ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਇਤਿਹਾਸਿਕ ਗਾਂਧੀ-ਇਰਵਿਨ ਸਮਝੌਤੇ 'ਤੇ ਹੋਏ ਸਨ ਦਸਤਖ਼ਤ (ਵੀਡੀਓ)
Thursday, Mar 05, 2020 - 10:12 AM (IST)
ਜਲੰਧਰ (ਬਿਊਰੋ) - 'ਗਾਂਧੀ-ਇਰਵਿਨ ਪੈਕਟ' ਸੁਤੰਤਰਤਾ ਲਈ ਭਾਰਤ ਦੇ ਸੰਘਰਸ਼ ਲਈ ਇਕ ਮਹੱਤਵਪੂਰਨ ਬਿੰਦੂ ਸੀ। ਮਹਾਤਮਾ ਗਾਂਧੀ ਅਤੇ ਵਾਇਸਰਾਏ ਲਾਰਡ ਇਰਵਿਨ ਨੇ 5 ਮਾਰਚ 1931 ਨੂੰ ਇਸ ਇਤਿਹਾਸਿਕ ਸਮਝੌਤੇ 'ਤੇ ਦਸਤਖਤ ਕੀਤੇ। ਆਖਿਰ ਕੀ ਹੈ ਗਾਂਧੀ-ਇਰਵਿਨ ਪੈਕਟ, ਜਿਸ ਤੋਂ ਕਈ ਸਿਆਸੀ ਆਗੂ ਨਾਖੁਸ਼ ਸਨ ਅਤੇ ਇਸ ਸਮਝੌਤੇ ਦਾ ਭਾਰਤ 'ਤੇ ਕੀ ਅਸਰ ਪਿਆ, ਦੇ ਬਾਰੇ ਅੱਜ ਅਸੀਂ ਇਤਿਹਾਸ ਦੀ ਡਾਇਰੀ ਪ੍ਰੋਗਰਾਮ ’ਚ ਨਜ਼ਰ ਮਾਰਦੇ ਹਾਂ।
ਗਾਂਧੀ-ਇਰਵਿਨ ਸਮਝੌਤੇ ਦਾ ਪਿਛਕੋੜ
ਸਾਲ 1930 ’ਚ ਜਦੋਂ ਮਹਾਤਮਾ ਗਾਂਧੀ ਨੇ ਪਿੰਡ ਦਾਂਡੀ ਤੋਂ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਇਹ ਸੱਤਿਆਗ੍ਰਹਿ ਅੰਗ੍ਰੇਜ਼ੀ ਹਕੂਮਤ ਦੇ ਨੀਤਿਆਂ ਦੇ ਵਿਰੁੱਧ ਸੀ। ਕਿਉਂਕਿ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਨੂੰ ਸੁਤੰਤਰ ਰੂਪ ਨਾਲ ਨਮਕ ਬਣਾਉਣ ਅਤੇ ਵੇਚਣ 'ਤੇ ਰੋਕ ਲਗਾਉਣ ਲਈ ਕਈ ਕਾਨੂੰਨ ਲਾਗੂ ਕੀਤੇ ਸਨ। ਇਹੀ ਕਾਰਨ ਸੀ ਕਿ ਅੰਗ੍ਰੇਜ਼ਾਂ ਨੇ ਸੱਤਿਆਗ੍ਰਹਿਆਂ ਦੇ ਨਾਲ-ਨਾਲ ਮਹਾਤਮਾ ਗਾਂਧੀ ਨੂੰ ਵੀ ਗ੍ਰਿਫਤਾਰ ਕੀਤਾ। ਅੰਗ੍ਰੇਜ਼ਾਂ ਨੇ ਸਾਲ 1930 ਦੇ ਅੰਤ ਤੱਕ ਜਵਾਹਰਲਾਲ ਨਹਿਰੂ ਵਰਗੇ ਪ੍ਰਮੁੱਖ ਕਾਂਗਰਸ ਨੇਤਾਵਾਂ ਦੇ ਨਾਲ-ਨਾਲ ਹਜ਼ਾਰਾਂ ਭਾਰਤੀਆਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਹਾਲਾਂਕਿ ਇਸ ਅੰਦੋਲਨ ਨੇ ਬ੍ਰਿਟਿਸ਼ ਸਰਕਾਰ ਲਈ ਵੱਡੀ ਪਰੇਸ਼ਾਨੀ ਪੈਦਾ ਕਰ ਦਿੱਤੀ ਸੀ, ਜਿਸ ਤੋਂ ਨਿਜਾਤ ਪਾਉਣ ਲਈ ਅੰਗ੍ਰੇਜ਼ ਲਾਰਡ ਇਰਵਿਨ ਮਹਾਤਮਾ ਗਾਂਧੀ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋ ਗਿਆ ਸੀ। ਇਸ ਲਈ ਸਾਲ 1931 ਨੂੰ ਮਹਾਤਮਾ ਗਾਂਧੀ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤਰ੍ਹਾਂ ਮਹਾਤਮਾ ਗਾਂਧੀ ਅਤੇ ਇਰਵਿਨ ਦੋਹਾਂ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ 1931 ਨੂੰ ਸਹਿਮਤੀ ਜਤਾਉਂਦੇ ਹੋਏ ਗਾਂਧੀ-ਇਰਵਿਨ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ।
ਕਹਿੰਦੇ ਹਨ ਕਿ ਮਹਾਤਮਾ ਗਾਂਧੀ ਅਤੇ ਇਰਵਿਨ 'ਚ ਹੋਏ ਸਮਝੌਤੇ ਦੌਰਾਨ ਇਨ੍ਹਾਂ ਦੋਹਾਂ ਨੇਤਾਵਾਂ 'ਚ ਕੁਲ 8 ਬੈਠਕਾਂ ਹੋਈਆਂ ਸਨ ਅਤੇ ਇਹ ਬੈਠਕਾਂ 24 ਘੰਟਿਆਂ ਤੱਕ ਚੱਲੀਆਂ। ਜਿਹੜੇ ਸਮਝੌਤੇ 'ਤੇ ਅੰਗ੍ਰੇਜ਼ੀ ਹਕੂਮਤ ਵਲੋਂ ਲਾਰਡ ਇਰਵਿਨ ਦੁਆਰਾ ਦਸਤਖ਼ਤ ਕੀਤੇ ਗਏ ਸਨ ਅਤੇ ਮਹਾਤਮਾ ਗਾਂਧੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਵਲੋਂ ਜਿਨ੍ਹਾਂ ਬਿੰਦੂਆਂ 'ਤੇ ਸਹਿਮਤੀ ਕੀਤੀ ਸੀ, ਉਹ ਸਨ...
. ਹਿੰਸਕ ਕੈਦੀਆਂ ਤੋਂ ਇਲਾਵਾ ਬਾਕੀ ਕੈਦੀਆਂ ਦੀ ਰਿਹਾਈ।
. ਸਮੁੰਦਰ ਕਿਨਾਰੇ ਨਮਕ ਬਣਾਉਣ ਦਾ ਅਧਿਕਾਰ ਦੇਣਾ।
. ਸੱਤਿਆਗ੍ਰਹਿ ਦੀ ਜ਼ਬਤ ਕੀਤੀ ਸੰਪਤੀ ਨੂੰ ਵਾਪਿਸ ਕਰਨ ਦਾ ਵਾਅਦਾ।
. ਵਿਦੇਸ਼ੀ ਕੱਪੜੇ ਤੇ ਸ਼ਰਾਬ ਦੀਆਂ ਦੁਕਾਨਾਂ ਬਾਹਰ ਸ਼ਾਂਤੀਪੂਰਵਕ ਧਰਨੇ ਦਾ ਅਧਿਕਾਰ ।
. ਅੰਦੋਲਨ ਦੌਰਾਨ ਤਿਆਗ-ਪੱਤਰ ਦੇਣ ਵਾਲ਼ਿਆਂ ਨੂੰ ਉਨ੍ਹਾਂ ਦੇ ਅਹੁਦਿਆਂ 'ਤੇ ਮੁੜ ਬਹਾਲ ਕੀਤਾ ਜਾਵੇ।
ਇਹ ਤਾਂ ਸੀ ਉਹ ਗੱਲਾਂ ਜੋ ਅੰਗ੍ਰੇਜ਼ੀ ਹਕੂਮਤ ਨੇ ਮੰਨੀਆਂ ਹੁਣ ਇਕ ਨਜ਼ਰ ਮਾਰਦੇ ਹਾਂ ਉਹ ਸ਼ਰਤਾਂ ਜੋ ਭਾਰਤ ਸਰਕਾਰ ਨੇ ਸਵੀਕਾਰ ਕੀਤੀਆਂ...
. ਸਵਨਿੰਆ ਅਵੱਗਿਆ ਅੰਦੋਲਨ ਮੁਲਤਵੀ ਕਰ ਦਿੱਤਾ ਜਾਵੇਗਾ।
. ਕਾਂਗਰਸ ਦੂਜੀ ਗੋਲਮੇਜ ਸੰਮੇਲਨ 'ਚ ਹਿੱਸਾ ਲਵੇਗੀ।
. ਕਾਂਗਰਸ(ਭਾਰਤੀ) ਅੰਗ੍ਰੇਜ਼ੀ ਸਾਮਾਨ ਦਾ ਬਾਈਕਾਟ ਨਹੀਂ ਕਰੇਗੀ।
. ਪੁਲਸ ਦੀਆਂ ਵਧੀਕੀਆਂ ਦੀ ਜਾਂਚ ਕਰਨ ਦੀ ਮੰਗ ਛੱਡ ਦੇਣਗੇ।
ਮਹਾਤਮਾ ਗਾਂਧੀ ਨੇ ਜਿਥੇ ਇਸ ਸਮਝੌਤੇ ਨੂੰ ਬਹੁਤ ਮਹੱਤਵ ਦਿੱਤਾ, ਉਥੇ ਹੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਇਸਦੀ ਸਖਤ ਆਲੋਚਨਾ ਕੀਤੀ। ਇਹੀ ਨਹੀਂ ਯੁਵਾ ਕਾਂਗਰਸੀ ਵੀ ਇਸ ਸਮਝੌਤੇ ਤੋਂ ਇਸ ਲਈ ਅਸੰਤੁਸ਼ਟ ਸਨ, ਕਿਉਂਕਿ ਗਾਂਧੀ ਜੀ ਨੇ ਤਿੰਨਾਂ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਫੰਦੇ ਤੋਂ ਨਹੀਂ ਬਚਾਇਆ। ਇਹ ਗੱਲ ਅੱਜ ਵੀ ਵਿਵਾਦ ਦਾ ਕਾਰਨ ਬਣੀ ਰਹਿੰਦੀ ਹੈ। ਖੈਰ, ਇਹ ਤਾਂ ਸੀ ਗੱਲ ਗਾਂਧੀ-ਇਰਵਿਨ ਪੈਕਟ ਦੀ ਅਤੇ ਹੁਣ ਗੱਲ ਕਰਾਂਗੇ ਅੱਜ ਦੇ ਦਿਨ ਯਾਨੀ 5 ਮਾਰਚ ਨੂੰ ਵਾਪਰੀਆਂ ਕੁਝ ਮਹੱਵਸਪੂਰਨ ਘਟਨਾਵਾਂ 'ਤੇ ਜੋ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਲਈ ਦਰਜ ਹੋ ਕੇ ਰਹਿ ਗਈਆਂ।
1983- ਆਸਟ੍ਰੇਲਿਆ 'ਚ ਲੇਬਰ ਪਾਰਟੀ ਦੇ ਨੇਤਾ ਬਾਬ ਹਾਕ ਪ੍ਰਧਾਨਮੰਤਰੀ ਬਣੇ ਸਨ।
2006- ਪਾਕਿ 'ਚ ਅਲਕਾਇਦਾ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ 'ਚ 100 ਲੋਕ ਮਾਰੇ ਗਏ ਸਨ।
2008- ਮਹਾਰਾਸ਼ਟਰ ਦੇ ਰਾਜਪਾਲ ਐੱਸ. ਐਮ. ਕ੍ਰਿਸ਼ਣਾ ਨੇ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ।
2009- ਭਾਰਤੀ ਉਦਯਗਪਤੀ ਵਿਜੈ ਮਾਲਿਆ ਨੇ 18 ਲੱਖ ਰੁਪਏ 'ਚ ਬਾਪੂ ਦੀ ਸੰਪਤੀ ਖਰੀਦੀ ਸੀ।
1913- ਭਾਰਤੀ ਗਾਇਕਾ ਗੰਗੂਬਾਈ ਹੰਗਲ ਦਾ ਹੋਇਆ ਸੀ ਜਨਮ।
1916- ਭਾਰਤੀ ਸਿਆਸਤਦਾਨ ਬੀਜੂ ਪਟਨਾਇਕ ਦਾ ਜਨਮ ਹੋਇਆ ਸੀ।
1959- ਬੀਜੇਪੀ ਦੇ ਸੀਨੀਅਰ ਨੇਤਾ ਸ਼ਿਵਰਾਜ ਸਿੰਘ ਚੌਹਾਨ ਦਾ ਜਨਮ ਹੋਇਆ ਸੀ।
1953- ਸੋਵੀਅਤ ਤਾਨਾਸ਼ਾਹ ਜੋਸੇਫ਼ ਸਟਾਲਿਨ ਦਾ ਦੇਹਾਂਤ।
1989- ਲੇਬਰ ਪਾਰਟੀ ਦੇ ਸੰਸਥਾਪਕ ਬਾਬਾ ਪ੍ਰਿਥਵੀ ਸਿੰਘ ਦਾ ਦੇਹਾਂਤ।
2010- ਜੀ.ਪੀ.ਬਿੜਲਾ ਨੇ ਦੁਨਿਆ ਨੂੰ ਕਿਹਾ 'ਅਲਵਿਦਾ'।