁਰੂ ਕੀਤੀ ਤਿਆਰੀ
Monday, Jul 01, 2019 - 11:05 AM (IST)

ਜਲਾਲਾਬਾਦ (ਨਾਗਪਾਲ, ਨਿਖੰਜ, ਜਤਿੰਦਰ) – ਜਲਾਲਾਬਾਦ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਦਾਵੇਦਾਰੀ ਪੇਸ਼ ਕਰਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਚੋਣਾਂ ਦੀ ਤਿਆਰੀ ਲਈ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਦਫਤਰ 'ਚ ਸੁਖਵਿੰਦਰ ਸਿੰਘ ਕਾਕਾ ਕੰਬੋਜ ਵਲੋਂ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਚਾਂ, ਸਰਪੰਚਾਂ, ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕਾਕਾ ਕੰਬੋਜ ਦੀ ਝੋਲੀ 'ਚ ਇਸ ਵਾਰ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਟਿਕਟ ਪਾਉਂਦੀ ਹੈ ਤਾਂ ਉਹ ਸਾਰੇ ਕਾਕਾ ਕੰਬੋਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ ਅਤੇ ਉਸ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ। ਆਗੂਆਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਕਾ ਕੰਬੋਜ ਵਰਗੇ ਕਾਂਗਰਸੀ ਪਾਰਟੀ ਦੇ ਈਮਾਨਦਾਰ ਅਤੇ ਨਿਧੜਕ ਆਗੂ ਦੀ ਭਾਲ 'ਚ ਸਨ, ਜੋ ਸਾਰੇ ਵਰਕਰਾਂ ਦੇ ਦੁੱਖ-ਸੁੱਖ ਅਤੇ ਹਰੇਕ ਬਰਦਾਰੀ ਨਾਲ ਉਨ੍ਹਾਂ ਦੇ ਕਾਫੀ ਗੂੜੇ ਸਬੰਧ ਹਨ।
ਇਸ ਮੌਕੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਜਲਾਲਬਾਦ 'ਚੋਂ ਅਕਾਲੀ ਦਲ ਦੇ ਗੜ੍ਹ ਨੂੰ ਤੋੜ ਕੇ ਇਥੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣ। ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਇਸ ਵਾਰ ਜ਼ਿਮਨੀ ਚੋਣ ਦੀ ਟਿਕਟ ਦਿੰਦੀ ਹੈ ਤਾਂ ਉਹ ਜਲਾਲਾਬਾਦ ਵਿਧਾਨ ਸਭਾ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਉਣਗੇ। ਉਨ੍ਹਾਂ ਕਿਹਾ ਕੋਈ ਵੀ ਵਰਕਰ ਭਾਵੇਂ ਅੱਧੀ ਰਾਤ ਨੂੰ ਆਵਾਜ਼ ਮਾਰੇ, ਉਹ ਹਰ ਵਰਕਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ। ਇਸ ਮੌਕੇ ਵਿੱਕੀ ਧਵਨ, ਰਮੇਸ਼, ਬਗੌਰੀਆ, ਬਿੱਟੂ ਸੇਤੀਆ, ਰਾਕੇਸ਼ ਜੁਨੇਜਾ, ਰਕੇਸ਼ ਉਤਰੇਜਾ, ਮੋਨੂੰ ਦੂਮੜਾ, ਗੋਰਾ ਧਮੀਜਾ ਆਦਿ ਪਿੰਡਾਂ ਕਾਂਗਰਸੀ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।