ਜਗਮੀਤ ਬਰਾੜ ਨੇ ਦੁਬਾਰਾ ਕਾਂਗਰਸ ''ਚ ਆਉਣ ਦੇ ਸੰਕੇਤ ਦਿੱਤੇ

02/17/2018 3:54:12 AM

'ਆਪ' ਪੰਜਾਬ 'ਚ ਆਪਣਾ ਆਧਾਰ ਗੁਆ ਚੁੱਕੀ ਹੈ, ਭਾਜਪਾ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ
ਬਠਿੰਡਾ(ਵਰਮਾ)-ਸਾਬਕਾ ਸੰਸਦ ਮੈਂਬਰ ਰਹੇ ਜਗਮੀਤ ਬਰਾੜ ਨੇ ਪ੍ਰੈੱਸ ਕਾਨਫਰੰਸ ਵਿਚ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਕਾਂਗਰਸ ਵਿਚ ਦੁਬਾਰਾ ਵਾਪਸੀ ਹੋ ਸਕਦੀ ਹੈ ਪਰ ਉਹ ਇਸ ਸਬੰਧ ਵਿਚ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਜ਼ਰੂਰ ਕਰਨਗੇ। 'ਆਪ' ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ। ਬਰਾੜ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਕੁਝ ਚੰਗੇ ਫੈਸਲੇ ਲੈਣੇ ਚਾਹੀਦੇ ਹਨ ਤਾਂ ਕਿ ਲੋਕਾਂ ਵਿਚ ਕਾਂਗਰਸ ਦਾ ਖਰਾਬ ਹੋ ਰਿਹਾ ਅਕਸ ਠੀਕ ਹੋ ਸਕੇ। ਪੰਜਾਬ ਵਿਚ ਗੈਂਗਸਟਰਾਂ ਦੇ ਮਾਮਲੇ 'ਤੇ ਬਰਾੜ ਨੇ ਕਿਹਾ ਕਿ ਹਾਂ ਨਵੇਂ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਦੇ ਪਿੱਛੇ ਰਾਜਨੀਤਿਕ ਆਗੂਆਂ ਦਾ ਹੱਥ ਜ਼ਰੂਰ ਹੈ, ਜਿਨ੍ਹਾਂ ਬਦੌਲਤ ਪੰਜਾਬ ਦੀ ਜਵਾਨੀ ਗਲਤ ਰਸਤੇ 'ਤੇ ਪਈ ਹੈ। ਉਨ੍ਹਾਂ ਕੈਪਟਨ ਸਰਕਾਰ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ, ਜਿਸ ਵਿਚ ਸਰਕਾਰ ਨੇ ਪੁਲਸ ਰਾਹੀਂ ਗੈਂਗਸਟਰ ਨੌਜਵਾਨਾਂ ਨੂੰ ਵਾਪਸ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਤਾਂ ਕਿ ਉਹ ਗਲਤ ਰਸਤੇ 'ਤੇ ਨਾ ਚੱਲਣ। ਜਗਮੀਤ ਬਰਾੜ ਨੇ ਕਿਹਾ ਕਿ ਗੁੰਡਾ ਟੈਕਸ ਦੀ ਵਜ੍ਹਾ ਨਾਲ ਸਰਕਾਰ ਦਾ ਅਕਸ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ, ਜੇਕਰ ਸਮਾਂ ਰਹਿੰਦੇ ਇਸ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸਰਕਾਰ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਹਾਲਾਂਕਿ ਬਰਾੜ ਨੇ ਸਿੱਧੇ ਤੌਰ 'ਤੇ ਤਾਂ ਨਹੀਂ ਕਿਹਾ ਕਿ ਉਹ ਜਲਦ ਹੀ ਕਾਂਗਰਸ ਵਿਚ ਵਾਪਸੀ ਕਰ ਰਹੇ ਹਨ ਪਰ ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਜਲਦ ਹੀ ਆਪਣਾ ਫੈਸਲਾ ਲੈਣਗੇ। ਭਾਜਪਾ ਵਿਚ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਭਾਜਪਾ ਆਗੂ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਉਹ ਆਖਰੀ ਫੈਸਲਾ ਆਪਣੇ ਸਾਥੀਆਂ ਤੇ ਸਮਰਥਕਾਂ ਦੀ ਰਾਏ ਤੋਂ ਬਾਅਦ ਹੀ ਲੈਣਗੇ। 


Related News