ਨਾਭਾ ਜ਼ਿਲ੍ਹਾ ਜੇਲ ’ਚੋਂ 2 ਮੋਬਾਇਲ ਬਰਾਮਦ

Wednesday, Sep 08, 2021 - 04:47 PM (IST)

ਨਾਭਾ (ਜੈਨ) : ਸਥਾਨਕ ਭਵਾਨੀਗੜ੍ਹ ਰੋਡ ਸਥਿਤ ਨਵੀਂ ਜ਼ਿਲ੍ਹਾ ਜੇਲ ’ਚੋਂ 2 ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਜੇਲ ਦੇ ਸਹਾਇਕ ਸੁਪਰਡੈਂਟ ਅਜਮੇਰ ਸਿੰਘ ਅਨੁਸਾਰ ਸੈੱਲ ਬਲਾਕ ’ਚ ਮਿੱਟੀ ’ਚ ਦੱਬੇ ਹੋਏ 2 ਮੋਬਾਇਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ’ਚ ਇਕ ਮੋਬਾਇਲ ਮਾਰਕਾ ਵੀਵੋ ਟੱਚ ਸਕ੍ਰੀਨ ਅਤੇ ਇਕ ਸੈਮਸੰਗ ਦਾ ਕੀਪੈਡ ਵਾਲਾ ਮੋਬਾਇਲ ਹੈ। ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਜੇਲ ’ਚ 3 ਥਾਈਂ ਤਲਾਸ਼ੀ ਹੋਣ ਤੋਂ ਬਾਅਦ ਕੋਈ ਵੀ ਕੈਦੀ/ਹਵਾਲਾਤੀ ਅਤੇ ਕਰਮਚਾਰੀ ਬੈਰਕ ’ਚ ਪਹੁੰਚਦਾ ਹੈ, ਫਿਰ ਵੀ ਵਾਰ-ਵਾਰ ਮੋਬਾਇਲਾਂ ਦੀ ਹੋ ਰਹੀ ਬਰਾਮਦਗੀ ਨਾਲ ਜੇਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ’ਚ ਹੈ। ਵਰਨਣਯੋਗ ਹੈ ਕਿ ਇਸ ਜੇਲ ’ਚ ਨਾਈਜੀਰੀਅਨ ਕੈਦੀ/ਹਵਾਲਾਤੀ ਵੀ ਨਜ਼ਰਬੰਦ ਹਨ।

ਅਦਾਲਤ ਵੱਲੋਂ ਪੀ. ਓ. ਕਰਾਰ 2 ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ
ਇਥੇ ਅਦਾਲਤ ਵੱਲੋਂ ਪੀ. ਓ. (ਭਗੌੜ ਕਰਾਰ) 2 ਮੁਲਜ਼ਮਾਂ ਖ਼ਿਲਾਫ਼ ਪੁਲਸ ਨੇ ਮਾਮਲੇ ਦਰਜ ਕੀਤੇ ਹਨ। ਕੋਤਵਾਲੀ ਪੁਲਸ ਵੱਲੋਂ ਦਰਜ ਮੁਕੱਦਮੇ ’ਚ ਨਰਾਇਣ ਸਿੰਘ ਪੁੱਤਰ ਕਰਨ ਸਿੰਘ ਵਾਸੀ ਮੇਮਲੀ ਥਾਣਾ ਪਗਾਰੀਆ (ਰਾਜਸਥਾਨ) ਨੂੰ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਨਾਭਾ ਨੇ ਭਗੌੜਾ ਕਰਾਰ ਦਿੱਤਾ ਸੀ। ਉਸ ਨੇ ਅਦਾਲਤ ’ਚ ਗੈਰ-ਹਾਜ਼ਰ ਹੋ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਪਛਾਣ ਛੁਪਾਈ। ਇੰਝ ਹੀ ਥਾਣਾ ਸਦਰ ’ਚ ਦਰਜ ਕੇਸ ’ਚ ਜਸਪਾਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਦੋਰਾਹਾ ਨੂੰ ਅਦਾਲਤ ਨੇ ਪੀ. ਓ. ਕਰਾਰ ਦਿੱਤਾ ਸੀ। ਇਸ ਮੁਲਜ਼ਮ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀ ਪਛਾਣ ਨੂੰ ਛੁਪਾਇਆ। ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News