ਪੰਜਾਬ ਬਜਟ 'ਤੇ ਜਾਣੋ ਕੀ ਬੋਲੇ 'ਆਪ' ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ (ਵੀਡੀਓ)
Saturday, Feb 29, 2020 - 04:32 PM (IST)
ਹੁਸ਼ਿਆਰਪੁਰ (ਅਮਰੀਕ)— ਪੰਜਾਬ ਦੇ ਖਜਾਨਾ ਮੰਤਰੀ ਵੱਲੋਂ ਬੀਤੇ ਦਿਨ ਬਜਟ ਪੇਸ਼ ਕਰਨ ਤੋਂ ਬਾਅਦ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਸ ਬਜਟ ਨੂੰ ਲੈ ਕੇ ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਐੱਨ. ਆਰ. ਆਈ. ਵਿੰਗ ਦੇ ਪੰਜਾਬ ਪ੍ਰਧਾਨ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ 'ਚ ਸਿਰਫ ਫਾਈਲ ਦਾ ਰੰਗ ਹੀ ਬਦਲਿਆ ਹੈ, ਹੋਰ ਇਸ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ।
ਪੰਜਾਬ ਦੇ ਬਜਟ ਦੀ 'ਆਪ' ਦੇ ਦਿੱਲੀ ਦੇ ਬਜਟ ਨਾਲ ਤੁਲਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ ਸਿੱਖਿਆ ਲਈ 26 ਫੀਸਦੀ ਬਜਟ ਰੱਖਿਆ ਗਿਆ ਹੈ ਜਦਕਿ ਪੰਜਾਬ 'ਚ ਸਿਰਫ 10 ਫੀਸਦੀ ਬਜਟ ਰੱਖਿਆ ਗਿਆ ਹੈ। ਜੇਕਰ ਸਿਹਤ ਦੇ ਬਜਟ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ 14 ਫੀਸਦੀ ਅਤੇ ਪੰਜਾਬ 'ਚ 3.7 ਫੀਸਦੀ ਬਜਟ ਰੱਖਿਆ ਗਿਆ ਹੈ। ਇਸੇ ਤਰ੍ਹਾਂ ਪੰਜਾਬ 'ਚ 10 ਫੀਸਦੀ ਲੋਕ ਹੀ ਆਯੁਸ਼ਮਾਨ ਯੋਜਨਾ ਦਾ ਲਾਭ ਲੈ ਸਕਦੇ ਹਨ ਅਤੇ ਬਾਕੀ 90 ਫੀਸਦੀ ਲੋਕ ਅੱਜ ਵੀ ਆਪਣੇ ਇਲਾਜ ਲਈ ਤਰਸਦੇ ਹਨ।
ਦਿੱਲੀ 'ਚ ਹਰ ਵਰਗ ਨੂੰ ਮਿਲ ਰਹੀ ਹੈ 200 ਯੂਨਿਟ ਤੱਕ ਦੀ ਫਰੀ ਬਿਜਲੀ
ਬਿਜਲੀ ਦੇ ਮੁੱਦੇ 'ਤੇ ਬੋਲਦੇ ਹੋਏ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਘਰ 20-20 ਹਜ਼ਾਰ ਰੁਪਏ ਬਿਜਲੀ ਦੇ ਬਿਲ ਭੇਜੇ ਜਾ ਰਹੇ ਹਨ। ਜਿਹੜਾ ਕੋਈ ਗਰੀਬ ਬਿਜਲੀ ਦਾ ਬਿੱਲ ਜਮ੍ਹਾ ਨਹੀਂ ਕਰਵਾ ਸਕਦਾ, ਉਸ ਦਾ ਬਿਜਲੀ ਦਾ ਮੀਟਰ ਪੁੱਟ ਦਿੱਤਾ ਜਾਂਦਾ ਹੈ। ਉਥੇ ਹੀ 200 ਯੂਨਿਟ ਤੱਕ ਫਰੀ ਬਿਜਲੀ ਲੈਣ ਵਾਲਿਆਂ ਨੂੰ ਵੀ 1300 ਦੇ ਕਰੀਬ ਬਿੱਲ ਆ ਰਹੇ ਹਨ ਜਦਕਿ ਦਿੱਲੀ 'ਚ ਹਰ ਧਰਮ ਦੇ ਲੋਕਾਂ ਲਈ 200 ਯੂਨਿਟ ਤੱਕ ਬਿਜਲੀ ਦਾ ਬਿੱਲ ਮੁਆਫ ਹੈ।
ਕਿਸਾਨ ਅਤੇ ਨੌਜਵਾਨਾਂ ਨਾਲ ਕੀਤਾ ਗਿਆ ਧੱਕਾ
ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਬਹੁਤ ਹੀ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਕਿਹਾ ਗਿਆ ਸੀ ਕਿ 520 ਕਰੋੜ ਕਿਸਾਨਾਂ ਮਜ਼ਦੂਰਾਂ ਲਈ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਵਾਰ ਵੀ ਤਾਂ 520 ਕਰੋੜ ਰੱਖੇ ਗਏ ਹਨ ਪਰ ਪਿਛਲੀ ਵਾਰ 'ਚੋਂ ਕਿੰਨੇ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਮੈਂ ਸਮਝਦਾ ਹਾਂ ਕਿ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਬੇਹੱਦ ਧੱਕਾ ਕੀਤਾ ਗਿਆ ਹੈ। ਪੰਜਾਬ 'ਚ ਨੌਜਵਾਨਾਂ ਨੂੰ ਕੋਈ ਵੀ ਨੌਕਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸ.ਸੀ/ਐੱਸ. ਟੀ. ਦੇ ਵਿਦਿਆਰਥਣਾਂ ਸਕਾਲਰਸ਼ਿਪ ਨਾ ਮਿਲਣ ਕਰਕੇ ਅੱਜ ਸੜਕਾਂ 'ਤੇ ਬੈਠਣ ਨੂੰ ਮਜਬੂਰ ਹੋ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਤੱਕ ਇਸ ਬਜਟ 'ਤੇ ਬਹਿਸ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਵੱਲੋਂ ਲਗਾਏ ਨਵੇਂ ਪੰਜਾਬ ਇੰਚਾਰਜ ਜਰਨੈਲ ਸਿੰਘ ਬਾਰੇ ਗੱਲਬਾਤ ਕਰਦੇ ਹੋਏ ਜੈ ਸਿੰਘ ਰੋੜੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਦਿੱਲੀ 'ਚ ਜ਼ਿਆਦਾ ਜ਼ਿੰਮੇਵਾਰੀ ਹੈ, ਜਿਸ ਕਰਕੇ ਉਨ੍ਹਾਂ ਦੀ ਥਾਂ 'ਤੇ ਜਰਨੈਲ ਸਿੰਘ ਨੂੰ ਪੰਜਾਬ ਇੰਚਾਰਜ ਲਗਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਅਧਿਆਪਕਾਂ ਨੂੰ ਰੋਜ਼ਗਾਰ ਲਈ ਈ-ਰਿਕਸ਼ਾ ਦਿਲਵਾਉਣ ਲਈ ਲਾਇਸੈਂਸ ਬਣਵਾਉਣ ਦੇ ਤੰਜ ਕਸਦੇ ਹੋਏ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਹੀ ਮੰਦਭਾਗੀ ਗੱਲ ਹੈ ਕਿ ਬੇਰੋਜ਼ਗਾਰ ਅਧਿਆਪਕ ਨੌਕਰੀ ਮੰਗ ਰਹੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਈ-ਰਿਕਸ਼ਾ ਚਲਾਉਣ ਬਾਰੇ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਇਤਿਹਾਸ 'ਚ ਅੱਜ ਤੱਕ ਕਿਸੇ ਸਰਕਾਰ ਨੇ ਵੀ ਅਜਿਹੀ ਮੰਦਭਾਗੀ ਗੱਲ ਨਹੀਂ ਕਹੀ ਹੋਵੇਗੀ।