''ਜਾਗੋ'' ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਾਰਨੀ ਦੇ ਅਸਤੀਫ਼ੇ ਦੀ ਕੀਤੀ ਮੰਗ
Thursday, Sep 23, 2021 - 01:18 PM (IST)
ਜਲੰਧਰ (ਚਾਵਲਾ)-ਜਾਗੋ ਪਾਰਟੀ ਨੇ ਦਿੱਲੀ ਕਮੇਟੀ ਦੀ ਮੈਂਬਰਸ਼ਿਪ ਲਈ ਆਯੋਗ ਠਹਿਰਾਏ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਮੁੱਦੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਸਮੇਤ ਪੂਰੀ ਕਾਰਜਕਾਰੀ ਕਮੇਟੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸਿਰਸਾ ਦੇ ਗੁਰਸਿੱਖੀ ਅਤੇ ਗੁਰਮੁੱਖੀ ਟੈਸਟ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਦੀ ਅਸਫ਼ਲਤਾ ਸ਼੍ਰੋਮਣੀ ਕਮੇਟੀ ਦੇ ਬਾਦਲ ਪ੍ਰਾਯੋਜਿਤ ਪ੍ਰਬੰਧ ਲਈ ਵੱਡੀ ਹਾਰ ਹੈ। 25 ਅਗਸਤ ਨੂੰ ਆਏ ਚੋਣ ਨਤੀਜਿਆਂ ਵਿਚ ਸਿਰਸਾ ਪੰਜਾਬੀ ਬਾਗ ਦੇ ਵਾਰਡ ਤੋਂ ਚੋਣ ਹਾਰ ਗਏ ਪਰ ਉਸੇ ਦਿਨ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਦੇ ਸਾਹਮਣੇ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਕੋਟੇ ਤੋਂ ਮੈਂਬਰ ਵਜੋਂ ਨਾਮਜ਼ਦ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ 23 ਅਗਸਤ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਸਿਰਸਾ ਨੂੰ ਦਿੱਲੀ ਕਮੇਟੀ ਲਈ ਨਾਮਜ਼ਦ ਕਰਨ ਦੇ ਮਤੇ ਦੇ ਹਵਾਲੇ ਨਾਲ ਸਿਰਸਾ ਨੂੰ ਨਾਮਜ਼ਦ ਕਰਨ ਵਾਲਾ ਪੱਤਰ ਵੀ ਜਾਰੀ ਕਰ ਦਿੱਤਾ।
ਇਹ ਵੀ ਪੜ੍ਹੋ: ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ
ਜੀ. ਕੇ. ਨੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਜਕਾਰੀ ਮੈਂਬਰਾਂ ਨੂੰ ਭੇਜੇ ਗਏ ਮੁੱਖ ਏਜੰਡੇ ਅਤੇ ਵਾਧੂ ਏਜੰਡੇ ਦੀ ਕਾਪੀ ਜਨਤਕ ਕਰਦੇ ਹੋਏ ਦਾਅਵਾ ਕੀਤਾ ਕਿ 23 ਅਗਸਤ ਦੀ ਮੀਟਿੰਗ ਵਿਚ ਸਿਰਸਾ ਨੂੰ ਮੈਂਬਰ ਵਜੋਂ ਨਾਮਜ਼ਦ ਕਰਨ ਦਾ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਸਵਾਲ ਪੁੱਛਿਆ ਕਿ ਸਿਰਸਾ ਨੂੰ ਕੀ ਸੁਪਨਾ ਆਇਆ ਸੀ ਕਿ ਉਹ 25 ਅਗਸਤ ਨੂੰ ਚੋਣ ਹਾਰ ਰਿਹਾ ਹੈ, ਇਸ ਲਈ 23 ਅਗਸਤ ਨੂੰ ਉਸ ਨੇ ਆਪਣੇ ਆਪ ਨੂੰ ਮੈਂਬਰ ਵਜੋਂ ਨਾਮਜ਼ਦ ਕਰਵਾਉਣ ਦਾ ਫ਼ੈਸਲਾ ਕੀਤਾ ਸੀ?
ਇਹ ਵੀ ਪੜ੍ਹੋ: ਅੱਜ ਕਪੂਰਥਲਾ ਦੀ ਫੇਰੀ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਰ ਸਕਦੇ ਨੇ ਵੱਡੇ ਐਲਾਨ
ਜੀ. ਕੇ. ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਖ਼ਿਲਾਫ਼ ਅਦਾਲਤ ਵਿਚ ਧੋਖਾਧੜੀ ਦਾ ਕੇਸ ਦਾਇਰ ਕਰਨਗੇ ਕਿਉਂਕਿ ਇਹ ਗਲਤ ਪੇਪਰ ਤਿਆਰ ਕਰਨ ਦੇ ਦੋਸ਼ੀ ਹਨ। ਉਨ੍ਹਾਂ ਨੇ ਸਾਰੇ 46 ਮੈਂਬਰਾਂ ਦਾ ਗੁਰਮੁੱਖੀ ਟੈਸਟ ਕਰਵਾਉਣ ਦੀ ਵਕਾਲਤ ਕਰਦੇ ਹੋਏ ਸਿਰਸਾ ’ਤੇ ਚੁਟਕੀ ਲਈ ਕਿ ਜੇਕਰ ਸਿਰਸਾ ਨੇ ਡਾਇਰੈਕਟਰ ਦੀ ਬਜਾਏ ਪੇਪਰ ਖ਼ੁਦ ਸੈੱਟ ਕੀਤਾ ਹੁੰਦਾ ਤਾਂ ਸਿਰਸਾ ਫੇਲ ਨਾ ਹੁੰਦਾ। ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ ਨੇ ਸਿਰਸਾ ਦੀ ਅਸਫ਼ਲਤਾ ਲਈ ਸਿਰਸਾ ਦੇ ਹੰਕਾਰ ਨੂੰ ਜ਼ਿੰਮੇਵਾਰ ਦੱਸਿਆ। ਜਾਗੋ ਪਾਰਟੀ ਦੇ ਮੁੱਖ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਸਿਰਸਾ ਨੂੰ ਆਪਣੀ ਪੰਜਾਬੀ ਆਨਰਜ਼ ਦੀ ਡਿਗਰੀ ਜਨਤਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖੀਵਾ, ਸਾਬਕਾ ਕਮੇਟੀ ਮੈਂਬਰ ਚਮਨ ਸਿੰਘ, ਹਰਮਨਜੀਤ ਸਿੰਘ, ਹਰਿੰਦਰਪਾਲ ਸਿੰਘ, ਹਰਜੀਤ ਸਿੰਘ ਜੀ. ਕੇ., ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਅਤੇ ਜਗਜੀਤ ਸਿੰਘ ਕਮਾਂਡਰ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਡੇਰਾ ਸੱਚਖੰਡ ਬੱਲਾਂ’ ਵਿਖੇ ਹੋਏ ਨਤਮਸਤਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ