ਜੇਲ ''ਚ ਖੋਦਾਈ ਕਰ ਕੇ ਕੈਦੀਆਂ ਨੇ ਲੱਭੇ ਫਿਰ 5 ਮੋਬਾਇਲ
Wednesday, Jul 19, 2017 - 05:58 AM (IST)
ਲੁਧਿਆਣਾ(ਸਿਆਲ)-ਏ. ਡੀ. ਜੀ. ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੁਲਾਈ ਮਹੀਨੇ ਵਿਚ ਦੂਜੀ ਵਾਰ ਤਾਜਪੁਰ ਰੋਡ ਦੀ ਸੈਂਟਰਲ ਜੇਲ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੁਪਰਡੈਂਟ ਐੱਸ. ਪੀ. ਖੰਨਾ ਦੀ ਅਗਵਾਈ ਵਿਚ 5 ਘੰਟੇ ਤੱਕ ਚੱਲੀ ਤਲਾਸ਼ੀ ਮੁਹਿੰਮ 'ਚ ਟੀਮ ਨੇ ਜੇਲ ਦਾ ਚੱਪਾ-ਚੱਪਾ ਛਾਣ ਦਿੱਤਾ। ਟੀਮ 'ਚ ਸ਼ਾਮਲ ਕੀਤੇ ਕੈਦੀਆਂ ਵੱਲੋਂ ਜੇਲ 'ਚ ਖੋਦਾਈ ਦੌਰਾਨ 5 ਲਾਵਾਰਿਸ ਮੋਬਾਇਲ ਫੋਨ ਅਤੇ ਬੈਟਰੀਆਂ ਬਰਾਮਦ ਕੀਤੀਆਂ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 2 ਜੁਲਾਈ ਨੂੰ ਡੀ. ਆਈ. ਜੀ. ਲਖਵਿੰਦਰ ਸਿੰਘ ਨੇ ਲੁਧਿਆਣਾ ਦੇ 4 ਦੇ ਕਰੀਬ ਏ. ਡੀ. ਸੀ. ਪੀ., ਏ. ਸੀ. ਪੀ. ਅਤੇ 13 ਐੱਸ. ਐੱਚ. ਓਜ਼ ਦੀ ਅਗਵਾਈ ਵਿਚ 400 ਪੁਲਸ ਕਰਮਚਾਰੀਆਂ ਨੂੰ ਲੈ ਕੇ ਉਕਤ ਜੇਲ 'ਚ ਲਗਭਗ ਸਾਢੇ 3 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਵਿਚ ਉਨ੍ਹਾਂ ਨੇ 2 ਮੋਬਾਇਲ ਬਰਾਮਦ ਕੀਤੇ ਸਨ।
'ਪ੍ਰਿਜ਼ਨ ਕਾਲ ਸਿਸਟਮ' ਸਹਾਇਕ ਸੁਪਰਡੈਂਟ ਦੀ ਜ਼ਿੰਮੇਵਾਰੀ
ਐੱਸ. ਪੀ. ਖੰਨਾ ਨੇ ਦੱਸਿਆ ਕਿ ਜੇਲ ਦੀਆਂ ਮੁੱਖ ਬੈਰਕਾਂ ਦੇ ਬਾਹਰ ਲੱਗੇ 'ਪ੍ਰਿਜ਼ਨ ਕਾਲ ਸਿਸਟਮ' ਦੀ ਜ਼ਿੰਮੇਵਾਰੀ ਹੁਣ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਇਥੇ ਬੰਦੀ ਆਪਣੇ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰਦੇ ਹਨ ਅਤੇ ਇਸ ਕਾਲ ਦੇ ਲਈ ਉਨ੍ਹਾਂ ਨੂੰ ਪੈਸੇ ਅਦਾ ਕਰਨੇ ਪੈਂਦੇ ਹਨ। ਕਾਲਿੰਗ ਦਾ ਸਮਾਂ ਸਿਰਫ 5 ਮਿੰਟ ਦਾ ਹੁੰਦਾ ਹੈ। 1 ਦਿਨ ਦੀ ਕਾਲ ਕਰਨ ਦੀ ਗਿਣਤੀ 800 ਦੇ ਕਰੀਬ ਆਂਕੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਸਿਸਟਮ ਨਾਲ ਕਿਸ ਨੂੰ, ਕਿੱਥੇ ਅਤੇ ਕਿੰਨੀ ਦੇਰ ਗੱਲ ਹੋ ਰਹੀ ਹੈ, ਸਭ ਕੁਝ ਨੋਟ ਹੁੰਦਾ ਹੈ। ਇਸ ਸਿਸਟਮ ਨਾਲ ਫੋਨ ਕਰਨ ਲਈ ਕੈਦੀਆਂ ਦਾ ਅਕਾਊਂਟ ਖੋਲ੍ਹਣਾ ਪੈਂਦਾ ਹੈ ਅਤੇ ਨਾਲ ਹੀ ਕਾਲ ਦੌਰਾਨ ਕੈਦੀ ਦਾ ਪੂਰਾ ਰਿਕਾਰਡ ਲਿਖਣਾ ਪੈਂਦਾ ਹੈ। ਇਸ ਲਈ ਇਹ ਜ਼ਿੰਮੇਵਾਰੀ ਹੁਣ ਸਹਾਇਕ ਸੁਪਰਡੈਂਟ ਦੇ ਮੋਢਿਆਂ 'ਤੇ ਪਾਈ ਗਈ ਹੈ।
ਕੈਦੀਆਂ ਨੂੰ ਦਿੱਤਾ 100-100 ਰੁਪਏ ਦਾ ਇਨਾਮ
ਜੇਲ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਦੌਰਾਨ ਜੁਟੇ ਰਹੇ 30 ਕੈਦੀਆਂ ਨੂੰ 100-100 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਜੇਲ ਸੁਪਰਡੈਂਟ ਨੇ ਦੱਸਿਆ ਕਿ ਉਕਤ ਕੈਦੀ ਆਪਣੇ ਸਾਥੀਆਂ ਦੀ ਹਰਕਤ ਨੂੰ ਲਗਭਗ ਜਾਣਦੇ ਹੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੈਦੀਆਂ ਨੇ ਮੋਬਾਇਲ ਫੋਨ ਲੱਭਣ 'ਚ ਪੂਰੀ ਮਦਦ ਕੀਤੀ, ਜਿਸ ਦੇ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਸ਼ਨੀਵਾਰ ਨੂੰ ਜੇਲ ਤੋਂ ਮਿਲੇ ਸੀ 3 ਸਮਾਰਟ ਫੋਨ
ਦੱਸ ਦੇਈਏ ਕਿ ਸ਼ਨੀਵਾਰ ਨੂੰ ਜੇਲ ਪ੍ਰਸ਼ਾਸਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਤਲੁਜ ਬਲਾਕ ਦੀ ਬੈਰਕ ਨੰਬਰ 4 ਤੋਂ ਹਵਾਲਾਤੀ ਰਜਿੰਦਰ ਲਾਲ ਅਤੇ ਸੰਜੀਵ ਕੁਮਾਰ ਕੋਲੋਂ 3 ਸਮਾਰਟ ਫੋਨ ਬਰਾਮਦ ਕੀਤੇ ਸਨ। ਇਹ ਬੰਦੀ ਜੇਲ ਦੇ ਅੰਦਰ ਹੀ ਹਰ ਸੀਕ੍ਰੇਸੀ ਨੂੰ ਸਮਾਰਟ ਫੋਨ 'ਚ ਕੈਦ ਕਰ ਕੇ ਬਾਹਰ ਆਪਣੇ ਸਾਥੀਆਂ ਨੂੰ ਭੇਜਦੇ ਸਨ। ਜੋ ਜੇਲ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦਾ ਸੀ। ਗੱਲ ਕਰਨ 'ਤੇ ਸੁਪਰਡੈਂਟ ਨੇ ਦੱਸਿਆ ਕਿ ਮਾਮਲਾ ਪੁਲਸ ਨੂੰ ਭੇਜਣ ਉਪਰੰਤ ਉਹ ਖੁਦ ਗੰਭੀਰਤਾ ਨਾਲ ਜਾਂਚ 'ਚ ਜੁਟੇ ਹੋਏ ਹਨ।
