ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 491ਵੇਂ ਟਰੱਕ ਦੀ ਰਾਹਤ ਸਮੱਗਰੀ

01/10/2019 10:49:05 AM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਕਾਰਨ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਪਿਛਲੇ ਸਾਲਾਂ 'ਚ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰਨਾ ਪਿਆ। ਆਪਣੇ ਹੱਸਦੇ-ਵੱਸਦੇ ਘਰਾਂ 'ਚੋਂ ਉੱਜੜੇ ਕਸ਼ਮੀਰ ਦੇ ਹਜ਼ਾਰਾਂ ਪੰਡਤ ਪਰਿਵਾਰ ਅਤੇ ਜੰਮੂ ਦੇ ਸਰਹੱਦੀ ਖੇਤਰਾਂ ਦੇ ਵੱਡੀ ਗਿਣਤੀ ਲੋਕ ਸੰਕਟ ਵਾਲਾ ਸਮਾਂ ਗੁਜ਼ਾਰ ਰਹੇ ਹਨ। ਉਹ ਕਦੇ ਵੀ ਪਹਿਲਾਂ ਵਾਂਗ ਸੁੱਖ-ਸ਼ਾਂਤੀ ਦੇ ਮਾਹੌਲ 'ਚ ਆਪਣੇ ਘਰਾਂ 'ਚ ਨਹੀਂ ਵੱਸ ਸਕੇ। ਜੰਮੂ-ਖੇਤਰ ਦੇ ਸਰਹੱਦੀ ਲੋਕ ਅੱਜ ਵੀ ਗੋਲੀਬਾਰੀ ਦੀ ਮਾਰ ਸਹਿਣ ਕਰ ਰਹੇ ਹਨ। ਇਨ੍ਹਾਂ ਵਿਚ ਪਿੰਡਾਂ ਦੇ ਆਮ ਲੋਕਾਂ ਤੋਂ ਇਲਾਵਾ ਸੁਰੱਖਿਆ ਫੋਰਸਾਂ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਅਜਿਹੇ ਪੀੜਤ ਪਰਿਵਾਰਾਂ ਨੂੰ ਕੁਦਰਤੀ ਅਤੇ ਸਰਕਾਰੀ ਪੱਧਰ 'ਤੇ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਲਈ ਹਾਲਾਤ ਇਕ ਤਰ੍ਹਾਂ ਨਾਲ ਬੇਬਸੀ ਵਾਲੇ ਬਣ ਗਏ ਹਨ, ਜਿਸ ਵਿਚ ਦੋ ਵਕਤ ਦੀ ਰੋਟੀ ਦਾ  ਸੁਆਲ ਵੀ ਗੰਭੀਰ ਹੋ ਗਿਆ ਹੈ।

ਅਜਿਹੇ ਪੀੜਤ ਪਰਿਵਾਰਾਂ ਦੀ ਦਰਦਨਾਕ ਹਾਲਤ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ  ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੀ ਬੀਤੇ ਦਿਨੀਂ 491ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ ਦੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਡੀ.ਸੀ. ਮਾਡਲ ਗਰੁੱਪ ਆਫ ਸਕੂਲਜ਼ ਫਿਰੋਜ਼ਪੁਰ ਦੇ ਸੀ.ਈ.ਓ. ਸ਼੍ਰੀ ਅਨਿਰੁਧ ਗੁਪਤਾ ਵਲੋਂ ਗਰੁੱਪ ਦੀ ਮੈਨੇਜਮੈਂਟ ਅਤੇ ਸਟਾਫ ਦੇ ਸਹਿਯੋਗ ਨਾਲ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਡਿਪਟੀ ਹੈੱਡ ਐਡਮਿਨ. ਗੌਰਿਸ਼ ਅਰੋੜਾ ਅਤੇ ਬੁਲਾਰੇ ਵਿਕਰਮਾਦਿੱਤਿਆ ਸ਼ਰਮਾ ਨੇ ਵੱਡਮੁੱਲਾ ਸਹਿਯੋਗ ਦਿੱਤਾ। ਗਰੁੱਪ ਵਲੋਂ ਪਹਿਲਾਂ ਵੀ ਸਮੱਗਰੀ ਭਿਜਵਾਉਣ ਅਤੇ ਪੀੜਤਾਂ ਦੀ ਸਹਾਇਤਾ ਲਈ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ।

ਪਦਮ ਸ਼੍ਰੀ  ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ ਅਤੇ ਇਕ ਕੰਬਲ ਸ਼ਾਮਲ ਸੀ।
ਇਸ ਮੌਕੇ ਪ੍ਰੋ. ਅਭਿਸ਼ੇਕ ਅਰੋੜਾ ਵੀ ਮੌਜੂਦ ਸਨ। ਰਾਹਤ ਮੁਹਿੰਮ ਦੇ ਆਗੂ ਲਾਇਨ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ ਵਿਚ ਜਾਣ ਵਾਲੀ ਟੀਮ 'ਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ. ਕੁਲਦੀਪ ਸਿੰਘ ਭੁੱਲਰ, ਜ਼ੀਰਾ ਤੋਂ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂਵਾਲਾ, ਪ੍ਰਗਟ ਸਿੰਘ ਭੁੱਲਰ, ਲੋਕ ਚੇਤਨਾ ਮੰਚ ਦੇ ਫਿਰੋਜ਼ਪੁਰ ਜ਼ਿਲਾ ਪ੍ਰਧਾਨ ਸ. ਜਸਬੀਰ ਸਿੰਘ ਜੋਸਨ ਅਤੇ ਹਰਦਿਆਲ ਸਿੰਘ ਵੀ ਸ਼ਾਮਲ ਸਨ।


Shyna

Content Editor

Related News