ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਪਰਿਵਾਰਾਂ ''ਚ ਖੂਨੀ ਝੜਪ

05/29/2019 10:53:46 AM

ਝਬਾਲ, ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਪਿੰਡ ਪੰਡੋਰੀ ਸਿੱਧਵਾਂ ਸਥਿਤ ਜ਼ਮੀਨੀ ਵਿਵਾਦ ਦੇ ਕਾਰਨ ਬੀਤੀ ਦੇਰ ਸ਼ਾਮ ਦੋ ਪਰਿਵਾਰਾਂ 'ਚ ਹੋਈ ਖੂਨੀ ਝੜਪ ਦੌਰਾਨ ਦੋਵਾਂ ਪਰਿਵਾਰਾਂ ਦੇ ਮੁਖੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਥਾਣਾ ਝਬਾਲ ਦੀ ਪੁਲਸ ਦਾ ਦਾਅਵਾ ਹੈ ਕਿ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ। ਜਾਣਕਾਰੀ ਦਿੰਦਿਆਂ ਇਕ ਧਿਰ ਦੇ ਸੁਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਭਗਵਾਨ ਸਿੰਘ ਅਤੇ ਖਜ਼ਾਨ ਸਿੰਘ ਹਨ। ਉਨ੍ਹਾਂ ਦੀ ਪੁਸ਼ਤੈਨੀ ਜ਼ਮੀਨ 2 ਵੱਖ-ਵੱਖ ਹਿੱਸਿਆਂ 'ਚ 24 ਅਤੇ 38 (ਕੁੱਲ 62) ਏਕੜ ਹੈ, ਜਿਸ ਦੀ ਬਰਾਬਰ-ਬਰਾਬਰ ਵੰਡ ਉਨ੍ਹਾਂ ਤਿੰਨਾਂ ਭਰਾਵਾਂ 'ਚ ਹੋਈ ਹੈ ਪਰ ਉਨ੍ਹਾਂ ਦੇ ਹਿੱਸੇ ਆਉਂਦੀ ਢਾਈ ਏਕੜ ਦੇ ਕਰੀਬ ਜ਼ਮੀਨ ਨੂੰ ਉਸ ਦੇ ਅਮਰੀਕਾ 'ਚ ਰਹਿੰਦੇ ਵੱਡੇ ਭਰਾ ਭਗਵਾਨ ਸਿੰਘ ਨੇ ਧੱਕੇ ਨਾਲ ਪਿਛਲੇ ਕਈ ਸਾਲਾਂ ਤੋਂ ਆਪਣੇ ਕਬਜ਼ੇ ਹੇਠ ਰੱਖਦਿਆਂ ਜ਼ਮੀਨ ਅੱਗੇ ਠੇਕੇ 'ਤੇ ਕਿਸੇ ਕਿਸਾਨ ਨੂੰ ਦਿੱਤੀ ਹੋਈ ਹੈ। ਉਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਗਵਾਨ ਸਿੰਘ ਨੇ ਇਕ ਮੋਟਰ (ਬੰਬੀ) 'ਤੇ ਵੀ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ। ਸੁਰਜੀਤ ਸਿੰਘ ਤੇ ਉਸ ਦੇ ਲੜਕੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਭਗਵਾਨ ਸਿੰਘ ਅਤੇ ਉਨ੍ਹਾਂ ਵਿਚਾਲੇ ਵਿਵਾਦ ਅਦਾਲਤ ਅਤੇ ਪੁਲਸ ਕੋਲ ਵੀ ਚੱਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸੋਮਵਾਰ ਦੀ ਦੇਰ ਸ਼ਾਮ ਜਦੋਂ ਉਹ ਆਪਣੀ ਮੋਟਰ (ਬੰਬੀ) 'ਤੇ ਮੌਜੂਦ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਤਾਂ ਭਗਵਾਨ ਸਿੰਘ ਅਤੇ ਉਸ ਦਾ ਸਾਥੀ ਦਿਲਬਾਗ ਸਿੰਘ ਨੇ ਉਸ ਦੀ ਬੰਬੀ 'ਤੇ ਆ ਕੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਗਵਾਨ ਸਿੰਘ ਨੇ ਉਸ 'ਤੇ ਆਪਣੇ ਲਾਇਸੈਂਸੀ ਪਿਸਟਲ ਤਾਣ ਕੇ ਗੋਲੀ ਚਲਾ ਦਿੱਤੀ ਪਰ ਗੋਲੀ ਇਕ ਸਾਈਡ ਨੂੰ ਨਿਕਲ ਗਈ, ਇਸ ਦੌਰਾਨ ਦਿਲਬਾਗ ਸਿੰਘ ਨੇ ਆਪਣੇ ਦਸਤੀ ਦਾਤਰ ਨਾਲ ਉਸ ਦੇ ਗੁੱਟ (ਹੱਥ) 'ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਰੌਲਾ ਸੁਣ ਕੇ ਲੋਕਾਂ ਨੂੰ ਮੋਟਰ ਵੱਲ ਆਉਂਦਿਆਂ ਵੇਖ ਉਕਤ ਲੋਕ ਆਪਣੀ ਗੱਡੀ 'ਚ ਸਵਾਰ ਹੋ ਕੇ ਫਰਾਰ ਹੋ ਗਏ। ਸੁਰਜੀਤ ਸਿੰਘ ਮੁਤਾਬਕ ਉਨ੍ਹਾਂ ਵਲੋਂ ਭਗਵਾਨ ਸਿੰਘ ਦਾ ਪਿਸਟਲ ਤੇ ਚਲਾਈ ਗਈ ਗੋਲੀ ਦਾ ਖੋਲ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।

ਪਿਉ-ਪੁੱਤਾਂ ਨੇ ਕੀਤੀ ਮੇਰੇ ਨਾਲ ਕੁੱਟ-ਮਾਰ : ਭਗਵਾਨ ਸਿੰਘ
ਦੂਜੇ ਪਾਸੇ ਐੱਨ.ਆਰ.ਆਈ. ਭਗਵਾਨ ਸਿੰਘ ਨੇ ਉਕਤ ਦੋਸ਼ਾਂ ਨੂੰ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਢਾਈ ਏਕੜ (20 ਕਨਾਲ) ਜ਼ਮੀਨ ਸੁਰਜੀਤ ਸਿੰਘ ਨੂੰ ਉਹ ਦੇ ਚੁੱਕਾ ਹੈ, ਜਦੋਂ ਕਿ 6 ਏਕੜ 8 ਮਰਲੇ ਜ਼ਮੀਨ ਸਬੰਧੀ ਉਸ ਨੇ ਅਦਾਲਤ 'ਚੋਂ ਕੇਸ ਜਿੱਤਿਆ ਹੋਇਆ ਹੈ ਪਰ ਬਾਵਜੂਦ ਇਸ ਦੇ ਸੁਰਜੀਤ ਸਿੰਘ ਵਲੋਂ ਜਾਣ-ਬੁੱਝ ਕੇ ਉਸ ਨਾਲ ਲੜਾਈ ਝਗੜਾ ਕੀਤਾ ਜਾਂਦਾ ਆ ਰਿਹਾ ਹੈ, ਜਿਸ ਸਬੰਧੀ ਉਸ ਵਲੋਂ ਕਈ ਵਾਰ ਥਾਣਾ ਝਬਾਲ ਵਿਖੇ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਹਨ। ਉਸਨੇ ਦੱਸਿਆ ਕਿ 11 ਏਕੜ 5 ਕਨਾਲ ਜ਼ਮੀਨ ਉਸ ਵਲੋਂ ਪਿੰਡ ਕੰਡਿਆਲਾ ਦੇ ਕਿਸਾਨ ਗੁਰਜੀਤ ਸਿੰਘ ਨੂੰ ਠੇਕੇ 'ਤੇ ਦਿੱਤੀ ਹੋਈ ਹੈ। ਉਸ ਨੇ ਦੱਸਿਆ ਕਿ ਬੀਤੀ ਸੋਮਵਾਰ ਦੀ ਸ਼ਾਮ ਨੂੰ ਜਦੋਂ ਉਹ ਖੇਤਾਂ 'ਚ ਜਾ ਕੇ ਠੇਕੇ 'ਤੇ ਦਿੱਤੀ ਗਈ ਜ਼ਮੀਨ ਸਬੰਧੀ ਕਿਸਾਨ ਗੁਰਜੀਤ ਸਿੰਘ ਨੂੰ ਸ਼ਨਾਖ਼ਤ ਕਰਾ ਰਿਹਾ ਸੀ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਸੁਰਜੀਤ ਸਿੰਘ ਅਤੇ ਉਸ ਦੇ ਲੜਕੇ ਜਤਿੰਦਰ ਸਿੰਘ ਨੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤੈ। ਭਗਵਾਨ ਸਿੰਘ ਨੇ ਪਿਸਟਲ ਨਾਲ ਗੋਲੀ ਮਾਰਨ ਦੀ ਗੱਲ ਨੂੰ ਝੂਠ ਦੱਸਦਿਆਂ ਕਿਹਾ ਕਿ ਕੁੱਟ-ਮਾਰ ਕਰਨ ਉਪਰੰਤ ਉਕਤ ਲੋਕਾਂ ਵਲੋਂ ਉਸ ਦੇ ਘਰੋਂ ਅਲਮਾਰੀ 'ਚੋਂ ਪਿਸਟਲ ਚੋਰੀ ਕਰ ਲਿਆ ਗਿਆ ਹੈ, ਜਿਸ ਸਬੰਧੀ ਵੀ ਉਸ ਵਲੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ : ਵੜੈਚ
ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਕਿਹਾ ਕਿ ਦੋਹਾਂ ਭਰਾਵਾਂ ਸੁਰਜੀਤ ਸਿੰਘ ਅਤੇ ਭਗਵਾਨ ਸਿੰਘ ਵਿਚਾਲੇ ਜ਼ਮੀਨੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਬੀਤੀ ਦੇਰ ਸ਼ਾਮ ਲੜਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਕਤ ਲੜਾਈ 'ਚ ਦੋਵਾਂ ਧਿਰਾਂ ਦੇ ਦੋ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਝਬਾਲ ਦੇ ਸਰਕਾਰੀ ਹਸਪਤਾਲ ਝਬਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਵਲੋਂ ਇਕ ਦੂਜੇ ਨੂੰ ਸੱਟਾਂ ਮਾਰਨ ਸਬੰਧੀ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ, ਜਿਸ ਮਾਮਲੇ ਸਬੰਧੀ ਸਬ ਇੰਸਪੈਕਟਰ ਹਰਸ਼ਾ ਸਿੰਘ ਵਲੋਂ ਜਾਂਚ ਕੀਤੀ ਜਾ ਰਹੀ ਹੈ।


Baljeet Kaur

Content Editor

Related News