ਅਕਾਲੀ ਦਲ ਤੇ ਬਸਪਾ ਦੀ ਅੱਜ ਹੋਵੇਗੀ ਮੀਟਿੰਗ, ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਸੰਭਵ

Saturday, Apr 08, 2023 - 11:12 AM (IST)

ਅਕਾਲੀ ਦਲ ਤੇ ਬਸਪਾ ਦੀ ਅੱਜ ਹੋਵੇਗੀ ਮੀਟਿੰਗ, ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਸੰਭਵ

ਜਲੰਧਰ (ਬਿਊਰੋ, ਮ੍ਰਿਦੁਲ)- ਮੀਂਹ ਅਤੇ ਗੜੇਮਾਰੀ ਨਾਲ ਤਬਾਹ ਹੋਈ ਕਣਕ ਦੀ ਫ਼ਸਲ ਨੂੰ ਪੰਜਾਬ ਦੇ ਮੁੱਖ ਮੰਤਰੀ ਕੁਦਰਤੀ ਆਫ਼ਤ ਐਲਾਨਣ ਤਾਂ ਜੋ ਕੇਂਦਰ ਸਰਕਾਰ ਤੋਂ ਕਿਸਾਨਾਂ ਲਈ ਰਾਹਤ ਵਾਸਤੇ ਵੱਡੇ ਪੱਧਰ ’ਤੇ ਫੰਡ ਮਿਲ ਸਕਣ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਇਥੇ ਅਕਾਲੀ ਦਲ ਦੇ ਆਗੂ ਐੱਚ. ਐੱਸ ਵਾਲੀਆ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਥੇ ਹੀ ਜ਼ਿਮਨੀ ਚੋਣ ਦੇ ਉਮੀਦਵਾਰ ਸਬੰਧੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਅੱਜ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੌਰਾਨ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਸੰਭਵ ਹੈ। 

ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਲੱਖਾਂ ਏਕੜ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਕਿਸੇ ਵੀ ਪਿੰਡ ’ਚ ਗਿਰਦਾਵਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿੰਨਾ ਨੁਕਸਾਨ ਇਸ ਵਾਰ ਹੋਇਆ ਹੈ, ਉਨ੍ਹਾਂ ਕਦੇ ਪਹਿਲਾਂ ਨਹੀਂ ਹੋਇਆ ਪਰ ਦੁੱਖ਼ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਇਸ ’ਤੇ ਬਿਆਨ ਹੀ ਦਾਗ ਰਹੀ ਹੈ ਪਰ ਕਰ ਕੁਝ ਨਹੀਂ ਰਹੀ। ਹਫ਼ਤੇ-10 ਦਿਨਾਂ ਤੱਕ ਕਿਸਾਨ ਕਣਕ ਇਕੱਠੀ ਕਰਕੇ ਜ਼ਮੀਨ ਵਾਹ ਦੇਣਗੇ, ਫਿਰ ਕਿਹੜੀ ਗਿਰਦਾਵਰੀ ਹੋਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਖ਼ੁਸ਼ ਕਰਨ ’ਚ ਲੱਗੇ ਹਨ ਅਤੇ ਉਹ ਜਿੱਧਰ ਵੀ ਕਹਿੰਦੇ ਹਨ ਜਹਾਜ਼ ਲੈ ਕੇ ਚੱਲ ਪੈਂਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਤਿਹਾਸਕ ਜਿੱਤ ਪ੍ਰਾਪਤ ਹੋਈ ਹੈ ਪਰ ਇਹ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕਰ ਰਹੀ ਅਤੇ ਜਨਤਾ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕਰ ਰਹੀ।

ਇਹ ਵੀ ਪੜ੍ਹੋ :  'ਆਪ' ਨੇ ਜਲੰਧਰ ਜ਼ਿਮਨੀ ਚੋਣ ਲਈ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੂੰ ਲਾਇਆ ਇੰਚਾਰਜ

ਬਿਜਲੀ ਦੇ ਮੁੱਦੇ ’ਤੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਸਪਲਾਈ ਦਾ ਹਾਲ ਬੜਾ ਮਾੜਾ ਹੋਣਾ ਹੈ ਕਿਉਂਕਿ ਬਿਜਲੀ ਦੀ ਡਿਮਾਂਡ ਬਹੁਤ ਵਧ ਗਈ ਹੈ ਅਤੇ ਬਿਜਲੀ ਹੈ ਨਹੀਂ। ਗਰਮੀਆਂ ’ਚ ਲੋਕਾਂ ਨੂੰ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਹਾਲਾਤ ਬੜੀ ਮਾੜੀ ਹੈ। ਜੇਲਾਂ ’ਚ ਗੈਂਗਸਟਰ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਹਨ ਅਤੇ ਸ਼ਰੇਆਮ ਲੋਕਾਂ ਤੋਂ ਫਿਰੌਤੀਆਂ ਲੈ ਰਹੇ ਹਨ। 
ਉਨ੍ਹਾਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਜੇ ਸਰਕਾਰ ਕੋਈ ਕੰਮ ਕਰ ਰਹੀ ਹੈ ਤਾਂ ਉਹ ਇਹ ਕਿ ਉਸ ਦੇ ਵਿਧਾਇਕ ਵਿਆਹ ਕਰਵਾ ਰਹੇ ਹਨ ਅਤੇ ਪਾਰਟੀਆਂ ਸ਼ਿਮਲੇ ਅਤੇ ਚਹਿਲ ’ਚ ਜਾ ਕੇ ਕਰ ਰਹੇ ਹਨ। ਇਸ ਮੌਕੇ ਸਾਬਕਾ ਵਿਧਾਇਕ ਪਵਨ ਟੀਨੂੰ, ਕੁਲਵੰਤ ਸਿੰਘ ਮੰਨਣ, ਚੰਦਨ ਗਰੇਵਾਲ, ਪਰਮਜੀਤ ਸਿੰਘ ਰੇਰੂ, ਬਸਪਾ ਆਗੂ ਬਲਵਿੰਦਰ ਕੁਮਾਰ ਤੇ ਹੋਰ ਆਗੂ ਮੌਜੂਦ ਸਨ।

ਉਮੀਦਵਾਰ ਦਾ ਐਲਾਨ ਅੱਜ
ਇਕ ਸਵਾਲ ਦੇ ਜਵਾਬ ’ਚ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਅਕਾਲੀ ਦਲ ਅਤੇ ਬਸਪਾ ਲੀਡਰਸ਼ਿਪ ਦੀ ਮੀਟਿੰਗ ਤੋਂ ਮਗਰੋਂ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ‘ਆਪ’ ’ਚ ਸ਼ਾਮਲ ਹੋਣ ਸਬੰਧੀ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਆਪ’ ਲੀਡਰਸ਼ਿਪ ਨੇ ਹਰੇਕ ਪਾਰਟੀ ਦੇ ਆਗੂ ਨੂੰ ਟਿਕਟ ਦੇਣ ਲਈ ਰਾਬਤਾ ਕਾਇਮ ਕੀਤਾ ਪਰ ਆਖਿਰ ਬਲੀ ਦਾ ਬੱਕਰਾ ਰਿੰਕੂ ਨੂੰ ਬਣਾ ਲਿਆ। ਜਗਬੀਰ ਬਰਾੜ ਦੇ ਪਾਰਟੀ ਛੱਡਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਮੇਰੀ ਹੀ ਗਲਤੀ ਸੀ ਕਿ ਮੈਂ ਉਸ ਨੂੰ ਪਾਰਟੀ ’ਚ ਸ਼ਾਮਲ ਕੀਤਾ ਤੇ ਮੈਂ ਸਮੁੱਚੀ ਕੌਮ ਤੋਂ ਮੁਆਫ਼ੀ ਮੰਗਦਾ ਹਾਂ।

ਇਹ ਵੀ ਪੜ੍ਹੋ :  ਟਾਂਡਾ ਵਿਖੇ ਪੇਟੀ 'ਚੋਂ ਮਿਲੀ ਵਿਆਹੁਤਾ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਗੈਂਗਰੇਪ ਮਗਰੋਂ ਕੀਤਾ ਗਿਆ ਸੀ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News