8 ਕਰੋੜ ਦੀ ਲਾਗਤ ਨਾਲ ਆਈ. ਟੀ. ਆਈ. ਦਾ ਨਿਰਮਾਣ ਕਾਰਜ ਸ਼ੁਰੂ, ਨੌਜਵਾਨਾਂ ਨੂੰ ਮਿਲੇਗਾ ਵੱਡਾ ਫਾਇਦਾ

Tuesday, May 25, 2021 - 01:07 PM (IST)

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ 8 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਆਈ. ਟੀ. ਆਈ. ਦਾ ਅੱਜ ਨਿਰਮਾਣ ਸ਼ੁਰੂ ਕਰਵਾਇਆ ਗਿਆ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬੜੇ ਹੀ ਸਾਦੇ ਢੰਗ ਨਾਲ ਇਸ ਆਈ. ਟੀ. ਆਈ. ਦਾ ਨਿਰਮਾਣ ਸ਼ੁਰੂ ਕਰਵਾਉਣ ਉਪਰੰਤ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਾਕੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਤੇ ਰੋਜ਼ਗਾਰ ਦੇਣ ਲਈ ਇਹ ਕੇਂਦਰ ਖੋਲ੍ਹਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਤਕਨੀਕੀ ਸਿੱਖਿਆ ਕੇਂਦਰ ਨੌਜਵਾਨ ਮੁੰਡੇ-ਕੁੜੀਆਂ ਲਈ ਰੁਜ਼ਗਾਰ ਸਾਬਿਤ ਹੋਵੇਗਾ ਕਿਉਂਕਿ ਇੱਥੇ ਵੱਖ-ਵੱਖ ਕਿੱਤਾ ਮੁੱਖੀ ਕੋਰਸ ਕਰ ਉਹ ਆਤਮ-ਨਿਰਭਰ ਬਣਨਗੇ, ਉੱਥੇ ਵਿਦੇਸ਼ਾਂ ਵਿਚ ਜਾ ਕੇ ਵੀ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ’ਚ ਕੋਈ ਵੀ ਨਵਾਂ ਤਕਨੀਕੀ ਸਿੱਖਿਆ ਕੇਂਦਰ ਨਹੀਂ ਸੀ ਅਤੇ ਹੁਣ ਇਸ ਦੀ ਆਰੰਭਤਾ ਨਾਲ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ।

ਵਿਧਾਇਕ ਢਿੱਲੋਂ ਨੇ ਦੱਸਿਆ ਕਿ ਆਈ. ਟੀ. ਆਈ. ਦੇ ਨਿਰਮਾਣ ਲਈ 8 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਹੋਣ ਉਪਰੰਤ ਇਸ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਡੇਢ ਸਾਲ ਵਿਚ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 6 ਮਹੀਨੇ ’ਚ ਪਹਿਲੀ ਮੰਜ਼ਿਲ ਤਿਆਰ ਹੋ ਜਾਵੇਗੀ ਅਤੇ ਜਲਦ ਹੀ ਇਸ ’ਚ ਸਟਾਫ਼ ਤਾਇਨਾਤ ਕਰ ਵਿਦਿਆਰਥੀਆਂ ਦੇ ਪੜ੍ਹਾਈ ਸ਼ੁਰੂ ਕਰਵਾਉਣ ਦੇ ਯਤਨ ਕੀਤੇ ਜਾਣਗੇ।

ਉਨ੍ਹਾਂ ਟਾਂਡਾ ਕੁਸ਼ਲ ਸਿੰਘ ਦੀ ਸਮੂਹ ਪੰਚਾਇਤ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਸਿਖਲਾਈ ਕੇਂਦਰ ਲਈ 5 ਏਕੜ ਤੋਂ ਵੱਧ ਜ਼ਮੀਨ ਮੁਹੱਈਆ ਕਰਵਾਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਂਦੀ, ਪੀ. ਏ ਰਾਜੇਸ਼ ਬਿੱਟੂ, ਵਿਜੈ ਕੁਮਾਰ ਚੌਧਰੀ, ਗੁਰਨਾਮ ਸਿੰਘ ਖਾਲਸਾ (ਦੋਵੇਂ ਕੌਂਸਲਰ), ਸਰਪੰਚ ਬਲਦੇਵ ਸਿੰਘ, ਜਸਦੇਵ ਸਿੰਘ ਟਾਂਡਾ ਵੀ ਮੌਜੂਦ ਸਨ।


Babita

Content Editor

Related News