ਪ੍ਰੈਸ਼ਰ ਹਾਰਨ ਬਣਾਉਣ, ਲਾਉਣ ਤੇ ਵਰਤੋਂ ''ਤੇ ਹੋਵੇਗੀ 6 ਸਾਲ ਦੀ ਸਜ਼ਾ

Wednesday, Sep 20, 2017 - 04:00 AM (IST)

ਪ੍ਰੈਸ਼ਰ ਹਾਰਨ ਬਣਾਉਣ, ਲਾਉਣ ਤੇ ਵਰਤੋਂ ''ਤੇ ਹੋਵੇਗੀ 6 ਸਾਲ ਦੀ ਸਜ਼ਾ

ਜਲੰਧਰ(ਪੁਨੀਤ)-ਪ੍ਰੈਸ਼ਰ ਹਾਰਨ ਨੂੰ ਲੈ ਕੇ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਨੇ ਨਿਯਮ ਸਖ਼ਤ ਕਰਦਿਆਂ ਪ੍ਰੈਸ਼ਰ ਹਾਰਨ ਬਣਾਉਣ, ਉਸ ਨੂੰ ਵਾਹਨਾਂ 'ਤੇ ਫਿੱਟ ਕਰਨ ਤੇ ਉਸ ਦੀ ਵਰਤੋਂ ਕਰਨ 'ਤੇ 6 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ ਤੇ 5000 ਰੁਪਏ ਜੁਰਮਾਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ-ਨਾਲ ਬੁਲੇਟ 'ਤੇ ਪਟਾਕੇ ਪਾਉਣ ਤੇ ਕਿਸੇ ਵੀ ਵਾਹਨ 'ਤੇ ਸਾਇਰਨ, ਕਈ ਤਰ੍ਹਾਂ ਦੇ ਹਾਰਨ ਵਾਲੇ ਇੰਸਟਰੂਮੈਂਟ ਲਾਉਣ 'ਤੇ ਵੀ 5000 ਰੁਪਏ ਜੁਰਮਾਨੇ ਦੇ ਨਾਲ-ਨਾਲ 6 ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਵਲੋਂ ਅੰਡਰ ਐਕਟ 1981 ਦੇ ਸੈਕਟਰ 31ਏ ਦੇ ਤਹਿਤ ਬੀਤੇ ਦਿਨੀਂ ਜਾਰੀ ਕੀਤੇ ਗਏ ਹੁਕਮ ਮੁਤਾਬਕ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਇਸਦੇ ਮੁਤਾਬਕ ਕੋਈ ਵਿਅਕਤੀ, ਹਾਰਨ ਆਦਿ ਬਣਾਉਣ ਵਾਲੀ ਕੋਈ ਕੰਪਨੀ, ਇਸ ਦੀ ਫਿਟਿੰਗ ਕਰਨ ਵਾਲੇ ਜਾਂ ਪਟਾਕੇ ਵਾਲੇ ਸਾਇਲੈਂਸਰ ਦੀ ਵਰਤੋਂ, ਮੋਟਰਸਾਈਕਲਾਂ 'ਤੇ ਆਵਾਜ਼ ਕੱਢਣ ਵਾਲੀਆਂ ਡਿਵਾਈਸ ਲਾਉਣ 'ਤੇ ਰੋਕ ਰਹੇਗੀ। ਜਨਤਾ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਵੇਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ। ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਹੁਕਮ ਮਿਲੇ ਹਨ। ਵਿਭਾਗ ਦੇ ਐਕਸੀਅਨ ਅਰੁਣ ਕੱਕੜ ਨੇ ਕਿਹਾ ਕਿ ਜਾਰੀ ਹੁਕਮਾਂ ਕਾਰਨ 1 ਅਕਤੂਬਰ ਤੋਂ ਟੀਮਾਂ ਬਣਾ ਕੇ ਟ੍ਰੈਫਿਕ ਪੁਲਸ ਦੇ ਨਾਲ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਕੇ ਸਪੈਸ਼ਲ ਚੈਕਿੰਗ ਕਰਵਾਈ ਜਾਵੇਗੀ। ਇਸ ਦੌਰਾਨ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਤੇ ਨਿਯਮਾਂ ਅਧੀਨ ਲੋੜ ਪੈਣ 'ਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ 6 ਸਾਲ ਤੱਕ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਜਾਵੇਗੀ ਤਾਂ ਜੋ ਇਸ ਵਿਸ਼ੇ ਨੂੰ ਸਖ਼ਤੀ ਨਾਲ ਲਾਗੂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨਿਯਮ ਤੋੜਨ ਵਾਲਿਆਂ ਦਾ ਲਾਇਸੈਂਸ ਵੀ ਪੰਚ ਕਰਵਾਇਆ ਜਾਵੇਗਾ ਤਾਂ ਜੋ ਪ੍ਰੈਸ਼ਰ ਹਾਰਨ ਵਰਤਣ ਵਾਲਿਆਂ ਦਾ ਰਿਕਾਰਡ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸਮੁੱਚੇ ਪੰਜਾਬ ਵਿਚ ਚੱਲੀ ਮੁਹਿੰਮ ਦੇ ਤਹਿਤ ਹਜ਼ਾਰਾਂ ਪ੍ਰੈਸ਼ਰ ਹਾਰਨ ਉਤਰਵਾਏ ਗਏ ਸਨ ਪਰ ਇਸਦੇ ਬਾਵਜੂਦ ਅਜਿਹੀਆਂ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਕੁਝ ਲੋਕ ਅਜੇ ਵੀ ਪ੍ਰੈਸ਼ਰ ਹਾਰਨ ਦੀ ਵਰਤੋਂ ਕਰ ਰਹੇ ਹਨ, ਜਿਸ ਕਾਰਨ ਵਿਭਾਗੀ ਅਧਿਕਾਰੀਆਂ ਵਲੋਂ ਇਨ੍ਹਾਂ 'ਤੇ ਸਖ਼ਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।


Related News