ITBP ਦੇ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਅਸਾਮ ਬਾਰਡਰ 'ਤੇ ਦੇ ਰਿਹਾ ਸੀ ਡਿਊਟੀ
Thursday, Sep 15, 2022 - 08:13 PM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਮਾਲਚੱਕ ਦੇ ਨਿਵਾਸੀ ਆਈਟੀਬੀਪੀ 'ਚ ਤਾਇਨਾਤ ਜਵਾਨ ਜਸਵੀਰ ਸਿੰਘ ਦੀ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਖ਼ਬਰ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵੀਰ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਦੱਸਿਆ ਕਿ ਫੋਨ ਕਾਲ ਰਾਹੀਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਉਸਦੇ ਪਿਤਾ ਏ.ਐੱਸ.ਆਈ ਜਸਵੀਰ ਸਿੰਘ ਜੋ ਆਈ.ਟੀ.ਬੀ.ਪੀ ਨੌਵੀਂ ਬਟਾਲੀਅਨ ਅਸਾਮ ਵਿਖੇ ਤਾਇਨਾਤ ਸੀ ਦਾ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਸੁਖਰਾਜ ਸਿੰਘ ਦੱਸਿਆ ਕਿ ਉਸਦੇ ਪਿਤਾ ਆਖ਼ਰੀ ਵਾਰ ਬੀਤੇ ਦਸੰਬਰ ਦੌਰਾਨ ਛੁੱਟੀ ਲੈ ਕੇ ਘਰ ਆਏ ਸਨ।
ਜਸਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਆਈ.ਟੀ.ਬੀ.ਪੀ ਦੇ ਅਧਿਕਾਰੀਆਂ ਵੱਲੋਂ ਪੂਰੇ ਸਨਮਾਨ ਨਾਲ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਮ੍ਰਿਤਕ ਦੇ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਐੱਸ.ਡੀ.ਐੱਮ ਦੀਪਕ ਭਾਟੀਆ ਨੇ ਦੱਸਿਆ ਕਿ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਬਣਦੀ ਸਹਾਇਤਾ ਸਰਕਾਰ ਵੱਲੋਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਗਿਆਨਕ ਤਰੀਕੇ ਰਾਹੀਂ ਪਰਾਲੀ ਦੇ ਪ੍ਰਬੰਧਨ ਨਾਲ ਕਿਸਾਨਾਂ ਦੀ ਆਮਦਨ 'ਚ ਕਰਾਂਗੇ ਵਾਧਾ : ਮੀਤ ਹੇਅਰ
ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਕਾਰੀ ਮਦਦ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਇਲਾਵਾ ਹੋਰ ਧਾਰਮਿਕ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂ ਵੀ ਪੁੱਜੇ ਸਨ। ਪਿੰਡ ਮਾਲਚੱਕ ਵਿਖੇ ਸ਼ਹੀਦ ਜਸਵੀਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਅਨੁਸਾਰ ਕਰ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।