ਕਲਾ ਕਾਫ਼ਲੇ ਦਾ ਸ਼ਾਹ ਅਸਵਾਰ ਸੀ ਜਗਦੇਵ ਸਿੰਘ ਜੱਸੋਵਾਲ

4/3/2020 7:51:43 PM

ਜਗਬਾਣੀ ਸਹਿਤ ਵਿਸ਼ੇਸ਼ ਕਿਸ਼ਤ-2
ਲੇਖਕ : ਨਵਦੀਪ ਗਿੱਲ
ਜਗਦੇਵ ਸਿੰਘ ਜੱਸੋਵਾਲ ਨੂੰ ਜੁਗਾਂ-ਜੁਗਾਂ ਤੱਕ ਪੰਜਾਬੀ ਸੱਭਿਆਚਾਰ ਦੇ ਦੂਤ ਵਜੋਂ ਯਾਦ ਕੀਤਾ ਜਾਂਦਾ ਰਹੇਗਾ। ਉਹ ਕਲਾ ਕਾਫ਼ਲੇ ਦਾ ਸ਼ਾਹ ਅਸਵਾਰ ਸੀ ਜਿਸ ਕਲਾਕਾਰਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਤਾਉਮਰ ਸਰਪ੍ਰਸਤੀ ਦਿੱਤੀ। ਉਸ ਦੀ ਘਣਛਾਵੀ ਛਾਂ ਪੰਜਾਬੀ ਲੋਕ ਸੰਗੀਤ ਤੇ ਸੱਭਿਆਚਾਰ, ਸਿਆਸਤਦਾਨ, ਸਾਹਿਤਕਾਰ ਤੇ ਕਲਾਕਾਰ ਸਭਨਾਂ ਨੇ ਮਾਣੀ ਹੈ। ਉਹ ਸੱਭਿਆਚਾਰ ਦਾ ਸ਼ੂਕਦਾ ਦਰਿਆ ਵੀ ਸੀ, ਜਿਸ ਦਾ ਨਿਰੰਤਰ ਵਹਾਅ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਨੂੰ ਸਿੰਜਦਾ ਹੀ ਗਿਆ। ਅੱਸੀਵਿਆਂ ਵਿੱਚ ਜਦੋਂ ਪੰਜਾਬ ਅਤਿਵਾਦ ਦੇ ਕਾਲੇ ਦਿਨਾਂ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਕਿਧਰੇ ਚਾਰ ਬੰਦੇ ਵੀ ਜੁੜ ਕੇ ਨਹੀਂ ਬੈਠਦੇ ਸੀ, ਉਸ ਸਮੇਂ ਜੱਸੋਵਾਲ ਨੇ ਮੋਹਨ ਸਿੰਘ ਮੇਲਾ ਸ਼ੁਰੂ ਕਰਵਾ ਕੇ ਹਜ਼ਾਰਾਂ-ਲੱਖਾਂ ਦੇ ਇਕੱਠ ਕਰਵਾਏ। ਉਸ ਨੇ ਪੰਜਾਬ ਵਿੱਚ ਮੇਲਿਆਂ ਦੀ ਲਹਿਰ ਖੜ੍ਹੀ ਕੀਤੀ। ਉਸ ਨੇ ਪੰਜਾਬੀ ਦੇ ਉੱਭਰਦੇ ਗਾਇਕਾਂ ਨੂੰ ਮੰਚ ਮੁਹੱਈਆ ਕਰਵਾਇਆ। ਸੱਭਿਆਚਾਰ ਦੇ ਇਸ ਨਿਰੰਤਰ ਵਹਿੰਦੇ ਦਰਿਆ ਵਿੱਚ ਚੁੱਭੀ ਲਾ ਕੇ ਕਈ ਵੱਡੇ ਕਲਾਕਾਰ ਤਰ ਗਏ। ਅੱਜ ਦੇ ਬਹੁਤੇ ਮਕਬੂਲ ਗਾਇਕ ਉਸੇ ਦੀ ਹੀ ਦੇਣ ਹਨ। ਕਲਾਕਾਰਾਂ ਦੇ ਹਲਕਿਆਂ ਵਿੱਚ ਜੱਸੋਵਾਲ ਨੂੰ ਪਿਆਰ ਤੇ ਸਨਮਾਨ ਨਾਲ ਬਾਪੂ ਕਹਿ ਕੇ ਨਿਵਾਜਿਆ ਜਾਂਦਾ ਹੈ। 
ਜੱਸੋਵਾਲ ਯਾਰਾਂ ਦਾ ਯਾਰ ਸੀ। ਯੁੱਗ ਕਵੀ ਪ੍ਰੋ. ਮੋਹਨ ਸਿੰਘ ਉਸ ਦਾ ਮਿੱਤਰ ਸੀ। ਇਕ ਵਾਰ ਪ੍ਰੋ. ਮੋਹਨ ਸਿੰਘ ਨੇ ਆਪਣੇ ਇਸ ਮਿੱਤਰ ਨੂੰ ਤਾਅਨਾ ਮਾਰਦਿਆਂ ਕਿਹਾ:- 
ਸਭ ਮੂੰਹ ਮੁਲਾਹਜ਼ੇ ਨੇ ਜਿਊਂਦਿਆਂ ਦੇ, 
ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦਿੰਦਾ।’’ 

ਜੱਸੋਵਾਲ ਨੇ ਆਪਣੇ ਪਰਮ ਮਿੱਤਰ ਦੇ ਕਹੇ ਬੋਲ ਪੁਗਾ ਦਿੱਤੇ। 1978 ਵਿੱਚ ਪ੍ਰੋ. ਮੋਹਨ ਸਿੰਘ ਦੇ ਤੁਰ ਜਾਣ ਤੋਂ ਬਾਅਦ ਜੱਸੋਵਾਲ ਨੇ ਪ੍ਰੋ. ਮੋਹਨ ਸਿੰਘ ਮੇਲੇ ਦੀ ਸ਼ੁਰੂਆਤ ਕੀਤੀ। ਜੱਸੋਵਾਲ ਦੇ ਘਰ ਮੁੱਠੀ ਭਰ ਬੰਦਿਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ ਇਹ ਮੇਲਾ ਅੱਗੇ ਜਾ ਕੇ ਸੱਭਿਆਚਾਰਕ ਮੇਲਿਆਂ ਦਾ ਸ਼ਾਹ ਅਸਵਾਰ ਮੇਲਾ ਬਣਿਆ। ਪ੍ਰੋ. ਮੋਹਨ ਸਿੰਘ ਮੇਲਾ ਪੰਜਾਬੀ ਸੱਭਿਆਚਾਰ, ਗੀਤ-ਸੰਗੀਤ, ਜਵਾਨੀ ਦੇ ਨਾਲ ਪੰਜਾਬ ਦੀਆਂ ਬਦਲਦੀਆਂ ਹਾਲਤਾਂ ਦੀ ਤਰਜਮਾਨੀ ਕਰਦਾ ਸੀ। ਜਗਦੇਵ ਸਿੰਘ ਜੱਸੋਵਾਲ ਨੇ ਜਿਊਂਦੇ ਜੀਅ 36 ਮੇਲੇ ਕਰਵਾਏ। ਛੱਤੀ ਵਰ੍ਹੇ ਉਹ ਮੇਲੇ ਨੂੰ ਸਫ਼ਲ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰਦਾ ਰਿਹਾ। ਜੱਸੋਵਾਲ ਦੋ ਮਹੀਨੇ ਮੇਲੇ ਦੀ ਤਿਆਰੀ ਵਿੱਚ ਲਾ ਦਿੰਦਾ ਅਤੇ ਮੇਲਾ ਹੋਣ ਤੋਂ ਬਾਅਦ ਦਸ ਮਹੀਨੇ ਅਗਲੇ ਮੇਲੇ ਦੀਆਂ ਤਿਆਰੀਆਂ/ਸਕੀਮਾਂ ਘੜਨ ਵਿੱਚ ਲਾ ਦਿੰਦਾ ਸੀ। ਉਹ ਹਰ ਪਲ ਮੇਲੇ ਲਈ ਜਿਊਂਦਾ ਸੀ। ‘ਮੋਹਨ! ਕਿੰਜ ਬਣਦਾ ਤੂੰ ਸ਼ਾਇਰ, ਜੇ ਕਰ ਮੈਂ ਨਾ ਮਰਦੀ।’ ਦੇ ਜਵਾਬ ਵਿੱਚ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਵੀ ਲਿਖਦਾ ਹੈ,

‘ਐ ਸ਼ਾਇਰ ਤੇਰਾ ਮੇਲਾ ਕਿਵੇਂ ਲੱਗਦਾ, ਜੇ ਜੱਸੋਵਾਲ ਨਾ ਹੁੰਦਾ।’
ਲੁਧਿਆਣਾ ਤੋਂ 9 ਕਿਲੋਮੀਟਰ ਦੂਰ ਗਰੇਵਾਲਾਂ ਦੇ 52 ਪਿੰਡਾਂ ਵਿੱਚੋਂ ਇਕ ਪਿੰਡ ਜੱਸੋਵਾਲ ਸੂਦਾਂ ਵਿਖੇ 30 ਅਪਰੈਲ, 1935 ਨੂੰ ਪਿਤਾ ਜ਼ੈਲਦਾਰ ਕਰਤਾਰ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਜਗਦੇਵ ਸਿੰਘ ਦਾ ਜਨਮ ਹੋਇਆ, ਜਿਸ ਦਾ ਛੋਟੇ ਹੁੰਦੇ ਦਾ ਨਿੱਕਾ ਨਾਮ ‘ਜੁਗੋ’ ਸੀ। ਜੱਸੋਵਾਲ ਦਾ ਪਰਿਵਾਰ ਪੜ੍ਹਿਆ-ਲਿਖਿਆ ਸੀ। ਉਹ ਆਪਣੇ ਮਾਪਿਆਂ ਦੀ ਚੌਥੀ ਔਲਾਦ ਸੀ। ਉਸ ਦਾ ਪਿਤਾ ਕਰਤਾਰ ਸਿੰਘ ਜ਼ੈਲਦਾਰ ਲਖਨਊ ਤੋਂ ਇੰਜੀਨੀਅਰਿੰਗ ਦੀ ਡਿਗਰੀ ਪਾਸ ਸਨ ਅਤੇ ਮਾਤਾ ਅਮਰ ਕੌਰ ਧਾਰਮਿਕ ਬਿਰਤੀ ਦੀ ਮਾਲਕ ਸੀ। ਉਸ ਦੇ ਚਾਰ ਭਰਾ ਸਨ। ਸਭ ਤੋਂ ਵੱਡਾ ਗੁਰਦੇਵ ਸਿੰਘ ਸੂਬੇਦਾਰ ਸੀ। ਉਸ ਤੋਂ ਬਾਅਦ ਸੁਖਦੇਵ ਸਿੰਘ ਗਰੇਵਾਲ ਇੰਜੀਨੀਅਰ ਅਤੇ ਚਮਕੌਰ ਸਿੰਘ ਭਾਰਤੀ ਫ਼ੌਜ ਵਿੱਚੋਂ ਕੈਪਟਨ ਰਿਟਾਇਰ ਹੋਇਆ। ਚੌਥੇ ਨੰਬਰ ’ਤੇ ਜਗਦੇਵ ਸਿੰਘ ਅਤੇ ਸਭ ਤੋਂ ਛੋਟੇ ਇੰਦਰਜੀਤ ਸਿੰਘ ਗਰੇਵਾਲ ਨੇ ਟਰਾਂਸਪੋਰਟ ਵਿਭਾਗ ਵਿੱਚ ਉੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਈਆਂ। ਛੋਟੇ ਹੁੰਦਿਆਂ ਜਗਦੇਵ ਨੂੰ ਵੱਡੇ ਬੁਲਾਰਿਆਂ ਦੀਆਂ ਤਕਰੀਰਾਂ ਸੁਣਨੀਆਂ, ਗਵੱਈਏ/ਕਵੀਸ਼ਰਾਂ ਤੋਂ ਗੀਤ, ਵਾਰਾਂ, ਬੋਲੀਆਂ ਸੁਣਨਾ ਅਤੇ ਮੇਲੇ ਦੇਖਣਾ ਚੰਗੇ ਲਗਦੇ। ਰਾਂਝੇ ਨੇ ਹੀਰ ਨੂੰ ਪਾਉਣ ਲਈ ਡੰਗਰ ਚਾਰੇ ਅਤੇ ਜੱਸੋਵਾਲ ਨੇ ਨਿੱਕੇ ਹੁੰਦਿਆਂ ਬੋਲੀਆਂ ਸੁਣਨ ਵਾਸਤੇ ਡੰਗਰ ਚਾਰੇ। ਬਾਬਾ ਨੱਥੂ ਤੋਂ ਬੋਲੀਆਂ ਸੁਣਨ ਬਦਲੇ ਉਹ ਉਸ ਦੇ ਡੰਗਰਾਂ ਨੂੰ ਚਾਰਦਾ। ਛੋਟਾ ਹੁੰਦਾ ਉਹ ਇਲਾਕੇ ਦੇ ਪ੍ਰਸਿੱਧ ਗਵੱਈਏ ਨਿਗਾਹੀਆ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਜਿਸ ਨੂੰ ਸੁਣਨ ਲਈ ਉਹ ਘੰਟਿਆਂ-ਬੱਧੀ ਬੈਠਾ ਰਹਿੰਦਾ। ਉਸ ਵੇਲੇ ਨਿੱਕੇ ਜੁਗੋ ਨੇ ਕਿੱਥੇ ਸੋਚਿਆ ਸੀ ਕਿ ਵੱਡਾ ਹੋ ਕੇ ਉਹ ਪ੍ਰੋ. ਮੋਹਨ ਸਿੰਘ ਮੇਲਾ ਸ਼ੁਰੂ ਕਰੇਗਾ ਜਿਸ ਨੂੰ ਦੇਖਣ ਲਈ ਦਰਸ਼ਕ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਘੰਟਿਆਂ-ਬੱਧੀ ਵੱਡੇ ਗੁਮੰਤਰੀਆਂ ਨੂੰ ਸੁਣਨ ਲਈ ਬੈਠਿਆ ਕਰਨਗੇ। 
ਜੱਸੋਵਾਲ ਨੇ ਪਿੰਡ ਦੇ ਸਕੂਲੋਂ ਮਿਡਲ ਤੱਕ ਪੜ੍ਹਾਈ। ਦਸਵÄ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਕਿਲਾ ਰਾਏਪੁਰ ਅਤੇ ਅਗਾਂਹ ਐਫ.ਏ. ਤੇ ਬੀ.ਏ. ਆਰੀਆ ਕਾਲਜ ਲੁਧਿਆਣਾ ਤੇ ਐਮ.ਏ. ਸਰਕਾਰੀ ਕਾਲਜ ਤੋਂ ਕੀਤੀ। ਅਲੀਗੜ੍ਹ ਯੂਨੀਵਰਸਿਟੀ ਤੋਂ ਐਲ.ਐਲ.ਬੀ. ਪਾਸ ਕੀਤੀ। ਜੱਸੋਵਾਲ ਦੀ ਐਮ.ਏ. ਦੀ ਪੜ੍ਹਾਈ ਹੋਣ ਤੋਂ ਬਾਅਦ ਘਰਦਿਆਂ ਨੂੰ ਉਸ ਦੇ ਵਿਆਹ ਦੀ ਕਾਹਲੀ ਪੈ ਗਈ। ਉਸ ਦਾ ਮੰਗਣਾ ਕਰਨ ਲਈ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਨੇੜਲੇ ਪਿੰਡ ਧੂੜਕੋਟ ਤੋਂ ਬੰਦੇ ਉਸ ਦੇ ਘਰ ਆਏ ਤਾਂ ਉਹ ਤੂੜੀ ਵਾਲੇ ਕੋਠੇ ’ਚ ਜਾ ਲੁਕਿਆ। ਬੇਬੇ ਨੇ ਉਸ ਨੂੰ ਮਸਾਂ ਵਿਆਹ ਲਈ ਮਨਾਇਆ। ਜੱਸੋਵਾਲ ਦੀ ਬਰਾਤ ਕਿਲਾ ਰਾਏਪੁਰ ਤੋਂ ਰੇਲ ਗੱਡੀ ਰਾਹÄ ਵਾਇਆ ਧੂਰੀ ਹੁੰਦੀ ਹੋਈ ਬਰਨਾਲੇ ਪੁੱਜੀ ਅਤੇ ਅੱਗੇ ਰੱਥਾਂ/ਗੱਡੀਆਂ ਉਤੇ ਧੂੜਕੋਟ ਪਹੰੁਚੀ। ਤਿੰਨ ਦਿਨ ਬਰਾਤ ਰਹੀ ਅਤੇ ਮੇਲੇ ਵਰਗਾ ਮਾਹੌਲ ਹੀ ਬਣ ਗਿਆ। ਜੱਸੋਵਾਲ ਦੇ ਵਿਆਹ ਉਤੇ ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਦੇ ਮਸ਼ਹੂਰ ਕਵੀਸ਼ਰੀ ਜੱਥਿਆਂ ਦਾ ਅਖਾੜਾ ਲੱਗਾ। ਜੱਸੋਵਾਲ ਤੇ ਪਾਰਸ ਦੋਵੇਂ ਆਪੋ-ਆਪਣੇ ਖੇਤਰਾਂ ਦੇ ਸ਼ਾਹ ਅਸਵਾਰ ਰਹੇ ਹਨ। ਜੱਸੋਵਾਲ ਨੇ ਜਦੋਂ ਮੁਕਲਾਵਾ ਲੈਣ ਜਾਣਾ ਸੀ ਤਾਂ ਉਹਨੀਂ ਦਿਨÄ ਪੰਜਾਬੀ ਸੂਬੇ ਲਈ ਮੋਰਚੇ ਲਾਏ ਜਾ ਰਹੇ ਸਨ। ਜੱਸੋਵਾਲ ਨਵਾਂ ਕੁੜਤਾ ਪਜਾਮਾ ਸਵਾਉਣ ਲਈ ਲੁਧਿਆਣੇ ਗਿਆ, ਜਿੱਥੇ ਉਹ ਵਿਹਲੇ ਸਮੇਂ ਲੁਧਿਆਣਾ ਦੇ ਕਲਗ਼ੀਧਰ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਚਲਾ ਗਿਆ। ਉਥੇ ਪੰਜਾਬੀ ਸੂਬੇ ਦੇ ਮੋਰਚੇ ਵਾਲਿਆਂ ਦਾ ਇਕੱਠ ਵੇਖ ਉਹ ਦਰਜੀ ਕੋਲੋਂ ਕੁੜਤਾ-ਪਜਾਮਾ ਲੈਣਾ ਭੁੱਲ ਕੇ ਕਾਨਫ਼ਰੰਸ ਸੁਣਨ ਲੱਗ ਪਿਆ। ਪੰਜਾਬੀ ਸੂਬੇ ਦੇ ਨਾਅਰਿਆਂ ਕਾਰਨ ਜੋਸ਼ ਵਿੱਚ ਆਏ ਜੱਸੋਵਾਲ ਨੇ ਵੀ ਇਕ ਨਾਅਰਾ ਲਾ ਦਿੱਤਾ। ਅੱਗਿਉਂ ਪੁਲਿਸ ਮੋਰਚੇ ਦੌਰਾਨ ਨਾਅਰੇ ਲਾਉਣ ਵਾਲੇ ਸਾਰੇ ਬੰਦਿਆਂ ਨੂੰ ਫੜ ਕੇ ਲੈ ਗਈ। ਇੰਝ ਸਹੁਰÄ ਮੁਕਲਾਵਾ ਲੈਣ ਜਾਣ ਦੀ ਬਜਾਏ ਜੱਸੋਵਾਲ ਜੇਲ ਜਾ ਪੁੱਜਾ। ਜੱਸੋਵਾਲ ਨੇ ਪੰਜਾਬੀ ਸੂਬੇ ਦੇ ਮੋਰਚੇ ਲਈ ਦੋ ਸਾਲ ਦੀ ਕੈਦ ਵੀ ਕੱਟੀ ਅਤੇ ਦਸ ਹਜ਼ਾਰ ਰੁੁਪਏ ਜੁਰਮਾਨਾ ਵੀ ਭਰਿਆ। 
ਜੱਸੋਵਾਲ ਦਾ ਆਪਣੀ ਪਤਨੀ ਨਾਲ ਜਨਤਕ ਤੌਰ ’ਤੇ ਤਾਅ-ਉਮਰ ਹਾਸਾ-ਮਖੌਲ ਚਲਦਾ ਰਿਹਾ। ਉਸ ਦੇ ‘ਆਲ੍ਹਣੇ’ ਵਿੱਚ ਆਉਣ ਵਾਲੇ ਹਰ ਮਹਿਮਾਨ ਨੂੰ ਪਤਾ ਹੈ ਕਿ ਕਿੰਝ ਜੱਸੋਵਾਲ ਆਪਣੀ ਪਤਨੀ ਨਾਲ ਮਸ਼ਕਰੀਆਂ ਕਰਦਾ ਹੁੰਦਾ ਸੀ। ਉਸ ਦਾ ਇਕ ਤਕੀਆ ਕਲਾਮ ਰਿਹਾ,
‘‘ਲੋਕ ਤਾਂ ਧਨੌਲੇ (ਮਸ਼ਹੂਰ ਪਸ਼ੂ ਮੰਡੀ ਵਾਲਾ ਕਸਬਾ) ਤੋਂ ਡੰਗਰ ਲੈ ਕੇ ਆਉਂਦੇ ਹਨ ਪਰ ਮੈਂ ਉਥੋਂ ਆਪਣੀ ਘਰ ਵਾਲੀ ਲੈ ਕੇ ਆਇਆ ਹਾਂ।’’

ਜੱਸੋਵਾਲ ਦੇ ਦੋ ਪੁੱਤਰ ਹਨ ਇਕ ਸੁਖਮਿੰਦਰ ਸਿੰਘ ਗਰੇਵਾਲ, ਜੋ ਖੇਤੀਬਾੜੀ ਕਰਦਾ ਹੈ ਅਤੇ ਦੂਜਾ ਜਸਵਿੰਦਰ ਸਿੰਘ ਗਰੇਵਾਲ ਕੈਨੇਡਾ ਰਹਿੰਦਾ ਹੈ। ਜਗਦੇਵ ਸਿੰਘ ਜੱਸੋਵਾਲ ਨੂੰ ਜਵਾਨੀ ਵਿੱਚ ਹੀ ਘਰ ਦੀ ਕਬੀਲਦਾਰੀ ਨੇ ਘੇਰ ਲਿਆ ਸੀ ਕਿਉਂਕਿ 18 ਜੂਨ, 1958 ਨੂੰ ਉਸ ਦੇ ਪਿਤਾ ਦਾ ਕਤਲ ਹੋ ਗਿਆ। ਜੱਸੋਵਾਲ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਅਤੇ ਔਖੇ ਵੇਲੇ ਉਸ ਦੇ ਸਰਦੇ-ਪੁੱਜਦੇ ਸਹੁਰਾ ਪਰਿਵਾਰ ਨੇ ਉਸ ਦਾ ਸਾਥ ਦਿੱਤਾ।
ਰਾਜਨੀਤੀ ਵਿੱਚ ਜੱਸੋਵਾਲ ਦਾ ਦਾਖ਼ਲਾ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋਇਆ, ਜਦੋਂ ਜਗਦੇਵ ਸਿੰਘ ਪੰਜਾਬੀ ਮੋਰਚੇ ਵਿੱਚ ਜੇਲ ਕੱਟ ਕੇ ਪਿੰਡ ਪੁੱਜਿਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਇੰਝ ਉਹ ਜਗਦੇਵ ਸਿੰਘ ਜੁਗੋ ਤੋਂ ਜਗਦੇਵ ਸਿੰਘ ਜੱਸੋਵਾਲ ਬਣ ਗਿਆ। ਅੱਜ ਕਿਤੇ ਵੀ ਜੱਸੋਵਾਲ ਪਿੰਡ ਦਾ ਨਾਂ ਲਿਆ ਜਾਂਦਾ ਹੈ ਤਾਂ ਸਭ ਦੇ ਚੇਤਿਆਂ ਵਿੱਚ ਜਗਦੇਵ ਸਿੰਘ ਜੱਸੋਵਾਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਸਰਪੰਚੀ ਦੇ ਸਫ਼ਰ ਦੌਰਾਨ ਜੱਸੋਵਾਲ ਨੇ ਪਿੰਡ ਵਿੱਚ ਲੋਕ ਭਲਾਈ ਤੇ ਵਿਕਾਸ ਦੇ ਕੰਮ ਬਹੁਤ ਕਰਵਾਏ। ਗ਼ਰੀਬਾਂ ਦੀ ਮਦਦ ਕੀਤੀ। ਮਿੱਠ ਬੋਲੜੇ ਸੁਭਾਅ ਨਾਲ ਉਸ ਦਾ ਸਤਿਕਾਰ ਹੋਰ ਵਧ ਗਿਆ। ਲੋਕਾਂ ਦੇ ਲੜਾਈ-ਝਗੜਿਆਂ ਨੂੰ ਨਿਬੇੜਨ ਦਾ ਉਸ ਨੂੰ ਵਾਹਵਾ ਵੱਲ ਸੀ, ਜਿਸ ਕਾਰਨ ਰਾਜਨੀਤੀ ਦਾ ਸਫ਼ਰ ਇਕੱਲੀ ਸਰਪੰਚੀ ਤਕ ਸੀਮਤ ਨਾ ਰਿਹਾ। ਸਰਪੰਚੀ ਤੋਂ ਬਾਅਦ ਜੱਸੋਵਾਲ ਨੇ ਕਾਨੂੰਨ ਦੀ ਪੜ੍ਹਾਈ ਕੀਤੀ। ਉਸ ਨੇ ਲਲਤੋਂ ਖ਼ੁਰਦ ਵਿਖੇ ਪਹਿਲੀ ਕਾਨਫ਼ਰੰਸ ਸੁਣੀ ਸੀ, ਜਿੱਥੇ ਦੇਸ਼ ਭਗਤ ਬਾਬਾ ਗੁਰਮੁਖ ਸਿੰਘ ਦਾ ਜੇਲੋਂ ਵਾਪਸ ਆਉਣ ’ਤੇ ਸਨਮਾਨ ਰੱਖਿਆ ਗਿਆ ਸੀ। ਉਸ ਨੇ ਪਹਿਲੀ ਵਾਰ ਵੱਡੇ ਲੀਡਰਾਂ ਦੀਆਂ ਤਕਰੀਰਾਂ ਸੁਣੀਆਂ ਜਿਸ ਤੋਂ ਉਹ ਬਹੁਤ ਪ੍ਰਭਾਵਤ ਹੋਇਆ। ਮਾਸਟਰ ਤਾਰਾ ਸਿੰਘ ਨੇ ਜੱਸੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾ ਦਿੱਤਾ। ਉਸ ਵੇਲੇ ਤਤਕਾਲੀ ਵਿਧਾਇਕ ਗੁਰਨਾਮ ਸਿੰਘ ਅਤੇ ਆਤਮਾ ਸਿੰਘ ਵੀ ਜਨਰਲ ਸਕੱਤਰ ਥਾਪੇ ਗਏ। 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੱਸੋਵਾਲ ਐਮ.ਐਲ.ਏ. ਦੀ ਚੋਣ ਲੜਨਾ ਚਾਹੁੰਦਾ ਸੀ ਪਰ ਉਸ ਨੂੰ ਟਿਕਟ ਨਾ ਮਿਲੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨਾਲ ਨੇੜਤਾ ਕਾਰਨ ਜੱਸੋਵਾਲ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। 
ਜੱਸੋਵਾਲ ਦੇ ਰਾਜਸੀ ਸੁਪਨੇ ਉਸ ਵੇਲੇ ਸਾਕਾਰ ਹੁੰਦੇ ਜਾਪੇ, ਜਦੋਂ ਜਸਟਿਸ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਜੱਸੋਵਾਲ ਨੂੰ ਆਪਣਾ ਰਾਜਸੀ ਸਕੱਤਰ ਨਿਯੁਕਤ ਕਰ ਲਿਆ। ਇੰਝ ਪਿੰਡ ਦੀ ਸਰਪੰਚੀ ਤੋਂ ਉਹ ਸਿੱਧਾ ਚੰਡੀਗੜ੍ਹ ਸਥਿਤ ਸਕੱਤਰੇਤ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਜਾ ਪੁੱਜਾ। ਗੁਰਨਾਮ ਸਿੰਘ ਦੀ ਸਰਕਾਰ ਟੁੱਟਣ ਤੋਂ ਬਾਅਦ ਬਣੇ ਵੱਖਰੇ ਅਕਾਲੀ ਦਲ ਦਾ ਉਹ ਮੁੱਖ ਬੁਲਾਰਾ ਬਣਿਆ। 1972 ਦੀਆਂ ਚੋਣਾਂ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਜੱਸੋਵਾਲ ਨੂੰ ਐਮ.ਐਲ.ਏ. ਦੀ ਟਿਕਟ ਦਿੱਤੀ ਪਰ ਉਹ ਗਿਆਨੀ ਅਰਜਨ ਸਿੰਘ ਤੋਂ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ। ਜਸਟਿਸ ਗੁਰਨਾਮ ਸਿੰਘ ਦੇ ਆਸਟ੍ਰੇਲੀਆ ਜਾ ਕੇ ਸਫ਼ੀਰ ਬਣਨ ਉਪਰੰਤ ਜੱਸੋਵਾਲ ਇਕੱਲਾ ਪੈ ਗਿਆ। ਗਿਆਨੀ ਜ਼ੈਲ ਸਿੰਘ ਨੂੰ ਜੱਸੋਵਾਲ ਵਰਗੇ ਹੀਰੇ ਦੀ ਪਰਖ ਸੀ। ਉਸ ਨੇ ਜੱਸੋਵਾਲ ਨੂੰ ਚੋਣ ਹਾਰਨ ਦੇ ਬਾਵਜੂਦ ਹੌਸਲਾ ਦਿੱਤਾ ਅਤੇ ਪੰਜਾਬ ਸਪੋਰਟਸ ਯੂਥ ਭਲਾਈ ਤੇ ਕਲਚਰਲ ਬੋਰਡ ਦਾ ਮੁੱਖ ਸਲਾਹਕਾਰ ਥਾਪ ਦਿੱਤਾ ਅਤੇ ਉਹ ਮੁੜ ਚੰਡੀਗੜ੍ਹ ਸਕੱਤਰੇਤ ਵਿੱਚ ਦਾਖ਼ਲ ਹੋ ਗਿਆ। ਜੱਸੋਵਾਲ ਦਾ ਐਮ.ਐਲ.ਏ. ਬਣਨ ਦਾ ਸੁਪਨਾ 1980 ਵਿੱਚ ਪੂਰਾ ਹੋਇਆ, ਜਦੋਂ ਉਸ ਨੇ ਕਾਂਗਰਸ ਦੀ ਟਿਕਟ ’ਤੇ ਰਾਏਕੋਟ ਵਿਧਾਨ ਸਭਾ ਸੀਟ ਜਿੱਤੀ। ਜੱਸੋਵਾਲ ਨੇ ਅਕਾਲੀ ਉਮੀਦਵਾਰ ਅਤੇ ਜਥੇਦਾਰ ਜਗਦੇਵ ਸਿੰਘ ਤਲੰਵਡੀ ਦੇ ਵੱਡੇ ਭਰਾ ਦੇਵਰਾਜ ਸਿੰਘ ਨੂੰ ਹਰਾਇਆ।
ਉਂਝ ਸਭ ਸਿਆਸੀ ਲੋਕ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਸ ਦਾ ਸਤਿਕਾਰ ਕਰਦੇ ਹਨ। ਉਸ ਦਾ ਦਿਲ ਤਾਂ ਪੰਜਾਬ ਦੇ ਮੇਲਿਆਂ ਵਿੱਚ ਧੜਕਦਾ ਸੀ। ਉਹ ਕੁਲਵਕਤੀ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੋ ਗਿਆ ਅਤੇ ਸੱਭਿਆਚਾਰਕ ਮੇਲਿਆਂ ਦੀ ਸਰਪ੍ਰਸਤੀ ਕਰਨਾ ਉਸ ਦਾ ਨਿਤਨੇਮ ਬਣ ਗਿਆ। ਉਸ ਨੂੰ ‘ਸੱਭਿਆਚਾਰ ਦਾ ਦੂਤ’ ਅਤੇ ‘ਗਵੱਈਆਂ ਦਾ ਗਵਰਨਰ’ ਕਹਿੰਦੇ ਹਨ। 
ਨਿੰਦਰ ਘੁਗਿਆਣਵੀ ਨੇ ਤਾਂ ਉਸ ਉਪਰ ਤਿੰਨ ਪੁਸਤਕਾਂ ਲਿਖ ਦਿੱਤੀਆਂ। ਨਿੰਦਰ ਵੱਲੋਂ ਸੰਪਾਦਤ ਕੀਤੀ ਪੁਸਤਕ ‘ਜਗਦੇਵ ਸਿੰਘ ਜੱਸੋਵਾਲ ਜੀਵਨ ਤੇ ਸ਼ਖ਼ਸੀਅਤ’ ਵਿੱਚ ਨਾਮੀ ਲੇਖਕਾਂ ਦੇ ਉਸ ਬਾਰੇ ਲਿਖੇ ਛੋਟੇ ਰੇਖਾ ਚਿੱਤਰ ਸ਼ਾਮਲ ਹਨ। ਯਾਦਾਂ ਭਰੀ ਪੁਸਤਕ ‘ਬਾਪੂ ਖੁਸ਼ ਹੈ’। ਇਕ ਕਿਤਾਬ ਨਿੰਦਰ ਦੀ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਜਿਸ ਦਾ ਸਿਰਲੇਖ ‘ਲਿਵਿੰਗ ਲੀਜੈਂਡ ਆਫ਼ ਦਿ ਪੰਜਾਬੀ ਕਲਚਰ’ ਸੀ। ਕਿਰਪਾਲ ਸਿੰਘ ਕਸੇਲ ਨੇ ਉਸ ਨੂੰ ‘ਪੰਜਾਬੀ ਵਿਰਸੇ ਦਾ ਰਖਵਾਲਾ’, ਸੁਰਜੀਤ ਪਾਤਰ ਨੇ ‘ਗਾਉਂਦੀ ਨੱਚਦੀ ਤੇ ਹੱਸਦੀ ਰੂਹ ਦੇ ਦੀਦਾਰ’, ਪਿ੍ਰੰਸੀਪਲ ਸਰਵਣ ਸਿੰਘ ਨੇ ‘ਗਵੱਈਆਂ ਦਾ ਗਵਰਨਰ’, ਰਾਮ ਸਰੂਪ ਅਣਖੀ ਨੇ ‘ਮੋਹਨ ਸਿੰਘ ਮੇਲੇ ਵਾਲਾ ਜੱਸੋਵਾਲ’, ਅਜਮੇਰ ਔਲਖ ਨੇ ‘ਲੋਕ ਗਾਇਕੀ ਦੇ ਟਿੱਲੇ ਦਾ ਬਾਲਕ ਨਾਥ’, ਹਰਬੀਰ ਸਿੰਘ ਭੰਵਰ ਨੇ ‘ਪੰਜਾਬ ਦਾ ਛੇਵਾਂ ਦਰਿਆ’, ਸ.ਸ. ਦੁਸਾਂਝ ਨੇ ‘ਪੰਜਾਬੀ ਸੱਭਿਆਚਾਰ ਦਾ ਸਮੁੰਦਰ’, ਡਾ. ਹਰਭਜਨ ਸਿੰਘ ਦਿਉਲ ਨੇ ‘ਇਕ ਰਹੱਸਮਈ ਸ਼ਖ਼ਸੀਅਤ’, ਹਰਭਜਨ ਸਿੰਘ ਬਟਾਲਵੀ ਨੇ ‘ਅੱਜ ਦਾ ਹਾਤਮ ਤਾਈ’ ਸਿਰਲੇਖ ਹੇਠ ਉਸ ਬਾਰੇ ਲਿਖਿਆ। 
ਕਲਾਕਾਰ ਦੇ ਹਰ ਦੁੱਖ-ਸੁੱਖ ਵਿੱਚ ਉਹ ਸ਼ਰੀਕ ਹੁੰਦਾ ਸੀ। ਜਿਸ ਵੇਲੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕਤਲ ਹੋਇਆ ਤਾਂ ਜੱਸੋਵਾਲ ਨੇ ਮੂਹਰੇ ਹੋ ਕੇ ਇਸ ਕਾਰੇ ਦਾ ਨਾ ਸਿਰਫ਼ ਰੋਸ ਪ੍ਰਗਟ ਕੀਤਾ, ਸਗੋਂ ਬਾਕੀ ਕਲਾਕਾਰਾਂ ਦੇ ਅੱਗੇ ਹਿੱਕ ਤਾਣ ਕੇ ਖੜ੍ਹਾ ਹੋਇਆ। ਉਸ ਦੇ ਬੋਲ ਸਨ, ‘‘ਜੇ ਕਲਾਕਾਰ ਮਾਰ ਕੇ ਹੀ ਮਸਲੇ ਹੱਲ ਹੁੰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਇਕ ਕਤਾਰ ਵਿੱਚ ਖੜ੍ਹੇ ਕਰ ਕੇ ਗੋਲੀਆਂ ਮਾਰੋ।’’ ਕਲਾਕਾਰਾਂ ਪ੍ਰਤੀ ਉਹ ਬਹੁਤ ਭਾਵੁਕ ਸੀ। ਜੇਕਰ ਕੋਈ ਵਾਕਫ਼ ਜੱਸੋਵਾਲ ਕੋਲ ਵਿਆਹ ਜਾਂ ਹੋਰ ਸਮਾਗਮ ਲਈ ਕਿਸੇ ਕਲਾਕਾਰ ਨੂੰ ਬੁੱਕ ਕਰਨ ਲਈ ਚਲਾ ਜਾਂਦਾ ਤਾਂ ਉਸ ਕੋਲੋਂ ਕਲਾਕਾਰ ਦਾ ਨੁਕਸਾਨ ਨਹੀਂ ਹੁੰਦਾ ਸੀ। ਉਹ ਸਾਹਮਣੇ ਦਾ ਮਾਣ ਰੱਖਣ ਲਈ ਕਲਾਕਾਰ ਨੂੰ ਫ਼ੋਨ ਜ਼ਰੂਰ ਕਰ ਦਿੰਦਾ ਪਰ ਉਸ ਦਾ ਪਹਿਲਾਂ ਹੀ ਕਲਾਕਾਰਾਂ ਨੂੰ ਕਿਹਾ ਹੁੰਦਾ ਸੀ ਕਿ ਉਸ ਦੇ ਕਹਿਣ ਉਤੇ ਆਪਣਾ ਰੇਟ ਨਾ ਘਟਾਇਉ
 ਮੋਹਨ ਸਿੰਘ ਮੇਲਾ ਜੱਸੋਵਾਲ ਦੀ ਪਛਾਣ ਹੈ ਅਤੇ ਜੱਸੋਵਾਲ ਮੋਹਨ ਸਿੰਘ ਮੇਲੇ ਦੀ ਪਛਾਣ। ਦੋਵੇਂ ਇਕ-ਦੂਜੇ ਬਿਨਾਂ ਅਧੂਰੇ ਹਨ। ਉਸ ਦੇ ਹੱਥੀਂ ਲਾਏ ਬੂਟੇ ਨੇ ਪੰਜਾਬੀ ਗਾਇਕੀ ਨੂੰ ਠੰਢੀ ਹਵਾ ਦਾ ਬੁੱਲਾ ਦਿੱਤਾ। ਪਹਿਲੇ ਮੇਲੇ ਦੀ ਤਿਆਰੀ ਕਮੇਟੀ ਦੀ ਮੀਟਿੰਗ ਵਿੱਚ ਤਖਤ ਸਿੰਘ, ਸੰਤ ਸਿੰਘ ਸੇਖੋਂ, ਲਾਲ ਚੰਦ ਯਮਲਾ ਜੱਟ, ਸੋਹਣ ਸਿੰਘ ਸ਼ੀਤਲ, ਨਰਿੰਦਰ ਬੀਬਾ, ਪਿ੍ਰੰਸੀਪਲ ਪ੍ਰੇਮ ਸਿੰਘ, ਗੁਲਜ਼ਾਰ ਸਿੰਘ ਸੰਧੂ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਜਗਦੇਵ ਸਿੰਘ ਜੱਸੋਵਾਲ ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਦੇ ਬਾਨੀ ਪ੍ਰਧਾਨ ਅਤੇ ਸੋਹਣ ਸਿੰਘ ਅਰੋੜਾ ਬਾਨੀ ਸਕੱਤਰ ਬਣੇ। ਪਹਿਲਾ ਮੇਲਾ ਜੱਸੋਵਾਲ ਦੇ ਗੁਰਦੇਵ ਨਗਰ ਸਥਿਤ ਘਰ ਮੁੱਠੀ ਭਰ ਬੰਦਿਆਂ ਦੀ ਹਾਜ਼ਰੀ ਵਿੱਚ ਜੁੜਿਆ। ਦੂਜੇ ਸਾਲ ਵੀ ਮੇਲਾ ਗੁਰਦੇਵ ਨਗਰ ਜੁੜਿਆ ਜਿਸ ਵਿੱਚ ਗਿਣਤੀ 700-800 ਤੱਕ ਪੁੱਜੀ। 1980 ਵਿੱਚ ਮੇਲਾ ਪਹਿਲੀ ਵਾਰ ਗੁਰਦੇਵ ਨਗਰ ਵਿੱਚੋਂ ਨਿਕਲ ਕੇ ਪੰਜਾਬੀ ਭਵਨ ਦੇ ਵਿਹੜੇ ਜੁੜਿਆ। ਇਹ ਮੇਲਾ ਸਵਰਗੀ ਮਹਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਇਆ। 1980 ਵਿੱਚ ਜੱਸੋਵਾਲ ਵੀ ਐਮ.ਐਲ.ਏ. ਬਣ ਗਿਆ ਅਤੇ ਮੇਲੇ ਦਾ ਇਕੱਠ ਵੀ ਸੈਂਕੜਿਆਂ ਤੋਂ ਹਜ਼ਾਰਾਂ ਵਿੱਚ ਪੁੱਜ ਗਿਆ। 
1981 ਵਿੱਚ ਇਹ ਮੇਲਾ ਦੋ ਰੋਜ਼ਾ ਹੋ ਗਿਆ। ਪਹਿਲਾ ਦਿਨ ਸਾਹਿਤਕ ਸਰਗਰਮੀਆਂ ਅਤੇ ਦੂਜਾ ਦਿਨ ਸੱਭਿਆਚਾਰਕ ਮੇਲੇ ਨੂੰ ਸਮਰਪਿਤ ਹੁੰਦਾ ਸੀ। 1985 ਵਿੱਚ ਮੁੁਹੰਮਦ ਸਦੀਕ ਨੇ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦਾ ਐਲ.ਪੀ. ਰਿਕਾਰਡ ਰਿਲੀਜ਼ ਕੀਤਾ। 1990 ਵਿੱਚ ਜੱਸੋਵਾਲ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਹਿੱਸਾ ਲੈਣ ਕੈਨੇਡਾ ਗਿਆ ਸੀ, ਜਿੱਥੋਂ ਉਸ ਨੇ ਰਿਮੋਟ ਨਾਲ ਮੇਲੇ ਦਾ ਉਦਘਾਟਨ ਕੀਤਾ। ਗੁਲਬਾਗ਼ ਸਿੰਘ ਚੰਨ, ਉਸਤਾਦ ਲਾਲ ਚੰਦ ਯਮਲਾ ਜੱਟ, ਮੁਹੰਮਦ ਸਦੀਕ-ਰਣਜੀਤ ਕੌਰ, ਅਮਰ ਸਿੰਘ ਚਮਕੀਲਾ-ਬੀਬਾ ਅਮਨਜੋਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਦੀਦਾਰ ਸੰਧੂ, ਜਗਮੋਹਨ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ, ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਪੰਮੀ ਬਾਈ, ਮਨਮੋਹਨ ਵਾਰਿਸ, ਪਰਮਿੰਦਰ ਸੰਧੂ, ਸਰਦੂਲ ਸਿਕੰਦਰ, ਸਰਬਜੀਤ ਚੀਮਾ, ਸੁਰਜੀਤ ਬਿੰਦਰਖੀਆ, ਜੈਜ਼ੀ ਬੀ, ਕਮਲਜੀਤ ਨੀਰੂ, ਦਿਲਸ਼ਾਦ ਅਖ਼ਤਰ, ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਹਰਦੇਵ ਮਾਹੀਨੰਗਲ, ਅੰਗਰੇਜ਼ ਅਲੀ, ਹਰਜੀਤ ਹਰਮਨ, ਦਿਲਜੀਤ ਦੁਸਾਂਝ ਆਦਿ ਗਾਇਕ ਇਸੇ ਮੇਲੇ ਦਾ ਅਟੁੱਟ ਅੰਗ ਬਣੇ, ਜਿਨ੍ਹਾਂ ਨੇ ਵਾਰੋ-ਵਾਰੀ ਵਰਿ੍ਹਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ।
ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ 1988 ਵਿੱਚ ਆਪਣਾ ਪਹਿਲਾ ਛਣਕਾਟਾ-88 ਮੇਲੇ ਦੌਰਾਨ ਹੀ ਰਿਲੀਜ਼ ਕੀਤਾ। 1989 ਵਿੱਚ ਦਿਲਸ਼ਾਦ ਅਖ਼ਤਰ ਮੇਲੇ ਦੀ ਹੀ ਪੈਦਾਇਸ਼ ਸੀ। 1990 ਵਿੱਚ ਪੰਮੀ ਬਾਈ ਤੇ ਸੁਰਜੀਤ ਬਿੰਦਰਖੀਆ ਨੇ ਭੰਗੜੇ ਦੇ ਨਾਲ ਬੋਲੀਆਂ ਪਾਈਆਂ, ਬਾਅਦ ਵਿੱਚ ਇਹ ਦੋਵੇਂ ਫ਼ਨਕਾਰ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਚਮਕੇ। 
1991 ਦਾ ਮੇਲਾ ਬਹੁਤ ਖ਼ਾਸ ਰਿਹਾ। ਸਿੰਘ ਬੰਧੂਆਂ ਨੇ ਜਿੱਥੇ ਮੇਲੇ ਨੂੰ ਚਾਰ ਚੰਨ ਲਾਏ। ਇਸੇ ਸਾਲ ਉਸਤਾਦ ਲਾਲ ਯਮਲਾ ਜੱਟ ਦਾ ਇਹ ਆਖ਼ਰੀ ਮੇਲਾ ਸੀ। ਇਸ ਸਾਲ ਪਹਿਲੀ ਵਾਰ ਗੁਰਦਾਸ ਮਾਨ ਤੇ ਹੰਸ ਰਾਜ ਹੰਸ ਨੇ ਵਾਰੋ-ਵਾਰੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ ਅਤੇ ਇਕ ਮੌਕੇ ਦੋਵੇਂ ਗਾਇਕਾਂ ਵਿਚਾਲੇ ਮੁਕਾਬੇਲਬਾਜ਼ੀ ਦਾ ਦੌਰ ਚੱਲ ਪਿਆ ਸੀ। 1992 ਵਿੱਚ ਪ੍ਰੋ. ਮੋਹਨ ਸਿੰਘ ਮੇਲੇ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਹਰਭਜਨ ਮਾਨ ਵਰਗਾ ਹੀਰਾ ਪਾਇਆ, ਜੋ ਬਾਅਦ ਵਿੱਚ ਗਾਇਕੀ, ਕਵੀਸ਼ਰੀ ਤੇ ਆਧੁਨਿਕ ਪੰਜਾਬੀ ਫ਼ਿਲਮਾਂ ਦਾ ਵਾਰਸ ਬਣਿਆ। 1993 ਤੇ 1994 ਵਿੱਚ ਮੇਲੇ ਨੂੰ ਨਹਿਰ ਦੇ ਕੰਢੇ ਮਾਡਲ ਟਾਊਨ ਐਕਸਟੈਂਸ਼ਨ ਵਾਲੀ ਰੋਡ ’ਤੇ ਕਰਵਾਇਆ ਗਿਆ। ਇਸੇ ਸਾਲ ਪਰਮਿੰਦਰ ਸੰਧੂ ਤੇ ਮਨਮੋਹਨ ਵਾਰਿਸ ਨੂੰ ਪਹਿਲੀ ਵਾਰ ਸਰੋਤਿਆਂ ਦੇ ਸਨਮੁਖ ਪੇਸ਼ ਕੀਤਾ ਅਤੇ ਫੇਰ ਇਨ੍ਹਾਂ ਦੀ ਗੁੱਡੀ ਚੜ੍ਹ ਗਈ। ਜਗਮੋਹਨ ਕੌਰ ਜਦੋਂ ਕੈਨੇਡਾ ਛੱਡ ਕੇ ਵਾਪਸ ਪੰਜਾਬ ਆਈ ਤਾਂ ਜਗਦੇਵ ਸਿੰਘ ਜੱਸੋਵਾਲ ਨੇ ਜਗਮੋਹਨ ਕੌਰ ਨੂੰ ਮਿਹਣਾ ਮਾਰਦਿਆਂ ਕਿਹਾ;
ਉਦੋਂ ਕਿਉਂ ਨਾ ਆਇਓਂ ਮਿੱਤਰਾ, ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ ਉਹਨੀਂ ਦਿਨੀਂ ਪ੍ਰੋ. ਮੋਹਨ ਸਿੰਘ ਮੇਲਾ ਨਹਿਰ ਵਾਲੇ ਪਾਸੇ ਲੱਗਿਆ, ਜਿੱਥੇ ਪੰਜਾਬ ਪਰਤੀ ਜਗਮੋਹਨ ਕੌਰ ਨੇ ਵੀ ਪੇਸ਼ਕਾਰੀ ਦਿੱਤੀ। ਜਗਮੋਹਨ ਕੌਰ ਨੇ ਮੁੜ ਆਪਣੀ ਪਹਿਲਾਂ ਵਾਲੀ ਚੜ੍ਹਤ ਕਾਇਮ ਕੀਤੀ ਅਤੇ ਮੇਲੇ ਨੂੰ ਸਿਖਰਾਂ ਉਤੇ ਪਹੁੰਚਾਇਆ। ਆਪਣੀ ਸ਼ਾਨਦਾਰ ਤੇ ਸਫ਼ਲ ਵਾਪਸੀ ਉਤੇ ਜਗਮੋਹਨ ਕੌਰ ਨੇ ਸਟੇਜ ਉਤੋਂ ਹੀ ਜੱਸੋਵਾਲ ਨੂੰ ਮਿਹਣੇ ਦਾ ਜਵਾਬ ਦਿੰਦਿਆਂ ਕਿਹਾ;
ਚੰਗੇ ਵੇਲੇ ਆਇਓਂ ਮਿੱਤਰਾ, ਅਜੇ ਦੁੱਧ ਨੂੰ ਜਾਗ ਨਹੀਂ  ਮੈਂ ਲਾਇਆ
ਇਕ ਵਾਰ ਮੇਲੇ ਦੌਰਾਨ ਪੰਜਾਬੀ ਭਵਨ ਦੇ ਵਿਹੜੇ ਵਿੱਚ ਇੰਨੀ ਭੀੜ ਹੋ ਗਈ ਕਿ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਬਚੀ। ਇਸੇ ਦੌਰਾਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਐਂਟਰੀ ਹੋਈ ਪਰ ਮਾਣਕ ਨੂੰ ਵੀ ਅੰਦਰ ਜਾਣ ਦਾ ਰਸਤਾ ਨਹੀਂ ਮਿਲਿਆ। ਪੰਜਾਬੀ ਭਵਨ ਦੇ ਗੇਟ ਦੇ ਬਾਹਰ ਹਜ਼ਾਰਾਂ ਮੇਲਾ ਪ੍ਰੇਮੀ ਵੀ ਅੰਦਰ ਜਾਣ ਦੀ ਉਡੀਕ ਵਿੱਚ ਖੜ੍ਹੇ ਸਨ। ਲੋਕ ਗਾਇਕੀ ਤੇ ਗਾਥਾਵਾਂ ਦੇ ਬਾਦਸ਼ਾਹ ਮਾਣਕ ਨੇ ਬਾਹਰ ਨਿਰਾਸ਼ ਖੜ੍ਹੇ ਲੋਕਾਂ ਨੂੰ ਦੇਖਦਿਆਂ ਗੇਟ ਦੇ ਬਾਹਰ ਹੀ ਉਚੇ ਥੜ੍ਹੇ ’ਤੇ ਖੜ੍ਹ ਕੇ ਗਾਉਣਾ ਸ਼ੁਰੂ ਕਰ ਦਿੱਤਾ। ਮਾਣਕ ਦੀ ਹੇਕ ਸੁਣਦਿਆਂ ਲੋਕਾਂ ਦੀ ਇੰਨੀ ਭੀੜ ਇਕੱਠੀ ਹੋ ਗਈ ਕਿ ਅੰਦਰ ਬੈਠੇ ਲੋਕ ਵੀ ਬਾਹਰ ਉਸ ਨੂੰ ਸੁਣਨ ਆਉਣ ਲੱਗ ਪਏ। ਮੇਲੇ ਵਿੱਚ ਵਧਦੀ ਭੀੜ ਨੂੰ ਦੇਖਦਿਆਂ 1995 ਵਿੱਚ ਮੇਲੇ ਨੂੰ ਪੰਜਾਬੀ ਭਵਨ ਤੋਂ ਬਾਹਰ ਕੱਢਿਆ ਗਿਆ ਅਤੇ ਪਾਲਮ ਵਿਹਾਰ ਵਿਖੇ ਖੁੱਲੇ੍ਹ ਮੈਦਾਨ ਵਿੱਚ ਲਗਾਉਣਾ ਸ਼ੁਰੂ ਕੀਤਾ। ਲੁਧਿਆਣਾ ਪੁਲਿਸ ਲਈ ਮੇਲੇ ਦੇ ਦਿਨ ਬਹੁਤ ਭਾਰੀ ਹੁੰਦੇ ਹਨ ਅਤੇ ਦਰਸ਼ਕਾਂ ਦੇ ਇਕੱਠ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਪਾਲਮ ਵਿਹਾਰ ਵਿਖੇ ਮੇਲਾ ਆਪਣੇ ਸਿਖਰ ’ਤੇ ਪੁੱਜ ਗਿਆ। 
ਜੱਸੋਵਾਲ ਨੂੰ ਗੱਲ ਵੀ ਬਹੁਤ ਅਹੁੜਦੀ ਸੀ। ਉਹ ਮਖੌਲੀਆ ਸੁਭਾਅ ਵਾਲਾ ਸੀ। ਕਈ ਵਾਰ ਦੁੱਖ ਵੇਲੇ ਵੀ ਉਸ ਕੋਲੋਂ ਗ਼ਲਤੀ ਨਾਲ ਅਜਿਹਾ ਬੋਲ ਬੋਲਿਆ ਜਾਣਾ ਕਿ ਅੱਗੇ ਸੁਣਨ ਵਾਲਾ ਉਸ ਨੂੰ ਮਖੌਲ ਹੀ ਸਮਝ ਲੈਂਦਾ। ਜੱਸੋਵਾਲ ਦਾ ਜਦੋਂ ਵੀ ਕੋਈ ਚਿੱਤ ਪਰਚਾਵੇ ਦਾ ਜਾਂ ਉਸ ਦੇ ਵਾਕਫ਼ ਮਿੱਤਰਾਂ ਬਾਰੇ ਚੰਗਾ-ਮੰਦਾ ਸੁਣਨ ਦਾ ਦਿਲ ਕਰਦਾ ਤਾਂ ਉਹ ਮਹਿਫ਼ਲ ਵਿੱਚ ਬੈਠਾ ਆਪਣੀ ਪਤਨੀ ਨੂੰ ਹਾਕ ਮਾਰ ਕੇ ਵਾਰੋ-ਵਾਰੀ ਕਿਸੇ ਨਾ ਕਿਸੇ ਬਾਰੇ ਪੁੱਛੀ ਜਾਂਦਾ। ਅੱਗਿਉਂ ਜੇ ਸੁਰਜੀਤ ਕੌਰ ਦਾ ਮੂਡ ਚੰਗਾ ਹੁੰਦਾ ਤਾਂ ਉਹ ਸਿਫ਼ਤਾਂ ਕਰਨ ਲੱਗ ਜਾਂਦੀ, ਨਹੀਂ ਤਾਂ ਉਹ ਗੁਰਭਜਨ ਗਿੱਲ, ਪਰਗਟ ਗਰੇਵਾਲ, ਨਿਰਮਲ ਜੌੜਾ, ਰਵਿੰਦਰ ਗਰੇਵਾਲ, ਨਿੰਦਰ ਘੁਗਿਆਣਵੀ ਵਰਗੇ ਜੱਸੋਵਾਲ ਦੇ ਕਰੀਬੀਆਂ ਨੂੰ ਵੀ ਨਾ ਬਖ਼ਸ਼ਦੀ। ਜੇਕਰ ਦੋਵੇਂ ਪਤੀ-ਪਤਨੀ ਕਿਸੇ ਗੱਲੋਂ ਇਕ-ਦੂਜੇ ਨਾਲ ਬੋਲਣਾ ਬੰਦ ਕਰ ਦਿੰਦੇ ਤਾਂ ਜੱਸੋਵਾਲ ਦੇ ਮਨ ਵਿੱਚ ਸੁਰਜੀਤ ਕੌਰ ਨਾਲ ਬੋਲਣ ਨੂੰ ਲੂਹਰੀਆਂ ਉੱਠਦੀਆਂ। ਜੱਸੋਵਾਲ ਜਾਣ-ਬੁੱਝ ਕੇ ਆਪਣੀ ਲੱਤ ਜਾਂ ਬਾਂਹ ਫੜ ਕੇ ਨਿਆਣਿਆਂ ਵਾਂਗ ਸੱਟ ਲੱਗਣ ’ਤੇ ਰੋਣ ਦਾ ਨਾਟਕ ਕਰਨ ਲੱਗ ਜਾਂਦਾ ਤਾਂ ਅੱਗਿਉਂ ਉਸ ਦੀ ਪਤਨੀ ਨੇ ਜਦੋਂ ਉਸ ਦਾ ਹਾਲ ਪੁੱਛਣਾ ਤਾਂ ਉਹ ਉੱਚੀ-ਉੱਚੀ ਠਹਾਕੇ ਮਾਰ ਕੇ ਬੋਲਦਾ, ‘‘ਹਾ ਹਾ ਹਾ, ਮੈਂ ਖ਼ੁਸ਼ ਹਾਂ, ਮੈਂ ਖ਼ੁਸ਼ ਹਾਂ।’’ ਘਰ ਬੈਠੇ ਬਾਹਰ ਗਲੀ ਵਿੱਚ ਸਾਗ ਵੇਚਣ ਵਾਲੇ ਦਾ ਹੋਕਾ ਸੁਣ ਲੈਂਦਾ ਤਾਂ ਝੱਟ ਸਾਈਕਲ ਵਾਲੇ ਤੋਂ ਸਾਗ ਦੀਆਂ ਸਾਰੀਆਂ ਗੁੱਛੀਆਂ ਖ਼ਰੀਦ ਲੈਂਦਾ। ਅੱਗੋਂ ਜਦੋਂ ਉਸ ਦੀ ਘਰਵਾਲੀ ਔਖੀ ਹੋ ਕੇ ਬੋਲਦੀ ਕਿ ਇਨ੍ਹਾਂ ਸਾਗ ਕਿਵੇਂ ਧਰਾਂ ਤਾਂ ਉਹ ਕਹਿੰਦਾ ਹਰੇਵਾਈ ਚੰਗੀ ਹੁੰਦੀ ਹੈ। ਦੂਜੀ ਦਲੀਲ ਉਸ ਦੀ ਇਹ ਹੁੰਦੀ ਕਿ ਸਾਗ ਵਾਲਾ ਵਿਚਾਰਾ ਕਿੱਥੇ ਪ੍ਰਚੂਨ ਵਿੱਚ ਸਾਗ ਵੇਚਦਾ ਫਿਰਦਾ। ਸਿਆਲਾਂ ਵਿੱਚ ਸਵੇਰੇ ਉਸ ਦੇ ਘਰ ਮਿੱਸੇ ਪਰੌਂਠੇ ਅਚਾਰ ਤੇ ਲੱਸੀ ਨਾਲ ਮਿਲਦੇ। ਫੇਰ ਚਾਹ ਮਿਲਣੀ। ਸਵਖਤੇ ਕੋਈ ਵੀ ਉਸ ਨੂੰ ਮਿਲਣ ਵਾਲਾ ਆਉਂਦਾ ਤਾਂ ਉਹ ਅਗਲੇ ਨੂੰ ਮਿੱਸੇ ਪਰੌਂਠੇ ਖੁਆਉਂਦਾ। ਮਗਰੋਂ ਚਾਹ ਪਿਆਉਣੀ। ਜੱਸੋਵਾਲ ਦਾ ਘਰ ਇਕੱਲਾ ਉਸ ਦਾ ਰਹਿਣ ਬਸੇਰਾ ਨਹੀਂ ਸੀ। ਘਰ ਦਾ ਨਾਮ ‘ਆਲ੍ਹਣਾ’ ਸੀ ਅਤੇ ਅੰਦਰ ਜਾ ਕੇ ਦੇਖਣ ਨੂੰ ਉਹ ਅਜਾਇਬ ਘਰ, ਧਰਮਸ਼ਾਲਾ ਜਾਂ ਰੈਸਟੋਰੈਂਟ ਵੱਧ ਜਾਪਦਾ ਸੀ। 
ਜੱਸੋਵਾਲ ਨੂੰ ਕਿਸੇ ਵੀ ਘਰ ਵਿੱਚ ਕੰਧਾਂ ਜਾਂ ਛੱਤਾਂ ਉਪਰ ਲੱਗੇ ਜਾਲਿਆਂ ਤੋਂ ਬਹੁਤ ਖਿਝ ਚੜ੍ਹਦੀ ਸੀ। ਉਹ ਨਾ ਕੇਵਲ ਆਪਣੇ ਘਰ ਕੋਈ ਜਾਲਾ ਲੱਗਣ ਦਿੰਦਾ ਸੀ, ਸਗੋਂ ਕਿਸੇ ਦੇ ਘਰ ਗਿਆ ਵੀ ਉਹ ਕੋਈ ਜਾਲਾ ਵੇਖ ਲੈਂਦਾ ਤਾਂ ਝੱਟ ਅਗਲੇ ਤੋਂ ਸੋਟੀ-ਕੱਪੜਾ ਫੜ ਜਾਲੇ ਲਾਹੁਣ ਲਗ ਜਾਂਦਾ। ਉਹ ਅੰਧਵਿਸ਼ਵਾਸੀ ਨਹੀਂ ਸੀ, ਸਗੋਂ ਧਾਰਮਿਕ ਸਮਾਗਮਾਂ ਤੋਂ ਦੂਰ ਹੀ ਰਹਿੰਦਾ ਸੀ। ਜੱਸੋਵਾਲ ਦਾ ਇਹ ਸੁਭਾਅ ਵੀ ਉਸ ਦੇ ਮਖੌਲੀਆ ਅੰਦਾਜ਼ ਵਿੱਚ ਪਤਾ ਲਗਦਾ ਹੈ। ਉਸ ਦੀ ਘਰਵਾਲੀ ਅਕਸਰ ਹੀ ਉਸ ਨੂੰ ਘਰ ਅਖੰਡ ਪਾਠ ਕਰਾਉਣ ਨੂੰ ਕਹਿੰਦੀ। ਇਸ ਬਾਰੇ ਜੱਸੋਵਾਲ ਦਾ ਅਕਸਰ ਇਹੋ ਜਵਾਬ ਹੁੰਦਾ, ‘‘ਰੱਬ ਤਾਂ ਮੈਨੂੰ ਪਹਿਲਾਂ ਹੀ ਲੱਭਦਾ ਫਿਰਦਾ ਹੋਊ ਉਪਰ ਲਿਜਾਣ ਨੂੰ, ਤੂੰ ਘਰ ਬੁਲਾ ਕੇ ਰੱਬ ਨੂੰ ਯਾਦ ਕਰਾਉਣਾ ਚਾਹੁੰਦੀ ਐਂ ਕਿ ਮੈਨੂੰ ਚੁੱਕ ਕੇ ਲੈ ਜਾਵੇ।’’ ਫੱਕਰ ਸੁਭਾਅ ਵਾਲੇ ਜੱਸੋਵਾਲ ਨੂੰ ਮਲੰਗਾਂ ਵਾਂਗ ਜਿਊਂਣਾ ਆਉਂਦਾ ਸੀ। ਖਾਣ-ਪੀਣ ਵਿੱਚ ਉਹ ਕੋਈ ਨਖ਼ਰਾ ਨਹੀਂ ਸੀ ਕਰਦਾ। 
ਇਕ ਵਾਰ ਉਹ ਆਪਣੇ ਕਿਸੇ ਦੂਰੋਂ ਵਾਕਫ਼ ਚੋਪੜਾ ਜੀ ਦੀ ਪਤਨੀ ਦੇ ਭੋਗ ਸਮਾਗਮ ਵਿੱਚ ਗਿਆ, ਜਿੱਥੇ ਉਸ ਨੇ ਸੰਬੋਧਨ ਕਰਦਿਆਂ ਸ਼ਰਧਾਂਜਲੀ ਚੋਪੜਾ ਜੀ ਦੀ ਮਾਤਾ ਨੂੰ ਹੀ ਦੇ ਦਿੱਤੀ। ਇੰਝ ਹੀ ਇਕ ਵਾਰ ਜੱਸੋਵਾਲ ਨੇ ਹਰੀ ਸਿੰਘ ਨਰੂਲਾ ਦੇ ਭੋਗ ਸਮਾਗਮ ਵਿੱਚ ਬੋਲਦਿਆਂ ਹਰੀ ਸਿੰਘ ਨਰੂਲਾ ਨੂੰ ਨਲੂਆ ਕਹਿ ਕੇ ਹੀ ਸ਼ਰਧਾਂਜਲੀ ਦੇ ਦਿੱਤੀ। ਅੱਜ ਕੱਲ੍ਹ ਜਿਵੇਂ ਕਿਸੇ ਵੱਡੇ ਸਿਤਾਰੇ ਦੇ ਮਰਨ ਦੀ ਝੂਠੀ ਖ਼ਬਰ ਦੀ ਅਫ਼ਵਾਹ ਫੈਲ ਜਾਂਦੀ ਹੈ, ਉਵੇਂ ਹੀ ਇਕ ਵਾਰ ਲੋਕ ਗੀਤਾ ਦੀ ਮਲਿਕਾ ਨਰਿੰਦਰ ਬੀਬਾ ਦੇ ਮਰਨ ਦੀ ਅਫ਼ਵਾਹ ਫੈਲ ਗਈ। ਹੌਲੀ-ਹੌਲੀ ਜਦੋਂ ਪਤਾ ਲੱਗਾ ਕਿ ਇਹ ਸਿਰਫ਼ ਅਫ਼ਵਾਹ ਹੀ ਹੈ ਤਾਂ ਜੱਸੋਵਾਲ ਨੇ ਲੱਡੂ ਵੰਡੇ। ਜੱਸੋਵਾਲ ਨੇ ਜਿਊਂਦੇ ਜੀਅ ਆਪਣਾ 60ਵਾਂ ਜਨਮ ਦਿਨ ਜੱਦੀ ਪਿੰਡ ਵਿਖੇ ਪੂਰਾ ਧੂਮ-ਧਾਮ ਨਾਲ ਮਨਾਇਆ ਸੀ, ਜਿਹੜਾ ਵੱਡੇ ਸੱਭਿਆਚਾਰਕ ਮੇਲੇ ਨੂੰ ਮਾਤ ਪਾ ਗਿਆ ਸੀ।
ਤੀਹ-ਚਾਲੀ ਵਰ੍ਹੇ ਸ਼ਾਇਦ ਹੀ ਕੋਈ ਅਜਿਹਾ ਦਿਨ ਖ਼ਾਲੀ ਗਿਆ ਹੋਵੇ ਜਿਸ ਦਿਨ ਜੱਸੋਵਾਲ ਨੇ ਕਿਸੇ ਮੇਲੇ ਵਿੱਚ ਸ਼ਿਰਕਤ ਨਾ ਕੀਤੀ ਹੋਵੇ ਜਾਂ ਫੇਰ ਆਪਣੇ ਗੁਰਦੇਵ ਨਗਰ ਸਥਿਤ ‘ਆਲ੍ਹਣੇ’ ਵਿੱਚ ਕਲਾਕਾਰਾਂ ਨਾਲ ਮੀਟਿੰਗ ਕਰ ਕੇ ਕਿਸੇ ਮੇਲੇ ਦੀ ਵਿਉਂਤਬੰਦੀ ਨਾ ਰਚੀ ਹੋਵੇ। ਵਿਆਹ ਦੇ ਸੱਦਿਆਂ ਨੂੰ ਖਿੜੇ ਮੱਥੇ ਕਬੂਲਦਾ ਅਤੇ ਕਿੰਨਾ ਵੀ ਵਿਅਸਤ ਜਾਂ ਸਰੀਰਕ ਤੌਰ ’ਤੇ ਔਖਾ ਹੋਣ ਦੇ ਬਾਵਜੂਦ ਉਹ ਵਿਆਹ ਵਿੱਚ ਹਾਜ਼ਰੀ ਜ਼ਰੂਰ ਲਗਾਉਂਦਾ। ਵਿਆਹ ਵਿੱਚ ਜਾਣ ਲੱਗਿਆਂ ਉਸ ਨੇ ਘਰੋਂ ਰੋਟੀ ਖਾ ਕੇ ਚਲੇ ਜਾਣਾ। ਉਹ ਆਪਣੇ ਬਾਰੇ ਅਕਸਰ ਹੀ ਕਹਿੰਦਾ ਕਿ ਉਹ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿੱਚ ਗਿਆ ਹੈ ਚਾਹੇ ਕਿਸੇ ਵਿਆਹ, ਭੋਗ, ਸੱਭਿਆਚਾਰਕ ਮੇਲੇ ਉਤੇ ਗਿਆ ਹੋਵੇ। ਬਾਪੂ ਜੱਸੋਵਾਲ ਨਾਲ ਜੁੜੀਆਂ ਮੇਰੀਆਂ ਨਿੱਜੀ ਦੋ ਯਾਦਾਂ ਅਜਿਹੀਆਂ ਹਨ, ਜੋ ਉਸ ਦੇ ਖੁੱਲ੍ਹ ਦਿਲੇ ਸੁਭਾਅ ਅਤੇ ਆਪਣੇ ਦਾਇਰੇ ਵਾਲੇ ਬੰਦਿਆਂ ਦੇ ਸਤਿਕਾਰ ਦੀ ਗਵਾਹੀ ਭਰਦੀਆਂ ਹਨ। ਮੇਰੇ ਤਾਏ ਦੇ ਮੁੰਡੇ ਦੇ ਵਿਆਹ ਮੌਕੇ ਮੇਰੇ ਕੋਲ ਬਾਪੂ ਜੱਸੋਵਾਲ ਨੂੰ ਵਿਆਹ ਦਾ ਸੱਦਾ ਦੇਣਾ ਖੁੰਝ ਗਿਆ ਸੀ ਅਤੇ ਵਿਆਹ ਤੋਂ ਪਹਿਲੀ ਸ਼ਾਮ ਮੇਰੇ ਇਕ ਫ਼ੋਨ ਉਤੇ ਬਾਪੂ ਨੇ ਅਗਲੇ ਦਿਨ ਵੱਡੀ ਹਾਜ਼ਰੀ ਲਗਾ ਕੇ ਆਪਣਾ ਵਡੱਪਣ ਦਿਖਾਇਆ। ਉਦੋਂ ਉਸ ਨੇ ਸ਼ਮਸ਼ੇਰ ਸੰਧੂ ਤੇ ਪਹਿਲਵਾਨ ਕਰਤਾਰ ਸਿੰਘ ਦੀ ਸੰਗਤ ਵਿੱਚ ਕੰਨ ’ਤੇ ਹੱਥ ਰੱਖ ਕੇ ਦੂਜੀ ਬਾਂਹ ਉਤਾਂਹ ਚੁੱਕ ਕੇ ਕਲੀਆਂ ਲਾਉਂਦਿਆਂ ਅਜਿਹੀਆਂ ਗੱਲਾਂ ਸੁਣਾਈਆਂ, ਜੋ ਸਾਡੇ ਪਰਿਵਾਰ ਦੇ ਮੈਂਬਰਾਂ ਲਈ ਹੁਣ ਵੀ ਯਾਦਾਂ ਬਣੀਆਂ ਹੋਈਆਂ ਹਨ।
ਦੂਜੀ ਵੱਡੀ ਉਦਾਹਰਣ ਬਾਪੂ ਜੱਸੋਵਾਲ ਦੀ ਜ਼ਿੰਦਾਦਿਲੀ ਦੀ ਮੈਂ ਆਪਣੇ ਵਿਆਹ ਉਤੇ ਦੇਖੀ ਜਿਸ ਬਾਰੇ ਮੈਨੂੰ ਆਪਣੇ ਵਿਆਹ ਤੋਂ ਕਈ ਵਰ੍ਹੇ ਬਾਅਦ ਪਤਾ ਲੱਗਿਆ। ਉਸ ਤੋਂ ਬਾਅਦ ਬਾਪੂ ਜੱਸੋਵਾਲ ਪ੍ਰਤੀ ਸਤਿਕਾਰ ਮੇਰਾ ਹੋਰ ਵੀ ਵਧ ਗਿਆ। ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਦੇ ਦਫ਼ਤਰ ਵਿੱਚ ਬੈਠਿਆਂ ਸੰਪਾਦਕ ਵਰਿੰਦਰ ਵਾਲੀਆ ਹੁਰਾਂ ਨੇ ਮੇਰੀ ਜੱਸੋਵਾਲ ਨਾਲ ਪਛਾਣ ਕਰਵਾਉਂਦਿਆਂ ਜਦੋਂ ਮੇਰੇ ਬਾਰੇ ਦੱਸਣਾ ਚਾਹਿਆ ਤਾਂ ਅੱਗੋਂ ਬਾਪੂ ਬੋਲਿਆ, ‘‘ਨਵਦੀਪ ਨੂੰ ਤਾਂ ਮੈਂ ਆਪੇ੍ਰਸ਼ਨ ਕਰਵਾਉਣ ਦੇ ਬਾਵਜੂਦ ਆਪ ਘੋੜੀ ਚੜ੍ਹਵਾਇਆ ਸੀ।’’ ਇਹ ਗੱਲ ਸੁਣਦਿਆਂ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮੈਂ ਬਾਪੂ ਨੂੰ ਆਪ੍ਰੇਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ, ‘ਤੇਰੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੈਂ ਆਪ੍ਰੇਸ਼ਨ ਕਰਵਾਇਆ ਸੀ ਜਿਸ ਕਾਰਨ ਮੇਰੇ ਪਿਸ਼ਾਬ ਵਾਲੀ ਨਾਲੀ ਲੱਗੀ ਹੋਈ ਸੀ। ਮੈਂ ਵਿਆਹ ਦੇਖਣ ਲਈ ਲੁਧਿਆਣਾ ਤੋਂ ਬਠਿੰਡਾ ਜ਼ਰੂਰ ਜਾਣਾ ਚਾਹੁੰਦਾ ਸੀ ਪਰ ਵਿਆਹ ਵਿੱਚ ਜ਼ਿਆਦਾ ਸਮਾਂ ਨਹੀਂ ਬੈਠਿਆ ਜਾਣਾ ਸੀ ਜਿਸ ਕਾਰਨ ਨਿਰਮਲ ਜੌੜਾ ਨੂੰ ਕਿਹਾ ਕਿ ਮੈਂ ਉਸ ਨਾਲ ਜਾਣੈ ਪਰ ਸ਼ਰਤ ਹੈ ਕਿ ਥੋੜ੍ਹਾ ਚਿਰ ਰੁਕ ਕੇ ਹੀ ਜਲਦੀ ਮੁੜਨਾ ਪਊ।’’ ਜੌੜਾ ਵੀ ਬਾਪੂ ਦੀ ਹਿੰਮਤ ਦੀ ਦਾਦ ਦਿੰਦਾ ਹੈ। ਜੱਸੋਵਾਲ ਪਿਸ਼ਾਬ ਵਾਲੀ ਨਾਲੀ ਸਮੇਤ ਬਠਿੰਡਾ ਪੁੱਜੇ ਅਤੇ ਪੈਲੇਸ ਦੇ ਬਾਹਰੋਂ ਲਾਅਨ ਵਿੱਚ ਹੀ ਮੈਨੂੰ ਸ਼ਗਨ ਦੇ ਕੇ ਤੁਰੰਤ ਪਰਤ ਗਏ। ਮੈਂ ਬਾਪੂ ਨੂੰ ਜਦੋਂ ਪੁੱਛਿਆ ਕਿ ਉਸ ਵੇਲੇ ਕਿਉਂ ਨਹੀਂ ਦੱਸਿਆ ਤਾਂ ਅੱਗੋਂ ਬਾਪੂ ਬੋਲਿਆ, ‘‘ਇਹ ਗੱਲ ਬੋਲ ਕੇ ਮੈਂ ਬਰਾਤੀਆਂ ਦਾ ਖਾਧਾ-ਪੀਤਾ ਥੋੜੀ ਬਾਹਰ ਕੱਢਣਾ ਸੀ।’’ ਉਂਝ ਵੀ ਬਾਪੂ ਦਾ ਕਹਿਣਾ ਸੀ ਆਪ੍ਰੇਸ਼ਨ ਦੇ ਬਾਵਜੂਦ ਉਹ ਵਿਆਹ ਪੂਰਾ ਦੇਖਣਾ ਚਾਹੁੰਦਾ ਸੀ। ਪਿਸ਼ਾਬ ਵਾਲੀ ਨਾਲੀ ਨਾਲ ਉਹ ਬਰਾਤੀਆਂ ਦੇ ਖਾਣ ਦਾ ਮਜ਼ਾ ਕਿਰਕਿਰਾ ਨਹੀਂ ਸੀ ਕਰਨਾ ਚਾਹੁੰਦਾ।
ਜੱਸੋਵਾਲ ਆਖ਼ਰੀ ਸਮੇਂ ਵੀ ਮੌਜੀ ਸੁਭਾਅ ਦਾ ਰਿਹਾ। ਆਈ.ਸੀ.ਯੂ. ਵਿੱਚ ਪਏ ਵੀ ਉਸ ਦੀ ਸੁਰਤ ਮੇਲਿਆਂ ਵਿੱਚ ਸੀ। ‘ਸ਼ੋਅ ਮਸਟ ਗੋ ਆਨ’ ਇਹੋ ਬੋਲ ਸਨ, ਜੋ ਮੈਂ ਆਖ਼ਰੀ ਵਾਰ ਜਗਦੇਵ ਸਿੰਘ ਜੱਸੋਵਾਲ ਦੇ ਮੂੰਹੋਂ ਸੁਣੇ ਸਨ। ਗੱਲ 2 ਦਸੰਬਰ, 2014 ਦੀ ਹੈ, ਜਦੋਂ ਪਿੰਡ ਕੋਟਲਾ ਸ਼ਾਹੀਆ (ਬਟਾਲਾ ਨੇੜੇ) ਸਿਲਵਰ ਜੁਬਲੀ ਕਮਲਜੀਤ ਖੇੇਡਾਂ ਸਿਖਰਲੇ ਪੜਾਅ ’ਤੇ ਪਹੁੰਚੀਆਂ ਸਨ। ਖੇਡਾਂ ਦੇ ਸਨਮਾਨ ਦੀ ਰਸਮ ਤੋਂ ਐਨ ਪਹਿਲਾਂ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਬੋਲਾਂ ‘ਹੁਣ ਜੱਸੋਵਾਲ ਸਾਹਿਬ ਦਰਸ਼ਕਾਂ ਦੇੇ ਸਨਮੁੱਖ ਹੋਣਗੇ’ ਨੇ ਸਟੇਡੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਦੰਗ ਕਰ ਦਿੱਤਾ। ਗੁਰਭਜਨ ਗਿੱਲ ਨੇ ਆਪਣੇ ਮੋਬਾਈਲ ਨੂੰ ਮਾਈਕ ਨਾਲ ਲਗਾਇਆ ਤਾਂ ਅੱਗਿਉਂ ਜੱਸੋਵਾਲ ਸਾਹਿਬ ਦੀ ਆਵਾਜ਼ ਸੁਣਨ ਨੂੰ ਮਿਲੀ। ਹਸਪਤਾਲ ਵਿੱਚ ਜ਼ਿੰਦਗੀ ਨਾਲ ਜੂਝ ਰਹੇ ਜੱਸੋਵਾਲ ਨੂੰ ਹਾਲੇ ਵੀ ਖੇਡਾਂ ਬਾਰੇ ਖ਼ਿਆਲ ਸੀ ਅਤੇ ਆਪਣੀ ਸੰਖੇਪ ਜਿਹੀ ਗੱਲ ਦਾ ਅੰਤ ਉਨ੍ਹਾਂ ‘ਸ਼ੋਅ ਮਸਟ ਗੋ ਆਨ’ ਨਾਲ ਕੀਤਾ। ਇਹੋ ਕਾਰਨ ਸੀ ਕਿ ਉਹ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਹਸਪਤਾਲ ਦੇ ਆਈ.ਸੀ.ਯੂ. ਵਿੱਚ ਬੈਠਾ ਵੀ ਹਾਜ਼ਰੀ ਲਗਵਾ ਲਿਆ। ਡੀ.ਐਮ.ਸੀ. ਵਿੱਚ ਆਖ਼ਰੀ ਵੇਲੇ ਗੁਰਭਜਨ ਗਿੱਲ ਤੇ ਨਿਰਮਲ ਜੌੜਾ ਦੇ ਨਾਲ ਪ੍ਰਸਿੱਧ ਗਾਇਕ ਹਰਭਜਨ ਮਾਨ ਪਤਾ ਲੈਣ ਆਇਆ। ਜੱਸੋਵਾਲ ਨੇ ਉਸ ਕੋਲੋਂ ਹੀਰ ਦੀ ਕਲੀ ਸੁਣੀ ਜਿਸ ਦੇ ਨਾਲ ਉਸ ਨੇ ਵੀ ਹੌਲੀ-ਹੌਲੀ ਸੁਰ ਮਿਲਾਉਣ ਦੀ ਕੋਸ਼ਿਸ਼ ਕੀਤੀ। ਹਰਭਜਨ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਬਾਪੂ ਨੇ ਇਕ ਹੋਰ ਗੀਤ ਗਾਇਆ ਜਿਸ ਦੇ ਬੋਲ ਸਨ:-
ਹੈ ਆਉਣ ਜਾਣ ਬਣਿਆ
ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ
ਫੇਰ ਚੱਕ ਲਓ ਚੱਕ ਲਓ ਹੋਜੂਗੀ
ਜਦੋਂ ਉੱਡ ਗਿਆ ਭੌਰ ਵਜੂਦ ’ਚੋਂਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

jasbir singh

Edited By jasbir singh