'ਆਪ' ਵਿਧਾਇਕ ਰੋੜੀ ਦੇ ਯਤਨਾਂ ਸਦਕਾ ਵਿਦੇਸ਼ੋਂ ਪਰਤੇ 4 ਨੌਜਵਾਨ
Monday, Jan 28, 2019 - 06:23 PM (IST)
ਬੰਗਾ (ਭਾਰਤੀ)— ਜਾਅਲੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਦਿਖਾਏ ਜਾਂਦੇ ਸਬਜ਼ਬਾਗਾਂ ਕਰਕੇ ਇਨ੍ਹਾਂ ਦੇ ਚੁੰਗਲ 'ਚ ਫਸੇ ਨੌਜਵਾਨ ਵੱਖ-ਵੱਖ ਦੇਸ਼ਾਂ 'ਚ ਭੁੱਖਣ-ਭਾਣੇ ਉੱਜਵਲ ਭਵਿੱਖ ਲਈ ਮਿਹਨਤ ਕਰ ਰਹੇ ਹਨ। ਕੁਝ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਟਿਕਟ ਲਈ ਪੈਸਾ ਭੇਜ ਕੇ ਮੰਗਵਾ ਲਿਆ ਗਿਆ ਅਤੇ ਕੁਝ ਗਰੀਬ ਅਤੇ ਅਸਮਰੱਥ ਅੱਜ ਵੀ ਵਿਦੇਸ਼ਾਂ 'ਚ ਰੁਲ ਰਹੇ ਹਨ।
'ਆਪ' ਵਿਧਾਇਕ ਜੈ ਕ੍ਰਿਸ਼ਨ ਰੌੜੀ ਦੇ ਨਿਰੰਤਰ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਹ ਪੰਜਾਬ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਚਾਹਲ ਖੁਰਦ ਦੇ ਹਰਕ੍ਰਿਸ਼ਨ ਚੰਦੜ, ਹਰਿਆਣਾ ਦੇ ਕੁਲਦੀਪ ਅਤੇ ਹਿਮਾਚਲ ਪ੍ਰਦੇਸ਼ ਦੇ ਵਿਸ਼ਾਲ ਡੋਗਰਾ ਅਤੇ ਸੰਜੇ ਕੁਮਾਰ ਨੂੰ ਦੁਬਈ ਤੋਂ ਵਤਨ ਲਿਆਉਣ 'ਚ ਸਫਲ ਹੋ ਗਏ। ਅੱਜ ਪਿੰਡ ਚਾਹਲ ਖੁਰਦ ਵਿਖੇ ਵਿਧਾਇਕ ਰੌੜੀ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਬਲਵੀਰ ਕਰਨਾਣਾ, ਜ਼ਿਲਾ ਪ੍ਰਧਾਨ ਰਾਜਿੰਦਰ ਸ਼ਰਮਾ ਕੁਲਥਮ ਵੱਲੋਂ ਰੱਖੇ ਇਕ ਸਮਾਗਮ 'ਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਦੇਸ਼ਾਂ 'ਚ ਜਾਣ ਦਾ ਨੌਜਵਾਨਾਂ 'ਚ ਵੱਧ ਰਿਹਾ ਰੁਝਾਨ ਦੇਸ਼ 'ਚ ਫੈਲੀ ਬੇਰੋਜ਼ਗਾਰੀ ਅਤੇ ਵੱਧ ਰਿਹਾ ਭ੍ਰਿਸ਼ਟਾਚਾਰ ਹੈ। ਦੇਸ਼ ਦੀਆਂ ਸਰਕਾਰਾਂ ਨੇ ਆਪਣੇ ਫਰਜ਼ਾਂ 'ਤੇ ਪਹਿਰਾ ਦਿੱਤਾ ਹੁੰਦਾ ਤਾਂ ਆਪਣਾ ਵਤਨ ਛੱਡ ਕੇ ਵਿਦੇਸ਼ਾਂ 'ਚ ਰੁਲਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ।
ਦੁਬਈ ਤੋਂ ਪੌਣੇ ਦੋ ਸਾਲ ਬਾਅਦ ਖਾਲੀ ਹੱਥ ਵਤਨ ਪਰਤੇ ਹਰਕ੍ਰਿਸ਼ਨ ਚੰਦੜ ਨਿਵਾਸੀ ਚਾਹਲਪੁਰ ਤੇ ਕੁਲਦੀਪ ਨਿਵਾਸੀ ਹਰਿਆਣਾ ਨੇ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਜੇਕਰ ਸਾਡੀ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸਮਾਜ ਸੇਵੀ ਜਥੇਬੰਦੀ ਨੇ ਮਦਦ ਨਾ ਕੀਤੀ ਹੁੰਦੀ ਤਾਂ ਅਸੀਂ ਪਤਾ ਨਹੀਂ ਕਦੋਂ ਤਕ ਉਸ ਦੇਸ਼ ਦੀਆਂ ਜੇਲਾਂ 'ਚ ਰੁਲਣਾ ਸੀ। ਸਾਡਾ ਸਾਰਾ ਪਰਿਵਾਰ ਵਿਧਾਇਕ ਰੌੜੀ ਦਾ ਪੂਰੀ ਜ਼ਿੰਦਗੀ ਰਿਣੀ ਰਹੇਗਾ। ਵਿਧਾਇਕ ਵੱਲੋਂ ਚਾਹਲ ਖੁਰਦ ਨਿਵਾਸੀ ਸੰਤ ਰਾਮ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪੁੱਤਰ ਨੂੰ ਵੀ ਜਲਦੀ ਸਾਊਦੀ ਅਰਬ ਤੋਂ ਭਾਰਤ ਬੁਲਾਇਆ ਜਾਵੇਗਾ। ਇਸ ਮੌਕੇ ਸੁਰਿੰਦਰ ਸਿੰਘ ਢੀਂਡਸਾ, ਬੁੱਧ ਸਿੰਘ ਪੁਰੇਵਾਲ, ਧਰਮਿੰਦਰ ਸਿੰਘ ਕਰਨਾਣਾ, ਸਤਨਾਮ ਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।
