ਜੇਲ ਪ੍ਰਸਾਸ਼ਨ ਚਲਾਈ ਤਲਾਸ਼ੀ ਮੁਹਿੰਮ, ਛੇ ਮੋਬਾਇਲ ਬਰਾਮਦ, 9 ਖ਼ਿਲਾਫ ਕੇਸ ਦਰਜ
Saturday, Apr 16, 2022 - 03:15 PM (IST)
ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਛੇ ਮੋਬਾਇਲ ਬਰਾਮਦ ਹੋਏ ਹਨ। ਇਸ ਵਿਚ ਦੋ ਵੱਖ-ਵੱਖ ਕੇਸਾਂ ਵਿਚ ਕੁੱਲ 9 ਵਿਅਕਤੀਆਂ ਖ਼ਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ। ਪਹਿਲੇ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਤੋਂ ਤਲਾਸ਼ੀ ਦੌਰਾਨ ਇਕ ਮੋਬਾਇਲ ਬਰਾਮਦ ਹੋਇਆ। ਇਸ ਮਾਮਲੇ ਵਿਚ ਥਾਣਾ ਤ੍ਰਿਪੜ ਦੀ ਪੁਲਸ ਨੇ ਜੇਲ ਸਹਾਇਕ ਸੁਪਰਡੈਂਟ ਨਵਦੀਪ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਕਲਵਾਨੂੰ ਥਾਣਾ ਘੱਗਾ, ਜਗਦੀਸ਼ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਸੈਦੀਪੁਰ, ਹਵਾਲਾਤੀ ਜਤਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਅਹਿਮਗੜ੍ਹ ਮੰਡੀ ਜ਼ਿਲ੍ਹਾ ਸੰਗਰੂਰ, ਸਤਨਾਮ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਚੋਰਾ ਥਾਣਾ ਅਰਬਨ ਅਸਟੇਟ ਪਟਿਆਲਾ ਖ਼ਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸਾਸਨ ਮੁਤਾਬਕ ਬਲਵਿੰਦਰ ਸਿੰਘ ਦੀ ਜਿਸਮਾਨੀ ਤਲਾਸ਼ੀ ਦੌਰਾਨ ਇਕ ਮੋਬਾਇਲ ਬਰਾਮਦ ਹੋਇਆ ਸੀ। ਪੜਤਾਲ ਦੌਰਾਨ ਪਤਾ ਲੱਗਾ ਕਿ ਬਲਵਿੰਦਰ ਸਿੰਘ ਅਤੇ ਜਗਦੀਸ਼ ਸਿੰਘ ਨੇ ਮਿਲੀ ਭੁਗਤ ਕਰਕੇ ਬਾਹਰੋਂ ਫੋਨ ਸਤਨਾਮ ਸਿੰਘ ਤੋਂ ਸੁੱਟਵਾਇਆ ਸੀ ਅਤੇ ਜਤਿੰਦਰ ਸਿੰਘ ਨੇ ਵੀ ਸਤਨਾਮ ਸਿੰਘ ਤੋਂ ਬਾਹਰੋਂ ਸੁੱਟਵਾਉਣ ਲਈ ਪੈਸੇ ਦਾ ਇੰਤਜਾਮ ਬਾਹਰ ਤੋਂ ਹੀ ਕਰਵਾਇਆ ਸੀ, ਦੋਵਾਂ ਨੇ ਮਿਲੀ ਭੁਗਤ ਕਰਕੇ ਬਾਹਰੋਂ ਵਰਜਿਤ ਸਮਾਨ ਮੰਗਵਾਇਆ।
ਇਸੇ ਤਰ੍ਹਾਂ ਦੂਜੇ ਕੇਸ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਸਹਾਇਕ ਜੇਲ ਸੁਪਰਡੈਂਟ ਸਰਵਣ ਸਿੰਘ ਦੀ ਸ਼ਿਕਾਇਤ ’ਤੇ ਕੈਦੀ ਸੁਰਿੰਦਰ ਪਟੇਲ ਪੁੱਤਰ ਬਲਦੇਵ ਰਾਏ ਵਾਸੀ ਰੀਮਸਾਨ ਪੱਕੀ ਜ਼ਿਲ੍ਹਾ ਮਤਿਹਾਰੀ ਬਿਹਾਰ, ਕੈਦੀ ਹਰਮਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਜੋੜ ਜ਼ਿਲ੍ਹਾ ਤਰਨਤਾਰਨ, ਹਵਾਲਾਤੀ ਨੀਰਜ ਕੁਮਾਰ ਪੁੱਤਰ ਮਨਿੰਦਰਪਾਲ ਸਿੰਘ ਵਾਸੀ ਤੋਲੀਵਾਲਾ ਗਲੀ ਰਾਘੋਮਾਜਰਾ ਪਟਿਆਲਾ, ਹਵਾਲਾਤੀ ਚਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਖੇੜੀ ਅੰਬਾਲਾ ਹਰਿਆਣਾ, ਹਵਾਲਾਤੀ ਵਿਘਨ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਹਰਿਆਣਾ ਹਾਲ ਨਿਵਾਸੀ ਮੁਹਾਲੀ ਖ਼ਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਜੇਲ ਪ੍ਰਸਾਸ਼ਨ ਮੁਤਾਬਕ ਜੇਲ ਦੀ ਚੱਕੀ ਨੰ:5 ਵਿਚ ਬੰਦ ਕੈਦੀ ਹਰਮਨਜੀਤ ਸਿੰਘ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਦੇਖ ਕੇ ਅਪਾਣੇ ਹੱਥ ਵਿਚ ਫੜਿਆ ਮੋਬਾਇਲ ਤੋੜ ਦਿੱਤਾ ਅਤੇ ਟੁੱਟੀ ਹਾਲਤ ਵਿਚ ਹਰਮਨਜੀਤ ਸਿੰਘ ਤੋਂ ਮੋਬਾਇਲ ਬਰਾਮਦ ਕੀਤਾ ਗਿਆ, ਨੀਰਜ ਕੁਮਾਰ ਦੀ ਬੈਗ ਦੀ ਤਲਾਸ਼ੀ ਲੈਣ ’ਤੇ ਇਕ ਮੋਬਾਇਲ ਬਰਾਮਦ ਹੋਇਆ, ਹਵਾਲਾਤੀ ਚਰਨ ਸਿੰਘ ਦੀ ਜਿਸਮਾਨੀ ਤਲਾਸ਼ੀ ’ਤੇ ਇਕ ਮੋਬਾਇਲ ਬਰਾਮਦ ਹੋਇਆ, ਵਿਪਨ ਕੁਮਾਰ ਦੀ ਬੈਰਕ ਵਿਚ ਲੱਗੀ ਐੱਲ.ਈ.ਡੀ. ਦੇ ਪਿਛੇ ਇਕ ਮੋਬਾਇਲ ਬਰਾਮਦ ਹੋਇਆ। ਇਸੇ ਤਰ੍ਹਾਂ ਸੁਰਿੰਦਰ ਪਟੇਲ ਤੋਂ ਵੀ ਇਕ ਮੋਬਾਇਲ ਫੋਨ ਬਰਾਮਦ ਹੋਇਆ।