ਜੇਲ ਦੀਆਂ ਕੰਟੀਨਾਂ ''ਚ ਮਿਲਣਗੇ ਮਾਰਕਫੈੱਡ ਤੇ ਮਿਲਕਫੈੱਡ ਦੇ ਉਤਪਾਦ
Monday, Jun 11, 2018 - 01:30 PM (IST)

ਲੁਧਿਆਣਾ (ਸਿਆਲ) : ਜੇਲ ਮੰਤਰੀ ਬਣਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਰਾਜ ਦੀਆਂ ਜੇਲਾਂ 'ਚ ਸੁਰੱਖਿਆ ਵਿਵਸਥਾ ਦਰੁਸਤ ਕਰਨ ਹੀ ਨਹੀਂ, ਸਗੋਂ ਹੋਰ ਵਿਆਪਕ ਸੁਧਾਰ ਕਰਨ ਲਈ ਯਤਨਸ਼ੀਲ ਹਨ। ਇਸੇ ਕੜੀ ਤਹਿਤ ਉਨ੍ਹਾਂ ਨੇ ਜੇਲਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਮਿਲਣ ਵਾਲੇ ਰਾਸ਼ਨ ਦੀ ਖਰੀਦਦਾਰੀ ਵਿਚ ਵੱਡੇ ਘਪਲਿਆਂ ਦੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਮਾਰਕਫੈੱਡ ਤੇ ਮਿਲਕਫੈੱਡ ਦਾ ਸਾਮਾਨ ਮੁਹੱਈਆ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੇ ਹੁਕਮਾਂ ਤਹਿਤ ਪਟਿਆਲਾ ਜੇਲ ਵਿਚ ਉਕਤ ਸਾਮਾਨ ਮਿਲਣਾ ਸ਼ੁਰੂ ਹੋ ਗਿਆ ਹੈ, ਜੋ ਕਿ ਕਫਾਇਤੀ ਹੀ ਨਹੀਂ, ਬਲਕਿ ਸਿਹਤ ਲਈ ਲਾਭਦਾਇਕ ਹੈ। ਜਾਣਕਾਰੀ ਦਿੰਦੇ ਹੋਏ ਖੁਦ ਜੇਲ ਮੰਤਰੀ ਰੰਧਾਵਾ ਨੇ ਦੱਸਿਆ ਕਿ ਮਿਲਕਫੈੱਡ ਤੇ ਮਾਰਕਫੈੱਡ ਦਾ ਸਾਮਾਨ ਜੇਲਾਂ ਦੀਆਂ ਕੰਟੀਨਾਂ 'ਚ ਕੈਦੀਆਂ ਤੇ ਹਵਾਲਾਤੀਆਂ ਨੂੰ ਪ੍ਰਿੰਟ ਰੇਟ ਦੇ ਹਿਸਾਬ ਨਾਲ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਵਿਚ ਆਟਾ, ਦਾਲਾਂ, ਖੰਡ, ਚੌਲ ਸਮੇਤ ਹਰ ਤਰ੍ਹਾਂ ਦਾ ਅਨਾਜ ਸ਼ਾਮਲ ਹੋਵੇਗਾ। ਉਥੇ ਮਿਲਕਫੈੱਡ ਵਿਚ ਦੁੱਧ ਤੇ ਦੁੱਧ ਤੋਂ ਬਣੇ ਸਾਰੇ ਉਤਪਾਦ ਮੁਹੱਈਆ ਹੋਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਦੀਆਂ ਹੋਰਨਾਂ ਜੇਲਾਂ 'ਚ ਉਕਤ ਸਕੀਮ ਸ਼ੁਰੂ ਹੋਵੇਗੀ। ਜੇਲ ਮੰਤਰੀ ਨੇ ਦੱਸਿਆ ਕਿ ਅਜਿਹੇ ਵਿਚ ਕਿਸੇ ਤਰ੍ਹਾਂ ਦਾ ਕੋਈ ਘਪਲਾ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ, ਕਿਉਂਕਿ ਪ੍ਰਿੰਟ ਰੇਟ ਤੇ ਸਾਮਾਨ ਵਿਕਣ ਨਾਲ ਸਾਰਾ ਹਿਸਾਬ ਰੱਖਣਾ ਸੌਖਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਉਕਤ ਪ੍ਰੋਡਕਟਾਂ ਤੋਂ ਹੋਣ ਵਾਲੀ ਕਮਾਈ ਨੂੰ ਕੈਦੀਆਂ ਦੀ ਭਲਾਈ 'ਤੇ ਖਰਚ ਕੀਤਾ ਜਾਵੇਗਾ।