ਇਤਿਹਾਸ ਦੀ ਡਾਇਰੀ: ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ (ਵੀਡੀਓ)

Sunday, Mar 08, 2020 - 09:55 AM (IST)

ਜਲੰਧਰ (ਬਿਊਰੋ): ਵੂਮੈਨ ਡੇਅ ਯਾਨੀ ਕਿ ਮਹਿਲਾ ਦਿਵਸ ਦੀਆਂ ਸਭ ਨੂੰ ਮੁਬਾਰਕਾਂ। ਕੀ ਤੁਸੀਂ ਜਾਣਦੇ ਹੋ ਕਿ ਮਹਿਲਾ ਦਿਵਸ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਜੇ ਨਹੀਂ ਤਾਂ ਅੱਜ ਦਾ ਐਪੀਸੋਡ ਪੂਰਾ ਦੇਖਣਾ, ਤੁਹਾਨੂੰ ਇਸ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਪਰ ਉਸ ਤੋਂ ਪਹਿਲਾਂ ਜ਼ਿਕਰ ਕਰਾਂਗੇ ਇਕ ਅਜਿਹੀ ਘਟਨਾ ਦਾ ਜੋ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਬਣ ਗਈ। 8 ਮਾਰਚ ਨੂੰ ਹੀ ਮਲੇਸ਼ੀਆਈ ਏਅਰਲਾਈਨ ਦਾ ਜਹਾਜ਼ ਐਮ. ਐੱਚ. 370 ਉੱਡਦਾ ਹੋਇਆ ਆਸਮਾਨ ਤੋਂ ਹੀ ਗਾਇਬ ਹੋ ਗਿਆ ਸੀ। ਜਹਾਜ਼ ਕਿਵੇਂ ਗਾਇਬ ਹੋਇਆ ਅਤੇ ਇਸ ਦੀ ਖੋਜ ਕਿੱਥੇ ਤੱਕ ਪਹੁੰਚੀ। ਸਾਰੇ ਸਵਾਲਾਂ ਦੇ ਜਵਾਬ ਸਾਡੇ ਇਤਿਹਾਸ ਦੀ ਡਾਇਰੀ ਦੇ ਐਪੀਸੋਡ ਵਿਚ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਦੇਖਦੇ ਰਹੋ ਇਤਿਹਾਸ ਦੀ ਡਾਇਰੀ.....

ਹੁਣ ਗੱਲ ਕਰਦੇ ਹਾਂ ਔਰਤਾਂ ਦੇ ਦਿਨ ਯਾਨੀ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ। ਮਹਿਲਾ ਦਿਵਸ ਮਹਿਲਾਵਾਂ ਪ੍ਰਤੀ ਸਨਮਾਨ, ਮਹਿਲਾਵਾਂ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਉਪਲੱਬਧੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ ਪਰ ਇਹ ਦਿਨ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਇਸ ਬਾਰੇ ਜਾਣਦੇ ਹਾਂ ਸਾਡੇ ਅੱਜ ਦੇ ਐਪੀਸੋਡ ਵਿਚ।
ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਇਕ ਮਜ਼ਦੂਰ ਅੰਦੋਲਨ ਤੋਂ ਉਪਜਿਆ। ਸਾਲ 1908 ਵਿਚ 15 ਹਜ਼ਾਰ ਔਰਤਾਂ ਨੇ ਨਿਊਯਾਰਕ ਵਿਚ ਮਾਰਚ ਕੱਢ ਕੇ ਨੌਕਰੀ ਵਿਚ ਘੱਟ ਘੰਟਿਆਂ ਦੀ ਮੰਗ ਕੀਤੀ ਤੇ ਨਾਲ ਹੀ ਬਿਹਤਰ ਤਨਖਾਹ ਅਤੇ ਵੋਟਿੰਗ ਦੇ ਅਧਿਕਾਰ ਦੀ ਮੰਗ ਕੀਤੀ। ਇਕ ਸਾਲ ਬਾਅਦ 1909 ਵਿਚ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਇਸ ਦਿਨ ਨੂੰ ਪਹਿਲਾ ਰਾਸ਼ਟਰੀ ਮਹਿਲਾ ਦਿਵਸ ਐਲਾਨ ਦਿੱਤਾ। ਇਹ ਆਈਡਿਆ ਵੀ ਇਕ ਮਹਿਲਾ ਦਾ ਹੀ ਸੀ, ਜਿਸ ਦਾ ਨਾਂ ਸੀ ਕਲਾਰਾ ਜੈਟਕਿਨ। ਅਜੇ ਤੱਕ ਮਹਿਲਾ ਦਿਵਸ ਮਨਾਉਣ ਦੀ ਕੋਈ ਤਰੀਕ ਪੱਕੀ ਨਹੀਂ ਕੀਤੀ ਗਈ ਸੀ। 1917 ਵਿਚ ਯੁੱਧ ਦੇ ਦੌਰਾਨ ਰੂਸ ਦੀਆਂ ਮਹਿਲਾਵਾਂ ਨੇ ਇਕ ਹੜਤਾਲ ਕੀਤੀ, ਜਿਸ ਵਿਚ ਬ੍ਰੈੱਡ ਐਂਡ ਪੀਸ ਯਾਨੀ ਕਿ ਖਾਣਾ ਅਤੇ ਸ਼ਾਂਤੀ ਦੀ ਮੰਗ ਕੀਤੀ। ਮਹਿਲਾਵਾਂ ਦੀ ਹੜਤਾਲ ਨੇ ਉਥੋਂ ਦੇ ਸਮਰਾਟ ਨਿਕੋਲਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਅੰਤਰਿਮ ਸਰਕਾਰ ਨੇ ਮਹਿਲਾਵਾਂ ਨੂੰ ਵੋਟਿੰਗ ਦਾ ਅਧਿਕਾਰ ਦੇ ਦਿੱਤਾ। ਉਸ ਸਮੇਂ ਰੂਸ ਵਿਚ ਜੂਲੀਅਨ ਕੈਲੰਡਰ ਦਾ ਇਸਤੇਮਾਲ ਹੁੰਦਾ ਸੀ, ਜਿਸ ਦਿਨ ਮਹਿਲਾਵਾਂ ਨੇ ਇਹ ਹੜਤਾਲ ਸ਼ੁਰੂ ਕੀਤੀ ਸੀ। ਉਹ ਤਰੀਕ 23 ਫਰਵਰੀ ਸੀ। ਗ੍ਰੇਗੇਰੀਅਨ ਕੈਲੰਡਰ ਵਿਚ ਇਹ ਤਰੀਕ 8 ਮਾਰਚ ਬਣ ਗਈ ਅਤੇ ਉਦੋਂ ਤੋਂ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਣ ਲੱਗਿਆ।8 ਮਾਰਚ 1975  ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦੇ ਦਿੱਤੀ ਗਈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਸਾਲਾਨਾ ਤੌਰ 'ਤੇ ਇਕ ਥੀਮ ਦੇ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪਹਿਲਾ ਥੀਮ ਸੀ, 'ਸੈਲੀਬ੍ਰੇਟਿੰਗ ਦਿ ਪਾਸਟ, ਪਲਾਨਿੰਗ ਫਾਰ ਦਿ ਫਿਊਚਰ' ਯਾਨੀ ਕਿ ਆਪਣੇ ਇਤਿਹਾਸ ਦਾ ਜਸ਼ਨ ਮਨਾਓ ਅਤੇ ਭਵਿੱਖ ਲਈ ਯੋਜਨਾ।

ਇਤਿਹਾਸ ਦਾ ਕਾਲਾ ਦਿਨ ਆਸਮਾਨ ਤੋਂ ਗਾਇਬ ਹੋਏ 239 ਲੋਕ  
8 ਮਾਰਚ 2014, ਉਹ ਅਭਾਗਾ ਦਿਨ ਜਦੋਂ ਆਸਮਾਨ ਦੇ 'ਚੋਂ 239 ਲੋਕ ਗਾਇਬ ਹੋ ਗਏ ਕਿੱਧਰ ਗਏ ਕੁਝ ਪਤਾ ਨਹੀਂ ਜਿਨ੍ਹਾਂ ਦਾ ਦੁਨੀਆਂ ਤੋਂ ਜਾਣਾ ਇਕ ਰਾਜ ਬਣ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਵੀ ਕਦੇ ਵਾਪਸ ਨਹੀਂ ਆਈਆਂ। ਅਸੀਂ ਗੱਲ ਕਰ ਰਹੇ ਹਾਂ ਮਲੇਸ਼ੀਅਨ ਏਅਰਲਾਈਨ ਦੀ ਫਲਾਈਟ ਐਮ. ਐੱਚ. 370 ਦੀ, ਜੋ 8 ਮਾਰਚ 2014 ਨੂੰ ਆਸਮਾਨ 'ਚੋਂ ਹੀ ਗਾਇਬ ਹੋ ਗਈ। ਐਮ. ਐੱਚ. 370 ਨੇ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਜਿੰਗ ਏਅਰਪੋਰਟ ਲਈ ਉਡਾਣ ਭਰੀ ਸੀ ਪਰ ਇਸ ਦਾ ਸੰਪਰਕ ਏਅਰ ਟਰੈਫਿਕ ਕੰਟਰੋਲ ਨਾਲੋਂ ਟੁੱਟ ਗਿਆ। ਜਹਾਜ਼ ਵਿਚ 227 ਯਾਤਰੀ ਅਤੇ 12 ਕਰੂ ਮੈਂਬਰ ਸਾਵਰ ਸਨ। ਇਹ ਹਾਦਸਾ ਬੋਇੰਗ 777 ਜਹਾਜ਼ ਕੰਪਨੀ ਅਤੇ ਮਲੇਸ਼ੀਆ ਏਅਰਲਾਈਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਸੀ।

ਜਹਾਜ਼ ਦੀ ਖੋਜ ਲਈ ਐਵੀਏਸ਼ਨ ਦੇ ਇਤਿਹਾਸ ਦੀ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪਹਿਲਾ ਦੱਖਣੀ ਚੀਨ ਅਤੇ ਫਿਰ ਅੰਡੇਮਾਨ ਸਮੁੰਦਰ ਵਿਚ ਉਸ ਦੀ ਤਲਾਸ਼ ਕੀਤੀ ਗਈ। ਇਹ ਸਰਚ ਆਪ੍ਰੇਸ਼ਨ ਸਮੁੰਦਰ ਦੇ 1,20, 000 ਸੁਕੇਅਰ ਕਿਲੋਮੀਟਰ ਦੇ ਖੇਤਰਫਲ ਵਿਚ 3 ਸਾਲਾਂ ਤੱਕ ਚੱਲਿਆ ਪਰ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ 2017 ਵਿਚ ਇਹ ਸਰਚ ਆਪ੍ਰੇਸ਼ਨ ਬਿਨਾਂ ਕਿਸੀ ਸਫਲਤਾ ਤੋਂ ਬੰਦ ਕਰ ਦਿੱਤਾ ਗਿਆ। 2018 ਵਿਚ ਦੂਜੀ ਖੋਜ ਵੀ ਬਿਨਾਂ ਸਫਲਤਾ ਤੋਂ ਬੰਦ ਕਰ ਦਿੱਤੀ ਗਈ। ਇਸ ਦੌਰਾਨ ਸਮੁੰਦਰ 'ਚੋਂ ਕੁਝ ਮਲਬਾ ਜ਼ਰੂਰ ਮਿਲਿਆ, ਜਿਸ ਬਾਰੇ ਕਿਹਾ ਗਿਆ ਕਿ ਇਹ ਜਹਾਜ਼ ਦੇ ਹਿੱਸੇ ਹਨ ਪਰ ਇਸ ਬਾਰੇ ਵੀ ਕੋਈ ਪੁਸ਼ਟੀ ਨਹੀਂ ਹੋ ਸਕੀ ਅਤੇ ਐਮ. ਐਚ. 370 ਸਭ ਤੋਂ ਵੱਡਾ ਰਹੱਸ ਬਣ ਗਿਆ। ਅੱਜ ਵੀ ਸਿਰਫ ਅੰਦਾਜ਼ੇ ਹੀ ਹਨ ਕਿ ਜਹਾਜ਼ ਨਾਲ ਕੀ ਹੋਇਆ ਹੋ ਸਕਦਾ ਹੈ। ਪੱਕਾ ਕੁਝ ਵੀ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ  ਹਾਦਸੇ ਵਿਚ ਮਾਰੇ ਗਏ। ਉਹ ਅੱਜ ਵੀ ਇਸੇ ਉਮੀਦ ਵਿਚ ਹਨ, ਕਿ ਸ਼ਾਇਦ ਕੋਈ ਚਮਤਕਾਰ ਹੋ ਜਾਵੇ ਤੇ ਉਹ ਮੁੜ ਆਉਣ।


author

Shyna

Content Editor

Related News