ਜਾਖੜ ਨੇ ਡਾ. ਧਰਮਵੀਰ ਗਾਂਧੀ ਦੀ ਰਵਾਇਤੀ ਨਸ਼ਿਆਂ ਬਾਰੇ ਮੰਗ ਦਾ ਕੀਤਾ ਵਿਰੋਧ

Friday, Jul 27, 2018 - 11:47 AM (IST)

ਜਾਖੜ ਨੇ ਡਾ. ਧਰਮਵੀਰ ਗਾਂਧੀ ਦੀ ਰਵਾਇਤੀ ਨਸ਼ਿਆਂ ਬਾਰੇ ਮੰਗ ਦਾ ਕੀਤਾ ਵਿਰੋਧ

ਚੰਡੀਗੜ੍ਹ (ਭੁੱਲਰ)— ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਲੋਂ ਸਿੰਥੈਟਿਕ ਡਰੱਗਜ਼ ਦੀ ਰੋਕਥਾਮ ਲਈ ਅਫ਼ੀਮ ਤੇ ਭੁੱਕੀ ਵਰਗੇ ਰਵਾਇਤੀ ਨਸ਼ਿਆਂ ਦੀ ਖੇਤੀ ਤੇ ਵਿਕਰੀ ਦੀ ਖੁੱਲ੍ਹ ਦੇਣ ਸਬੰਧੀ ਕੀਤੀ ਜਾ ਰਹੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਸ ਸਬੰਧੀ ਅੱਜ ਇਥੇ ਪੁੱਛੇ ਜਾਣ 'ਤੇ ਕਿਹਾ ਕਿ ਸਿੰਥੈਟਿਕ ਨਸ਼ੇ ਦੀ ਗੱਲ ਨਹੀਂ ਸਗੋਂ ਨਸ਼ਾ ਤਾਂ ਨਸ਼ਾ ਹੀ ਹੁੰਦਾ ਹੈ ਭਾਵੇਂ ਸ਼ਰਾਬ ਹੋਵੇ ਜਾਂ ਫਿਰ ਕੋਈ ਹੋਰ ਰਵਾਇਤੀ ਨਸ਼ਾ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ੇ ਨੂੰ ਦਵਾਈ ਦੇ ਰੂਪ ਵਿਚ ਤਾਂ ਡਾਕਟਰ ਲੋੜ ਮੁਤਾਬਕ ਇਜਾਜ਼ਤ ਦੇ ਸਕਦੇ ਹਨ ਪਰ ਨਸ਼ਿਆਂ ਦੀ ਕਾਨੂੰਨੀ ਤੌਰ 'ਤੇ ਖੁੱਲ੍ਹੇਆਮ ਇਸਤੇਮਾਲ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਚਾਹੁੰਦੀ ਹੈ, ਜਿਸ ਕਰਕੇ ਸਾਰੇ ਨਸ਼ਿਆਂ 'ਤੇ ਹੀ ਕੰਟਰੋਲ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਡਾ. ਗਾਂਧੀ ਕਾਫ਼ੀ ਸਮੇਂ ਤੋਂ ਲਗਾਤਾਰ ਮੁਹਿੰਮ ਚਲਾ ਰਹੇ ਹਨ ਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲ ਕਰ ਚੁੱਕੇ ਹਨ। ਜਿਥੇ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਡਾ. ਗਾਂਧੀ ਦੀ ਮੰਗ ਦਾ ਸਮਰਥਨ ਕੀਤਾ ਗਿਆ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡਾ. ਗਾਂਧੀ ਦੀ ਮੰਗ 'ਤੇ ਵਿਚਾਰ ਲਈ ਰਾਜ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਪਰ ਜਾਖੜ ਨੇ ਬਿਲਕੁਲ ਹੀ ਇਸ ਦੇ ਉਲਟ ਰੁਖ ਅਪਣਾਇਆ ਹੈ।


Related News