6 ਥਾਣੇ ਬੇਗਾਨੀਆਂ ਇਮਾਰਤਾਂ ''ਚ, ਇਕ ਵੀ ਪੁਲਸ ਚੌਕੀ ਕੋਲ ਨਹੀਂ ਹੈ ਆਪਣੀ ਜਗ੍ਹਾ

07/03/2017 7:44:03 AM

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਜਿੱਥੇ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਬਜਟ 'ਚ 70 ਨਵੇਂ ਪੁਲਸ ਥਾਣੇ ਬਣਾਉਣ ਦੀ ਯੋਜਨਾ ਰੱਖੀ ਗਈ ਹੈ, ਉੱਥੇ ਹੀ ਦੂਸਰੇ ਪਾਸੇ ਪੰਜਾਬ 'ਚ ਬਹੁਤ ਸਾਰੇ ਥਾਣਿਆਂ ਦੇ ਕੋਲ ਆਪਣੀ ਜਗ੍ਹਾ ਹੀ ਨਹੀਂ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਵਾਰ ਮੀਡੀਆ ਨੇ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਹੈ ਪਰ ਫਿਰ ਵੀ ਥਾਣਿਆਂ ਨੂੰ ਆਪਣੀ ਜਗ੍ਹਾ ਮੁਹੱਈਆ ਨਹੀਂ ਹੋ ਸਕੀ। ਇੱਥੇ ਇਕ ਸਵਾਲ ਇਹ ਵੀ ਉੱਠਦਾ ਹੈ ਕਿ ਪ੍ਰਸ਼ਾਸਨ ਕੋਲ ਸਰਕਾਰੀ ਪੱਧਰ 'ਤੇ ਜਗ੍ਹਾ ਦੀ ਕਮੀ ਹੋਣ ਕਾਰਨ ਵੀ ਨਵੇਂ ਥਾਣੇ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਰਹੀ। ਮੋਗਾ ਜ਼ਿਲੇ 'ਚ 6 ਥਾਣੇ ਅਤੇ 8 ਪੁਲਸ ਚੌਕੀਆਂ ਕਿਸੇ ਦੀਆਂ ਥਾਵਾਂ 'ਤੇ ਚੱਲ ਰਹੀਆਂ ਹਨ।
ਥਾਣਿਆਂ 'ਚ ਖੁੱਲ੍ਹੇ ਆਸਮਾਨ ਹੇਠ ਖੜ੍ਹੇ ਵਾਹਨ ਬਣ ਰਹੇ ਨੇ ਕਬਾੜ
ਮੋਗਾ ਜ਼ਿਲੇ ਦੇ ਥਾਣਾ ਸਿਟੀ ਸਾਊਥ, ਬੱਧਨੀ ਕਲਾਂ, ਸਿਟੀ-1, ਥਾਣਾ ਸਦਰ ਸਮੇਤ ਹੋਰ ਥਾਣਿਆਂ ਵਿਚ ਵੱਖ-ਵੱਖ ਕੇਸਾਂ 'ਚ ਨਾਮਜ਼ਦ ਅਤੇ ਮੋਟਰ ਵ੍ਹੀਰਲ ਐਕਟ ਤਹਿਤ ਕਬਜ਼ੇ 'ਚ ਲਏ ਵਾਹਨ ਖੁੱਲ੍ਹੇ ਆਸਮਾਨ ਹੇਠ ਖੜ੍ਹੇ ਹੋਣ ਕਾਰਨ ਕਬਾੜ ਬਣ ਰਹੇ ਹਨ। ਬੇਸ਼ੱਕ ਥਾਣਿਆਂ 'ਚ ਮਾਲਖਾਨੇ ਤਾਂ ਬਣੇ ਹਨ ਪਰ ਖੜ੍ਹੇ ਵਾਹਨਾਂ ਖੁੱਲ੍ਹੇ ਆਸਮਾਨ ਦੇ ਹੇਠਾਂ ਹੀ ਖੜ੍ਹੇ ਕਰ ਦਿੱਤਾ ਜਾਂਦਾ ਹੈ। ਕਈ ਕੇਸਾਂ 'ਚ ਲੰਮਾ ਸਮਾਂ ਥਾਣੇ ਵਿਚ ਖੜ੍ਹੇ ਰਹਿਣ ਵਾਲੇ ਵਾਹਨ ਤਾਂ ਚਲਾਉਣ ਯੋਗ ਹੀ ਨਹੀਂ ਰਹਿੰਦੇ।


Related News