ਸੈਕਟਰ-22 ''ਚ ਛੇਤੀ ਖੁੱਲ੍ਹੇਗਾ ਬੁੜੈਲ ਮਾਡਲ ਜੇਲ ਦਾ ਸ਼ੋਅਰੂਮ

Wednesday, Jun 27, 2018 - 06:38 AM (IST)

ਸੈਕਟਰ-22 ''ਚ ਛੇਤੀ ਖੁੱਲ੍ਹੇਗਾ ਬੁੜੈਲ ਮਾਡਲ ਜੇਲ ਦਾ ਸ਼ੋਅਰੂਮ

ਚੰਡੀਗੜ੍ਹ, (ਸੰਦੀਪ)- ਸੈਕਟਰ-22 ਸਥਿਤ ਸ਼ਹਿਰ ਦੀ ਮਾਰਕੀਟ 'ਚ ਛੇਤੀ ਹੀ ਜੇਲ ਮੈਨੇਜਮੈਂਟ ਵਲੋਂ ਸ਼ੋਅਰੂਮ ਖੋਲ੍ਹਿਆ ਜਾ ਰਿਹਾ ਹੈ। ਜੇਲ 'ਚ ਬੰਦ ਕੈਦੀਆਂ ਵਲੋਂ ਉਥੇ ਤਿਆਰ ਕੀਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਸ ਸ਼ੋਅਰੂਮ 'ਚ ਆਮ ਲੋਕਾਂ 'ਚ ਵਿਕਰੀ ਲਈ ਰੱਖਿਆ ਜਾਵੇਗਾ ਤੇ ਲੋਕ ਸ਼ੋਅਰੂਮ 'ਚ ਆ ਕੇ ਜੇਲ 'ਚ ਤਿਆਰ ਕੀਤੇ ਜਾਣ ਵਾਲੇ ਵਧੀਆ ਫਰਨੀਚਰ ਤੋਂ ਲੈ ਕੇ ਖਾਣ-ਪੀਣ ਦੇ ਸਾਮਾਨ ਦੀ ਖਰੀਦਦਾਰੀ ਕਰ ਸਕਣਗੇ। ਇਸ ਸਭ ਲਈ ਲੋਕਾਂ ਨੂੰ ਜੇਲ ਵਾਲੇ ਪਾਸੇ ਜਾਣ ਦੀ ਖੇਚਲ ਵੀ ਨਹੀਂ ਕਰਨੀ ਹੋਵੇਗੀ ਕਿਉਂਕਿ ਇਹ ਸਭ ਹੁਣ ਉਨ੍ਹਾਂ ਨੂੰ ਆਪਣੀ ਪਸੰਦੀਦਾ ਮਾਰਕੀਟ 'ਚ ਹੀ ਉਪਲਬਧ ਹੋ ਜਾਵੇਗਾ। 
ਆਈ. ਜੀ. ਜੇਲ ਓ. ਪੀ. ਮਿਸ਼ਰਾ ਦੀ ਮੰਨੀਏ ਤਾਂ ਸੈਕਟਰ-22 ਵਿਚ ਸ਼ੋਅਰੂਮ ਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ, ਕੰਮ ਪੂਰਾ ਹੁੰਦੇ ਹੀ ਇਸ ਸ਼ੋਅਰੂਮ ਨੂੰ ਜੇਲ ਵਿਚ ਤਿਆਰ ਚੀਜ਼ਾਂ ਦੀ ਵਿਕਰੀ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪਹਿਲ ਨਾਲ ਲੋਕ ਹੁਣ ਕੈਦੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਬਾਜ਼ਾਰ 'ਚੋਂ ਹੀ ਖਰੀਦਦਾਰੀ ਕਰ ਸਕਣਗੇ।  
10 ਸਾਲ ਪਹਿਲਾਂ ਅਲਾਟ ਕਰਵਾਇਆ ਸੀ ਪ੍ਰਸ਼ਾਸਨ ਤੋਂ ਸ਼ੋਅਰੂਮ  
ਆਈ. ਜੀ. ਜੇਲ ਨੇ ਦੱਸਿਆ ਕਿ ਜੇਲ ਮੈਨੇਜਮੈਂਟ ਨੇ 10 ਸਾਲ ਪਹਿਲਾਂ ਪ੍ਰਸ਼ਾਸਨ ਤੋਂ ਇਹ ਸ਼ੋਅਰੂਮ ਅਲਾਟ ਕਰਵਾਇਆ ਸੀ, ਜਿਸ ਨਾਲ ਕਿ ਜੇਲ 'ਚ ਤਿਆਰ ਕੀਤੇ ਜਾਣ ਵਾਲੇ ਫਰਨੀਚਰ ਨੂੰ ਇਥੇ ਵਿਕਰੀ ਲਈ ਸੰਜੋਇਆ ਜਾ ਸਕੇ ਪਰ ਕੁਝ ਕਾਰਨਾਂ ਕਰ ਕੇ ਉਦੋਂ ਤੋਂ ਲੈ ਕੇ ਹੁਣ ਤਕ ਇਹ ਸ਼ੋਅਰੂਮ ਜਿਹੜੀ ਯੋਜਨਾ ਲਈ ਅਲਾਟ ਕਰਵਾਇਆ ਗਿਆ ਸੀ, ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਸੀ। 
ਹਾਲ ਹੀ 'ਚ ਇਸ ਸ਼ੋਅਰੂਮ ਨੂੰ ਓਪਨ ਕੀਤੇ ਜਾਣ ਲਈ ਕੋਸ਼ਿਸ਼ ਕੀਤੀ ਗਈ ਹੈ, ਜਿਸਦਾ ਨਤੀਜਾ ਇਹ ਹੈ ਕਿ ਸ਼ੋਅਰੂਮ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਛੇਤੀ ਹੀ ਸ਼ੋਅਰੂਮ ਤਿਆਰ ਹੋ ਜਾਵੇਗਾ। ਇਸ ਤੋਂ ਬਾਅਦ ਇਸ ਸ਼ੋਅਰੂਮ ਵਿਚ ਜੇਲ ਵਿਚ ਕੈਦੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਿਕਰੀ ਲਈ ਰੱਖਿਆ ਜਾਵੇਗਾ।  
ਬਾਜ਼ਾਰ ਤੋਂ ਘੱਟ ਕੀਮਤਾਂ 'ਤੇ ਉਪਲਬਧ ਹੋਣਗੀਆਂ ਚੀਜ਼ਾਂ 
ਜੇਲ ਵਿਚ ਫਰਨੀਚਰ ਤਿਆਰ ਕਰਨ ਲਈ ਬਾਕਾਇਦਾ ਇਕ ਵਰਕਸ਼ਾਪ ਬਣਾਈ ਗਈ ਹੈ ਤੇ ਇਸ ਵਿਚ ਲੱਕੜ ਦਾ ਫਰਨੀਚਰ ਬਣਾਇਆ ਜਾਂਦਾ ਹੈ। ਇਥੇ ਬਣਾਏ ਜਾਣ ਵਾਲੇ ਫਰਨੀਚਰ ਦੀ ਮੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਸਰਕਾਰੀ ਸਕੂਲਾਂ ਤੇ ਸੰਸਥਾਵਾਂ ਲਈ ਇਥੋਂ ਕਰੋੜਾਂ ਰੁਪਏ ਦਾ ਫਰਨੀਚਰ ਤਿਆਰ ਕਰਵਾਇਆ ਜਾਂਦਾ ਹੈ, ਜਿਸ ਨਾਲ ਹਰ ਸਾਲ ਜੇਲ ਮੈਨੇਜਮੈਂਟ ਨੂੰ ਕਰੋੜਾਂ ਰੁਪਏ ਦੀ ਕਮਾਈ ਵੀ ਹੁੰਦੀ ਹੈ ਪਰ ਹੁਣ ਇਹ ਫਰਨੀਚਰ ਆਮ ਲੋਕਾਂ ਲਈ ਜੇਲ 'ਚ ਬਣੇ ਸ਼ਾਪਿੰਗ ਕੰਪਲੈਕਸ 'ਚ ਉਪਲਬਧ ਹੈ ਤੇ ਸ਼ੋਅਰੂਮ ਖੁੱਲ੍ਹਣ ਤੋਂ ਬਾਅਦ ਇਹ ਫਰਨੀਚਰ ਇਥੇ ਵੀ ਵਿਕਰੀ ਲਈ ਉਪਲਬਧ ਹੋਵੇਗਾ। 
ਅਧਿਕਾਰੀਆਂ ਦੀ ਮੰਨੀਏ ਤਾਂ ਇਸ ਫਰਨੀਚਰ ਦੀ ਕੀਮਤ ਬਾਜ਼ਾਰ 'ਚ ਉਪਲਬਧ ਫਰਨੀਚਰ ਤੋਂ ਬਹੁਤ ਘੱਟ ਰੱਖੀ ਹੋਈ ਹੈ ਤੇ ਫਰਨੀਚਰ ਵੀ ਵਧੀਆ ਕੁਆਲਿਟੀ ਦਾ ਹੈ। ਉਥੇ ਹੀ ਫਰਨੀਚਰ ਦੀ ਤਰ੍ਹਾਂ ਹੀ ਜੇਲ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਥਾਲੀਆਂ, ਬੇਕਰੀ ਪ੍ਰੋਡਕਟਸ, ਹਰਬਲ ਗੁਲਾਲ ਵੀ ਬਾਜ਼ਾਰ ਤੋਂ ਘੱਟ ਕੀਮਤਾਂ ਵਿਚ ਇਥੇ ਆਮ ਲੋਕਾਂ ਨੂੰ ਉਪਲਬਧ ਕਰਵਾਏ ਜਾਣਗੇ।  
ਆਨਲਾਈਨ ਵਿਕਰੀ ਵੀ ਸ਼ੁਰੂ 
ਬਦਲਦੇ ਸਮੇਂ ਨਾਲ ਜੇਲ ਮੈਨੇਜਮੈਂਟ ਨੇ ਆਪਣੀਆਂ ਚੀਜ਼ਾਂ ਦੀ ਵਿਕਰੀ ਲਈ ਆਧੁਨਿਕ ਤਰੀਕੇ ਅਪਣਾ ਲਏ ਹਨ, ਜਿਵੇਂ ਕਿ ਹਾਲ 'ਚ ਹੀ ਜੇਲ ਨੇ ਆਪਣੀ ਵੈੱਬਸਾਈਟ ਤਿਆਰ ਕੀਤੀ ਹੈ, ਜਿਸ 'ਚ ਜੇਲ ਮੈਨੇਜਮੈਂਟ ਨਾਲ ਸਬੰਧਤ ਹਰ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਉਪਲਬਧ ਕੀਤੀ ਗਈ ਹੈ। ਇਸਦੇ ਨਾਲ ਆਪਣੇ ਉਤਪਾਦਨਾਂ ਦੀ ਵਿਕਰੀ ਲਈ ਆਨਲਾਈਨ ਸਹੂਲਤ ਵੀ ਸ਼ੁਰੂ ਕੀਤੀ ਹੈ। 
ਇਸ ਸਹੂਲਤ ਦੇ ਸ਼ੁਰੂ ਕੀਤੇ ਜਾਣ ਨਾਲ ਹੁਣ ਕੋਈ ਵੀ ਵਿਅਕਤੀ ਜੇਲ 'ਚ ਉਪਲਬਧ ਚੀਜ਼ਾਂ ਤੇ ਉਸ ਦੀਆਂ ਕੀਮਤਾਂ ਨੂੰ ਵੇਖ ਕੇ ਆਨਲਾਈਨ ਹੀ ਉਨ੍ਹਾਂ ਦਾ ਆਰਡਰ ਦੇ ਸਕਦਾ ਹੈ। ਹੋਮ ਡਲਿਵਰੀ ਲਈ ਮੈਨੇਜਮੈਂਟ ਵਲੋਂ 2 ਮੋਟਰਸਾਈਕਲਾਂ 'ਤੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਆਈ. ਜੀ. ਜੇਲ ਦੀ ਮੰਨੀਏ ਤਾਂ ਇਸ ਸਹੂਲਤ ਦੇ ਸ਼ੁਰੂ ਕੀਤੇ ਜਾਣ ਨਾਲ ਚੀਜ਼ਾਂ ਦੇ ਆਨਲਾਈਨ ਆਰਡਰ ਆਉਣੇ ਸ਼ੁਰੂ ਹੋ ਗਏ ਹਨ, ਜਿਸਦੇ ਨਾਲ ਦੀ ਵਿਕਰੀ 'ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਸਹੂਲਤ ਦੇ ਚੰਗੇ ਨਤੀਜਿਆਂ ਨੂੰ ਵੇਖਦੇ ਹੋਏ ਛੇਤੀ ਹੀ ਹੋਮ ਡਲਿਵਰੀ ਲਈ ਹੋਰ ਮੋਟਰਸਾਈਕਲ ਲਏ ਜਾਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੁੜੈਲ ਜੇਲ ਦੇਸ਼ ਦੀ ਅਜਿਹੀ ਪਹਿਲੀ ਜੇਲ ਹੈ ਜਿਸ ਵਿਚ ਆਨਲਾਈਨ ਚੀਜ਼ਾਂ ਦੀ ਵਿਕਰੀ ਸ਼ੁਰੂ ਕੀਤੀ ਗਈ ਹੈ ਤੇ ਇਸਦਾ ਆਪਣਾ ਸ਼ੋਅਰੂਮ ਸ਼ਹਿਰ ਦੀ ਮਾਰਕੀਟ ਵਿਚ ਹੋਵੇਗਾ।   
ਜੇਲ ਮੈਨੇਜਮੈਂਟ ਵਲੋਂ ਛੇਤੀ ਹੀ ਸੈਕਟਰ-22 ਵਿਚ ਇਕ ਸ਼ੋਅਰੂਮ ਖੋਲ੍ਹਿਆ ਜਾ ਰਿਹਾ ਹੈ। ਜੇਲ 'ਚ ਕੈਦੀਆਂ ਵਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਚੰਗੀ ਕੁਆਲਿਟੀ ਦੀਆਂ ਚੀਜ਼ਾਂ ਠੀਕ ਕੀਮਤਾਂ 'ਤੇ ਵਿਕਰੀ ਲਈ ਇਸ ਸ਼ੋਅਰੂਮ ਵਿਚ ਰੱਖੀਆਂ ਜਾਣਗੀਆਂ, ਜਿਸ ਨਾਲ ਕਿ ਲੋਕ ਸ਼ਹਿਰ ਦੀ ਅਮਾਨਤ ਮੰਨੇ ਜਾਣ ਵਾਲੇ ਬਾਜ਼ਾਰ 'ਚ ਜੇਲ ਵਿਚ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਖਰੀਦਦਾਰੀ ਕਰ ਸਕਣ।  
-ਓ. ਪੀ.  ਮਿਸ਼ਰਾ,  ਆਈ. ਜੀ. ਬੁੜੈਲ ਮਾਡਲ ਜੇਲ  


Related News