ਕੈਪਟਨ ਹੰਕਾਰੀ ਥਾਣੇਦਾਰ ਵਾਂਗ ਕਰ ਰਿਹੈ ਪ੍ਰਧਾਨਗੀ : ਬਰਾੜ

Friday, Jun 10, 2016 - 11:59 AM (IST)

ਕੈਪਟਨ ਹੰਕਾਰੀ ਥਾਣੇਦਾਰ ਵਾਂਗ ਕਰ ਰਿਹੈ ਪ੍ਰਧਾਨਗੀ : ਬਰਾੜ

ਚੰਡੀਗੜ੍ਹ (ਭੁੱਲਰ)— ਪੰਜਾਬ ਦੀ ਆਵਾਜ਼ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੇ ਬੀਤੇ ਦਿਨ ਗੁਰਦਾਸਪੁਰ ਦੇ ਦੀਨਾਨਗਰ ਹਲਕੇ ਵਿਚ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਪਾਰਟੀ ਦੇ ਸੇਵਾ ਦਲ ਦੇ ਚੇਅਰਮੈਨ ਆਰ. ਐੱਸ. ਗੁਲਾਟੀ ਦੀ ਕੀਤੀ ਗਈ ਕੁੱਟਮਾਰ, ਪੱਗ ਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਕੈਪਟਨ ਦੀ ਸ਼ਹਿ ''ਤੇ ਹੀ ਸੁਖਜਿੰਦਰ ਰੰਧਾਵਾ ਵਲੋਂ ਪਾਰਟੀ ਦੇ ਇਕ ਮਿਹਨਤੀ ਲੀਡਰ ਦੀ ਕੁੱਟਮਾਰ ਕੀਤੀ ਗਈ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਤੇ ਨਿੰਦਣਯੋਗ ਹੈ। ਇਥੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕੈਪਟਨ ਕਾਂਗਰਸ ਨੂੰ ਇਸ ਤਰ੍ਹਾਂ ਚਲਾ ਰਿਹਾ ਹੈ ਜਿਵੇਂ ਕਿ ਇਕ ਹੰਕਾਰੀ ਥਾਣੇਦਾਰ, ਥਾਣੇ ਨੂੰ ਚਲਾ ਰਿਹਾ ਹੁੰਦਾ ਹੈ ਜੋ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਅੰਦਰ ਕਰ ਦੇਵੇ ਅਤੇ ਜਿਸ ਨੂੰ ਚਾਹੇ ਕੁੱਟ ਸੁੱਟੇ।
ਉਨ੍ਹਾਂ ਕਿਹਾ ਕਿ ਘਟਨਾ ਸਮੇਂ ਕੈਪਟਨ ਅਮਰਿੰਦਰ ਸਿੰਘ ਬੈਠਾ ਚੁੱਪਚਾਪ ਤਮਾਸ਼ਾ ਵੇਖ ਰਿਹਾ ਸੀ ਅਤੇ ਉਸ ਦਾ ਹੰਕਾਰੀ ਸਾਥੀ ਰੰਧਾਵਾ ਕਾਂਗਰਸੀ ਵਰਕਰਾਂ ਉਤੇ ਡਾਂਗਾਂ ਵਰ੍ਹਾ ਰਿਹਾ ਸੀ। ਬਰਾੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨੈਤਿਕਤਾ ਦੇ ਆਧਾਰ ਉਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਵਿਚੋਂ ਤੁਰੰਤ ਕੱਢਣਾ ਚਾਹੀਦਾ ਹੈ।


author

Gurminder Singh

Content Editor

Related News