ਸੁਮਿਤਾ ਸੋਫਤ ਦੇ ਘਰ IT ਦੀ ਰੇਡ, 9 ਕਰੋੜ ਦੀ ਨਕਦੀ ਤੇ ਕਈ ਰਿਕਾਰਡ ਸਣੇ ਲਾਕਰ ਸੀਜ਼
Friday, Dec 20, 2024 - 02:45 AM (IST)
ਲੁਧਿਆਣਾ (ਸੇਠੀ) - ਇਨਕਮ ਟੈਕਸ ਵਿਭਾਗ ਨੇ ਸ਼ਹਿਰ ਦੇ ਨਾਮੀ ਦਸਮੇਸ਼ ਪ੍ਰਾਪਰਟੀ ਡੀਲਰ ਦਾ ਰੁਖ ਕੀਤਾ। ਬੀਤੇ ਦਿਨ 24 ਘੰਟੇ ਤੋਂ ਚੱਲ ਰਹੀ ਡਾ. ਸੋਫਤ ਫੈਮਿਲੀ ’ਤੇ ਛਾਪੇਮਾਰੀ ਦੌਰਾਨ ਨਵਾਂ ਟਵਿਸਟ ਆਇਆ ਅਤੇ ਅਧਿਕਾਰੀਆਂ ਨੇ ਸਰਚ ’ਚ ਦਸਮੇਸ਼ ਪ੍ਰਾਪਰਟੀ ਡੀਲਰ ਦੇ ਐੱਮ. ਐੱਸ. ਬੱਬੂ ਨੂੰ ਜਾਂਚ ਦੇ ਘੇਰੇ ’ਚ ਲੈਂਦੇ ਹੋਏ ਉਕਤ ਦੇ ਲੁਧਿਆਣਾ ਕੋਚਰ ਮਾਰਕੀਟ ਨੇੜੇ ਨਿਵਾਸ ਸਥਾਨ ਅਤੇ ਦਫਤਰ ’ਤੇ ਟੀਮਾਂ ਨੇ ਸਰਚ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀ ਬੇਨਾਮੀ ਪ੍ਰਾਪਰਟੀ ਨੂੰ ਲੈ ਕੇ ਜਾਂਚ ਕਰ ਰਹੇ ਹਨ ਅਤੇ ਪ੍ਰਾਪਰਟੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਵੀਰਵਾਰ 11 ਵਜੇ ਵਿਭਾਗ ਦੀ ਇਕ ਟੀਮ ਨੇ ਉਕਤ ’ਤੇ ਇਨਵੈਸਟੀਗੇਸ਼ਨ ਕੀਤੀ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਪ੍ਰਾਪਰਟੀ ਡੀਲਰ ਡਾ. ਸੋਫਤ ਫੈਮਿਲੀ ਦੀ ਸਾਰੀ ਪ੍ਰਾਪਰਟੀ ਸੇਲ-ਪਰਚੇਜ਼ ਦੇਖਦਾ ਹੈ।
ਦੱਸ ਦਿੱਤਾ ਜਾਵੇ ਕਿ ਡਾ. ਸੋਫਤ ਫੈਮਿਲੀ ’ਤੇ ਵਿਭਾਗ ਦੀ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਅਧਿਕਾਰੀ ਬੁਕਸ ਆਫ ਅਕਾਊਂਟਸ ਦੀ ਪੜਤਾਲ ’ਚ ਜੁਟੇ ਹੋਏ ਹਨ। ਕਾਰਵਾਈ ’ਚ ਲੁਧਿਆਣਾ ਸਮੇਤ ਚੰਡੀਗੜ੍ਹ, ਫਰੀਦਾਬਾਦ, ਗੁਰੂਗ੍ਰਾਮ, ਜਲੰਧਰ, ਬਠਿੰਡਾ ਦੀਆਂ ਟੀਮਾਂ ਸ਼ਾਮਲ ਹਨ। ਇਸ ’ਚ ਰਮਨ ਸੋਫਤ, ਅਮਿਤ ਸੋਫਤ ਅਤੇ ਸੁਮਿਤਾ ਸੋਫਤ ਦੀ ਰਿਹਾਇਸ਼ ਅਤੇ ਹਸਪਤਾਲ ਦੋਵਾਂ ’ਤੇ ਛਾਪੇਮਾਰੀ ਕੀਤੀ ਗਈ। ਕਾਰਵਾਈ ਦੌਰਾਨ ਸੁਮਿਤ ਸੋਫਤ ਦੀ ਰਿਹਾਇਸ਼ ਤੋਂ 9 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ 5 ਤੋਂ 7 ਲਾਕਰ ਸੀਜ਼ ਕੀਤੇ ਗਏ ਹਨ।
ਅਧਿਕਾਰੀਆਂ ਨੇ ਬੈਂਕ ਲਾਕਰ ਸੀਜ਼ ਕਰ ਦਿੱਤੇ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਅਤੇ ਲਾਕਰ ਦੇ ਮਾਲਕਾਂ ਦੀ ਮੌਜੂਦਗੀ ’ਚ ਲਾਕਰ ਅਪਰੇਟ ਕੀਤੇ ਜਾਣਗੇ ਅਤੇ ਲਾਕਰ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਬਰਾਮਦ ਕੀਤੇ ਗਏ ਸਾਮਾਨ, ਕੈਸ਼, ਜਿਊਲਰੀ ਅਤੇ ਹੋਰ ਦਸਤਾਵੇਜ਼ਾਂ ਦੀ ਇਨਵੈਂਟਰੀ ਵੀ ਬਣਾਈ ਜਾਵੇਗੀ।
ਡਾਕਟਰਾਂ ਦੇ ਵਿੱਤੀ ਰਿਕਾਰਡ ਅਤੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਸਤਾਵੇਜ਼ ਜ਼ਬਤ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਜਾਰੀ ਸੀ। ਅੰਦਾਜ਼ਾ ਹੈ ਕਿ ਕਾਰਵਾਈ ਅਜੇ ਲੰਬੀ ਚੱਲ ਸਕਦੀ ਹੈ।
ਆਈ. ਵੀ. ਐੱਫ. ਲਈ 30 ਹਜ਼ਾਰ ਦੱਸ ਕੇ ਫਸਾ ਲੈਂਦੇ, ਬਾਅਦ ’ਚ 7-8 ਲੱਖ ਰੁਪਏ ਕਰਦੇ ਚਾਰਜ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਡਾਕਟਰ ਆਈ. ਵੀ. ਐੱਫ. ਵੀ ਕਰਦੇ ਸਨ, ਜਿਸ ਵਿਚ ਸੁਣਨ ਵਿਚ ਆਇਆ ਹੈ ਕਿ ਉਕਤ ਪਹਿਲਾਂ ਆਈ. ਵੀ. ਐੱਫ. ਦਾ ਖਰਚ 30 ਹਜ਼ਾਰ ਦੱਸ ਕੇ ਲੋਕਾਂ ਨੂੰ ਫਸਾ ਲੈਂਦੇ ਸਨ ਅਤੇ ਬਾਅਦ ’ਚ ਆਈ. ਵੀ. ਐੱਫ. ਲਈ ਘੱਟ ਤੋਂ ਘੱਟ 7-8 ਲੱਖ ਰੁਪਏ ਚਾਰਜ ਕਰਦੇ ਹਨ।