241ਪਿੰਡਾਂ ''ਚ ਕਾਲੇ ਪੀਲੀਏ ਨੇ ਪਸਾਰੇ ਪੈਰ

Monday, Dec 04, 2017 - 08:00 AM (IST)

241ਪਿੰਡਾਂ ''ਚ ਕਾਲੇ ਪੀਲੀਏ ਨੇ ਪਸਾਰੇ ਪੈਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ ਢਿੱਲੋਂ, ਪਵਨ ਤਨੇਜਾ) - ਮਾਲਵਾ ਖੇਤਰ ਦੇ ਜ਼ਿਲੇ ਸ੍ਰੀ ਮੁਕਤਸਰ ਸਾਹਿਬ, ਜਿਸ ਨੂੰ ਪਹਿਲਾਂ ਕੈਂਸਰ ਦਾ ਦੈਂਤ ਖਾ ਚੁੱਕਾ ਹੈ, ਨੂੰ ਹੁਣ ਕਾਲੇ ਪੀਲੀਏ ਦੀ ਭਿਆਨਕ ਤੇ ਖਤਰਨਾਕ ਬੀਮਾਰੀ ਚਿੰਬੜੀ ਹੋਈ ਹੈ। ਜ਼ਿਲੇ ਅਧੀਨ ਆਉਂਦੇ 241 ਪਿੰਡਾਂ 'ਚ ਹੀ ਉਕਤ ਬੀਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ ਤੇ ਕੋਈ ਇਕ ਵੀ ਅਜਿਹਾ ਪਿੰਡ ਨਹੀਂ ਬਚਿਆ ਜਿਥੇ ਕਾਲੇ ਪੀਲੀਏ ਦੀ ਬੀਮਾਰੀ ਦਾ ਮਰੀਜ਼ ਨਾ ਹੋਵੇ। ਸਗੋਂ ਕੁਝ ਪਿੰਡ ਤਾਂ ਅਜਿਹੇ ਹਨ, ਜਿਥੇ ਬਹੁਤ ਸਾਰੇ ਵਿਅਕਤੀਆਂ ਨੂੰ ਕਾਲਾ ਪੀਲੀਆ ਹੋ ਚੁੱਕਾ ਹੈ। ਅਜਿਹੇ ਪਿੰਡਾਂ 'ਚ ਪਿੰਡ ਬੱਲਮਗੜ੍ਹ ਵੀ ਸ਼ਾਮਲ ਹੈ। ਇਹ ਇਕ ਅਤਿ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਹੈ। ਪੰਜਾਬ ਸਰਕਾਰ, ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਤੇ ਸਮਾਜ ਸੇਵਾ ਦੇ ਖੇਤਰ 'ਚ ਵਿਚਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਾਲੇ ਪੀਲੀਏ ਦੀ ਬੀਮਾਰੀ ਤੋਂ ਪੀੜਤ ਕੁਝ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅਨੇਕਾਂ ਮਰੀਜ਼ ਦਵਾਈਆਂ ਲੈ ਰਹੇ ਹਨ।
'ਜਗ ਬਾਣੀ' ਵੱਲੋਂ ਵਿਸਥਾਰਪੂਰਵਕ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕੁਝ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕਾਲੇ ਪੀਲੀਏ ਦੇ ਮਰੀਜ਼ ਹਨ ਕਿਉਂਕਿ ਪਹਿਲਾਂ ਹਰੇਕ ਵਿਅਕਤੀ ਲੋੜ ਤੋਂ ਬਿਨਾਂ ਇਸ ਬੀਮਾਰੀ ਦਾ ਟੈਸਟ ਵਗੈਰਾ ਨਹੀਂ ਕਰਵਾਉਂਦਾ। ਕਈਆਂ ਨੂੰ ਤਾਂ ਕਾਲਾ ਪੀਲੀਆ ਹੋਣ ਦਾ ਉਦੋਂ ਪਤਾ ਲੱਗਦਾ ਹੈ, ਜਦ ਉਹ ਕਿਸੇ ਮਰੀਜ਼ ਨੂੰ ਖੂਨ ਦੇਣ ਲਈ ਆਪਣਾ ਖੂਨ ਕਢਵਾਉਣ ਲਈ ਜਾਂਦੇ ਹਨ ਤੇ ਖੂਨ ਦੀ ਜਾਂਚ ਕਰਵਾਉਂਦੇ ਹਨ।
ਮਾੜੇ ਪਾਣੀ ਦਾ ਹੈ ਨਤੀਜਾ
ਜ਼ਿਕਰਯੋਗ ਹੈ ਕਿ ਉਕਤ ਜ਼ਿਲੇ ਦੇ ਕੁਝ ਕੁ ਪਿੰਡਾਂ ਨੂੰ ਛੱਡ ਕੇ ਬਾਕੀ ਸਭ ਪਿੰਡਾਂ 'ਚ ਧਰਤੀ ਹੇਠਲਾਂ ਪਾਣੀ ਖਰਾਬ ਹੀ ਹੈ। ਉਸ 'ਚ ਤੇਜ਼ਾਬ ਤੇ ਸ਼ੋਰੇ ਦੇ ਭਾਰੀ ਤੱਤ ਹਨ। ਪਾਣੀ 'ਚ ਟੀ. ਡੀ. ਐੱਸ. ਦੀ ਮਾਤਰਾ ਤਿੰਨ ਹਜ਼ਾਰ ਤੋਂ ਵੀ ਉਪਰ ਟੱਪ ਚੁੱਕੀ ਹੈ। ਮਜਬੂਰੀ ਵੱਸ ਅਨੇਕਾਂ ਲੋਕ ਇਹ ਮਾੜਾ ਪਾਣੀ ਹੀ ਵਰਤਦੇ ਹਨ ਤੇ ਇਹ ਪਾਣੀ ਕਾਲੇ ਪੀਲੀਏ ਵਰਗੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਜੇਕਰ ਪੇਂਡੂ ਜਲਘਰਾਂ ਦੇ ਟੂਟੀਆਂ ਦੇ ਪਾਣੀ ਦੀ ਸਪਲਾਈ ਨੂੰ ਰੋਜ਼ਾਨਾ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ ਤਾਂ ਬੀਮਾਰੀਆਂ ਕੁਝ ਹੱਦ ਤੱਕ ਘੱਟ ਸਕਦੀਆਂ ਹਨ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ। ਜ਼ਿਲੇ ਦੇ ਕੁਝ ਪਿੰਡਾਂ 'ਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਲਾਏ ਗਏ ਆਰ. ਓ. ਸਿਸਟਮ 2-2 ਸਾਲਾਂ ਤੋਂ ਬੰਦ ਪਏ ਹਨ ਪਰ ਇਨ੍ਹਾਂ ਨੂੰ ਮੁੜ ਚਲਾਉਣ ਦੀ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ।
ਮਹਿੰਗਾ ਹੈ ਇਸ ਦਾ ਇਲਾਜ
ਕਾਲੇ ਪੀਲੀਏ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਕਹਿਣਾ ਹੈ ਕਿ ਉਕਤ ਬੀਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ ਤੇ ਗਰੀਬ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਸਰਕਾਰੀ ਹਸਪਤਾਲ 'ਚੋਂ ਤਾਂ ਸਿਰਫ਼ ਗੋਲੀਆਂ ਹੀ ਮਿਲਦੀਆਂ ਹਨ, ਜਦਕਿ ਟੈਸਟ ਤਾਂ ਬਾਹਰੋਂ ਲੈਬਾਰਟਰੀਆਂ 'ਚੋਂ ਕਰਵਾਉਣੇ ਪੈਂਦੇ ਹਨ। ਇਸ ਬੀਮਾਰੀ ਦੇ ਟੀਕੇ ਵੀ ਮਹਿੰਗੇ ਹਨ।
ਵੱਡਾ ਹਸਪਤਾਲ ਬਣਾਉਣ ਦੀ ਮੰਗ
ਇਸ ਖੇਤਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਡਾ ਹਸਪਤਾਲ ਬਣਾਇਆ ਜਾਵੇ, ਜਿਥੇ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪਿੰਡ ਲੱਖੇਵਾਲੀ ਦੇ ਜਸਵੀਰ ਸਿੰਘ ਬਰਾੜ, ਸੁਖਦੇਵ ਸਿੰਘ ਬਰਾੜ, ਪਰਮਜੀਤ ਸਿੰਘ ਬਰਾੜ, ਭਾਗਸਰ ਦੇ ਨਰਿੰਦਰ ਸਿੰਘ ਬਰਾੜ ਅਤੇ ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਨੇ ਕਿਹਾ ਕਿ ਇਸ ਖੇਤਰ ਦੇ ਮਰੀਜ਼ਾਂ ਨੂੰ ਹੁਣ ਬਠਿੰਡਾ, ਲੁਧਿਆਣਾ, ਚੰਡੀਗੜ੍ਹ ਤੇ ਅੰਮ੍ਰਿਤਸਰ ਜਾਣਾ ਪੈਂਦਾ ਹੈ।
3340 ਮਰੀਜ਼ਾਂ ਦੀ ਹੋ ਚੁੱਕੀ ਹੈ ਸ਼ਨਾਖਤ : ਡਾ. ਗੁਰਿੰਦਰ ਕੌਰ
ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰ ਗੁਰਿੰਦਰ ਕੌਰ ਕੋਲੋਂ ਜਦ ਕਾਲੇ ਪੀਲੀਏ ਦੇ ਮਰੀਜ਼ਾਂ ਸਬੰਧੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ 3340 ਮਰੀਜ਼ ਮੁਕਤਸਰ ਦੇ ਉਕਤ ਹਸਪਤਾਲ 'ਚ ਆ ਕੇ ਕਾਲੇ ਪੀਲੀਏ ਦੀ ਦਵਾਈ ਲੈ ਚੁੱਕੇ ਹਨ ਤੇ ਹੋਰ ਵੀ ਰੋਜ਼ਾਨਾ ਮਰੀਜ਼ ਆ ਰਹੇ ਹਨ ।  


Related News