ਸਾਈਨ ਬੋਰਡਾਂ ''ਤੇ ''ਪੰਜਾਬੀ'' ਪਹਿਲੀ ਭਾਸ਼ਾ ਵਜੋਂ ਲਿਖੀ ਜਾਣੀ ਸ਼ੁਰੂ

12/25/2017 7:58:57 AM

ਫ਼ਰੀਦਕੋਟ  (ਹਾਲੀ) - ਰਾਸ਼ਟਰੀ ਮਾਰਗ ਨੰ. 54 'ਤੇ ਪੰਜਾਬੀ ਭਾਸ਼ਾ ਨੂੰ ਤੀਜੀ ਨੰਬਰ 'ਤੇ ਲਿਖੇ ਜਾਣ ਦੇ ਰੋਸ 'ਚ ਆਏ ਪੰਜਾਬੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਗਿਆ ਸੰਘਰਸ਼ ਰੰਗ ਲਿਆਉਣ ਲੱਗਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ 'ਤੇ ਠੇਕੇਦਾਰ ਨੇ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਲਿਖਣਾ ਸ਼ੁਰੂ ਕਰ ਦਿੱਤਾ ਹੈ। ਇਸ ਰਾਸ਼ਟਰੀ ਰਾਜ ਮਾਰਗ 'ਤੇ ਪਹਿਲਾਂ ਲੱਗੇ ਬੋਰਡਾਂ ਨੂੰ ਉਤਾਰ ਕੇ ਉਨ੍ਹਾਂ ਦੀ ਜਗ੍ਹਾ 'ਤੇ ਨਵੇਂ ਬੋਰਡ ਲਾਏ ਜਾ ਰਹੇ ਹਨ, ਜਿਨ੍ਹਾਂ 'ਤੇ ਪਿੰਡਾਂ, ਸ਼ਹਿਰਾਂ ਅਤੇ ਹੋਰ ਸਥਾਨਾਂ ਦੇ ਨਾਂ ਨੂੰ ਪਹਿਲਾਂ ਪੰਜਾਬੀ, ਦੂਜੇ 'ਤੇ ਹਿੰਦੀ ਤੇ ਤੀਜੇ ਸਥਾਨ 'ਤੇ ਅੰਗਰੇਜ਼ੀ ਵਿਚ ਲਿਖਿਆ ਗਿਆ ਹੈ। ਮੁੱਖ ਮੰਤਰੀ ਪੰਜਾਬ ਦੇ ਦਫਤਰ ਵੱਲੋਂ ਸਕੱਤਰ ਲੋਕ ਨਿਰਮਾਣ ਵਿਭਾਗ ਨੂੰ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਸੀ ਕਿ ਰਾਸ਼ਟਰੀ ਮਾਰਗ ਨੰ. 54 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਸਬੰਧੀ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਰਾਸ਼ਟਰੀ ਰਾਜ ਮਾਰਗ 'ਤੇ ਮਾਂ ਬੋਲੀ 'ਪੰਜਾਬੀ' ਨਾਲ ਹੋ ਰਿਹਾ ਵਿਤਕਰਾ ਬੰਦ ਕਰਨ ਲਈ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲਿਆਂ 'ਚ ਇਸ ਸਬੰਧੀ ਆਵਾਜ਼ਾਂ ਉੱਠੀਆਂ ਸਨ ਅਤੇ ਪਹਿਲਾਂ ਬਣੇ ਸਾਈਨ ਬੋਰਡਾਂ 'ਤੇ ਕਾਲਖ ਲਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਭਾਈ ਘਨ੍ਹੱਈਆ ਸੁਸਾਇਟੀ ਅਤੇ ਹੋਰ ਪੰਜਾਬੀ ਪ੍ਰੇਮੀਆਂ ਦੇ ਸੰਘਰਸ਼ ਨੇ ਪੰਜਾਬੀ ਦੇ ਹੱਕ 'ਚ ਮਾਹੌਲ ਬਣਾਉਣਾ ਆਰੰਭ ਕੀਤਾ ਹੋਇਆ ਹੈ। ਇਸ ਸਬੰਧੀ ਫਰੀਦਕੋਟ ਵਿਖੇ ਸੁਸਾਇਟੀ ਵੱਲੋਂ ਪੰਜਾਬੀ ਦੇ ਉੱਘੇ ਵਿਦਵਾਨਾਂ ਨੂੰ ਬੁਲਾ ਕੇ ਕਰਵਾਏ ਗਏ ਮਾਂ ਬੋਲੀ ਸਤਿਕਾਰ ਸਮਾਗਮ ਦੀ ਗੂੰਜ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੀ, ਜਿਸ 'ਚ ਜਸਵੰਤ ਸਿੰਘ ਕੰਵਲ, ਡਾ. ਹਰਜਿੰਦਰ ਸਿੰਘ ਵਾਲੀਆ, ਹਰਪਾਲ ਸਿੰਘ ਪੰਨੂੰ ਅਤੇ ਡਾ. ਭੀਮਇੰਦਰ ਸਿੰਘ ਨੇ ਮਾਂ ਬੋਲੀ 'ਪੰਜਾਬੀ' ਦੇ ਹੱਕ 'ਚ ਦਲੀਲਾਂ ਦਿੰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਸੀ।
ਬਠਿੰਡਾ-ਅੰਮ੍ਰਿਤਸਰ ਮਾਰਗ 'ਤੇ ਕਰੀਬ 200 ਕਿਲੋਮੀਟਰ ਦੇ ਦਾਇਰੇ ਵਾਲੇ ਸਾਈਨ ਬੋਰਡ ਬਦਲਣੇ ਸ਼ੁਰੂ ਹੋ ਗਏ ਹਨ। ਉਕਤ ਵਿਵਾਦ 'ਚੋਂ ਮਾਂ ਬੋਲੀ 'ਪੰਜਾਬੀ' ਨੂੰ ਇਹ ਇਕ ਵਿਲੱਖਣ ਪ੍ਰਾਪਤੀ ਮਿਲੀ ਹੈ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਉਦਯੋਗਪਤੀਆਂ ਅਤੇ ਛੋਟੇ-ਵੱਡੇ ਦੁਕਾਨਦਾਰਾਂ ਨੇ ਆਪਣੇ ਅਦਾਰੇ ਦੇ ਬਾਹਰ ਲੱਗੇ ਬੋਰਡ ਪੰਜਾਬੀ ਵਿਚ ਕਰ ਦਿੱਤੇ ਹਨ ਅਤੇ ਖੁਸ਼ੀ-ਗਮੀ ਦੇ ਸੱਦਾ ਪੱਤਰ ਵੀ ਹੁਣ ਪੰਜਾਬੀ ਭਾਸ਼ਾ 'ਚ ਛਪਣੇ ਸ਼ੁਰੂ ਹੋ ਗਏ ਹਨ।


Related News