ਪੰਜਾਬ ਦੀਆਂ 18 ਜੇਲਾਂ ''ਚੋਂ ਸਾਲ 2019 ਦੌਰਾਨ 1086 ਮੋਬਾਇਲ ਮਿਲੇ

Wednesday, Feb 05, 2020 - 06:09 PM (IST)

ਪੰਜਾਬ ਦੀਆਂ 18 ਜੇਲਾਂ ''ਚੋਂ ਸਾਲ 2019 ਦੌਰਾਨ 1086 ਮੋਬਾਇਲ ਮਿਲੇ

ਨਾਭਾ (ਜੈਨ): ਪੰਜਾਬ ਦੀਆਂ 18 ਜੇਲਾਂ ਵਿਚੋਂ ਸਾਲ 2019 ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਕੁੱਲ 1086 ਮੋਬਾਇਲ ਬਰਾਮਦ ਹੋਏ। ਕੁੱਝ ਜੇਲਾਂ ਵਿਚ ਇਹ ਅੰਕੜਾ ਜਨਵਰੀ 2020 ਵਿਚ ਵਧ ਰਿਹਾ ਹੈ। ਪਿਛਲੇ ਸਾਲ ਫਿਰੋਜ਼ਪੁਰ ਜੇਲ 'ਚੋਂ 109, ਕਪੂਰਥਲਾ ਜੇਲ ਵਿਚੋਂ 107, ਫਰੀਦਕੋਟ ਜੇਲ ਜੇਲ ਵਿਚੋਂ 96, ਅੰਮ੍ਰਿਤਸਰ 'ਚੋਂ 95, ਬਠਿੰਡਾ ਵਿਚੋਂ 66, ਨਾਭਾ ਸਕਿਓਰਿਟੀ ਜੇਲ ਵਿਚੋਂ 29, ਬਰਨਾਲਾ ਜੇਲ 'ਚੋਂ 22, ਪਠਾਨਕੋਟ ਵਿਚੋਂ 2, ਲੁਧਿਆਣਾ ਮਹਿਲਾ ਜੇਲ ਅਤੇ ਬੋਰਸਟਲ ਜੇਲ 'ਚੋਂ ਇਕ-ਇਕ, ਜ਼ਿਲਾ ਜੇਲ ਨਾਭਾ 'ਚੋਂ 37 ਮੋਬਾਇਲ ਬਰਾਮਦ ਹੋਏ ਸਨ। ਸੰਗਰੂਰ ਜੇਲ ਵਿਚ ਵੀ ਹਵਾਲਾਤੀਆਂ ਕੋਲੋਂ 28 ਮੋਬਾਇਲ ਬਰਾਮਦ ਹੋਏ ਸਨ। ਸਭ ਤੋਂ ਵੱਧ ਮੋਬਾਇਲ 338 ਲੁਧਿਆਣਾ ਸੈਂਟਰਲ ਜੇਲ 'ਚੋਂ ਬਰਾਮਦ ਕੀਤੇ ਗਏ ਸਨ। ਵਰਨਣਯੋਗ ਹੈ ਕਿ ਸਤੰਬਰ 2006 'ਚ ਪਹਿਲੀ ਵਾਰੀ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਨਾਭਾ ਵਿਚ ਬੰਦ ਅੱਤਵਾਦੀ ਦਯਾ ਸਿੰਘ ਲਾਹੌਰੀਆ ਪਾਸੋਂ ਮੋਬਾਇਲ ਬਰਾਮਦ ਹੋਇਆ ਸੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਮਿਰਧਾ ਦੇ ਭਤੀਜੇ ਦੇ ਅਗਵਾ ਕਾਂਡ ਅਤੇ ਮਨਿੰਦਰਜੀਤ ਸਿੰਘ ਬਿੱਟਾ 'ਤੇ ਕਾਤਲਾਨਾ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਹਵਾਲਾਤੀ ਸੀ। ਬਾਅਦ 'ਚ ਉਸ ਨੂੰ ਉਮਰ ਕੈਦ ਹੋ ਗਈ ਸੀ ਅਤੇ ਨਵੀਂ ਦਿੱਲੀ ਤਿਹਾੜ ਜੇਲ ਸ਼ਿਫਟ ਕੀਤਾ ਗਿਆ ਸੀ।

ਸੇਵਾਮੁਕਤ ਪੁਲਸ ਕਪਤਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਜੇਲਾਂ ਵਿਚੋਂ ਮੋਬਾਇਲ ਬਰਾਮਦ ਹੋਣਾ ਖਤਰਨਾਕ ਹੈ। ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਬਿਨਾਂ ਮਿਲੀਭੁਗਤ ਦੇ ਮੋਬਾਇਲ ਜੇਲਾਂ ਵਿਚ ਜਾ ਹੀ ਨਹੀਂ ਸਕਦੇ। ਹਰੇਕ ਜੇਲ ਵਿਚ ਐਂਟਰੀ ਗੇਟ ਇਕ ਹੀ ਹੁੰਦਾ ਹੈ, ਜਿਥੇ ਚੈਕਿੰਗ ਹੁੰਦੀ ਹੈ। ਜੇਕਰ ਮੁੱਖ ਗੇਟ 'ਤੇ ਲਾਪਰਵਾਹੀ ਹੋ ਜਾਵੇ ਤਾਂ ਦੂਜੇ ਗੇਟ 'ਚ ਚੈਕਿੰਗ ਸਮੇਂ ਹਵਾਲਾਤੀ ਫੜਿਆ ਜਾ ਸਕਦਾ ਹੈ। ਬੈਰਕਾਂ ਵਿਚ ਮੋਬਾਇਲ ਸਟਾਫ ਰਾਹੀਂ ਹੀ ਪਹੁੰਚ ਸਕਦਾ ਹੈ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ। ਨਾਭਾ ਜੇਲ ਬ੍ਰੇਕ ਕਾਂਡ 27 ਨਵੰਬਰ 2016 ਨੂੰ ਹੋਇਆ। ਉਸ ਤੋਂ ਬਾਅਦ 5 ਦਸੰਬਰ 2018 ਨੂੰ ਸਕਿਓਰਿਟੀ ਜੇਲ 'ਚੋਂ ਕੈਦੀ ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸਲੇਮਗੜ੍ਹ ਫਰਾਰ ਹੋ ਗਿਆ ਸੀ। ਉਸ ਖਿਲਾਫ 9 ਦਸੰਬਰ 2007 ਨੂੰ ਸਦਰ ਥਾਣਾ ਸਮਾਣਾ, 15 ਮਾਰਚ 2012 ਨੂੰ ਪਟਿਆਲਾ ਅਰਬਨ ਅਸਟੇਟ ਥਾਣਾ ਅਤੇ 13 ਦਸੰਬਰ 2016 ਨੂੰ ਸਦਰ ਨਾਭਾ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲੇ ਦਰਜ ਹੋਏ। ਪਿਛਲੇ ਸਾਲ 22 ਜੂਨ ਨੂੰ ਨਾਭਾ ਜੇਲ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਦਿਨ-ਦਿਹਾੜੇ ਹੱਤਿਆ ਹੋਈ। ਲੁਧਿਆਣਾ ਜੇਲ 'ਚ ਫਾਇਰਿੰਗ ਹੋਈ। 2 ਹਵਾਲਾਤੀ ਮਾਰੇ ਗਏ। ਸੰਗਰੂਰ ਜੇਲ ਅਤੇ ਨਾਭਾ ਜੇਲ ਦੇ ਗੈਂਗਸਟਰਾਂ ਤੇ ਹਵਾਲਾਤੀਆਂ ਨੇ ਜੇਲਰਾਂ 'ਤੇ ਗੰਭੀਰ ਦੋਸ਼ ਲਾਏ। ਅੰਮ੍ਰਿਤਸਰ ਜੇਲ 'ਚੋਂ ਤਿੰਨ ਦਿਨ ਪਹਿਲਾਂ 3 ਹਵਾਲਾਤੀ ਫਰਾਰ ਹੋ ਗਏ। ਸਰਕਾਰ ਨੇ ਕਿਸੇ ਵੀ ਸੀਨੀਅਰ ਜੇਲ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਕੀਤੀ, ਜਿਸ ਨਾਲ ਗੈਂਗਸਟਰਾਂ ਦੇ ਹੌਸਲੇ ਵਧ ਗਏ ਹਨ। ਪਟਿਆਲਾ ਸੈਂਟਰਲ ਜੇਲ 'ਚੋਂ ਪਿਛਲੇ ਸਾਲ 72 ਮੋਬਾਇਲ ਬਰਾਮਦ ਹੋਏ ਸਨ ਜਦੋਂ ਕਿ ਜਨਵਰੀ 2020 'ਚ 30 ਮੋਬਾਇਲ ਬਰਾਮਦ ਹੋਏ। ਇਸ ਜੇਲ 'ਚ ਬਲਵੰਤ ਸਿੰਘ ਰਾਜੋਆਣਾ ਬੰਦ ਹਨ। ਇੰਜ ਹੀ ਨਾਭਾ ਜੇਲ ਵਿਚ ਜੈਮਰ ਚਿੱਟਾ ਹਾਥੀ ਬਣ ਗਿਆ ਅਤੇ ਜਨਵਰੀ 'ਚ 20 ਤੋਂ ਵੱਧ ਮੋਬਾਇਲ ਦੋਵੇਂ ਜੇਲਾਂ 'ਚੋਂ ਮਿਲੇ। ਇੱਥੇ ਦੋ ਦਰਜਨ ਗੈਂਗਸਟਰ ਜੇਲ ਵਿਚ ਬੰਦ ਹਨ। ਇਸ ਸਮੇਂ ਜੇਲ ਮੰਤਰੀ ਰੰਧਾਵਾ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਨਿਸ਼ਾਨਾ ਭਾਵੇਂ ਸਿਆਸਤ ਤੋਂ ਪ੍ਰੇਰਿਤ ਹੋ ਸਕਦਾ ਹੈ ਪਰ ਸਰਕਾਰ ਦਾ ਫਰਜ਼ ਹੈ ਕਿ ਜੈਮਰਾਂ ਨੂੰ ਅਪਡੇਟ ਕਰ ਕੇ ਮੋਬਾਇਲਾਂ ਦੀ ਵਰਤੋਂ ਬੰਦ ਕਰਵਾਏ।


author

Shyna

Content Editor

Related News