ਪੰਜਾਬ ''ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ

Monday, Jan 29, 2024 - 01:20 PM (IST)

ਪੰਜਾਬ ''ਚ ਮਕਾਨ ਬਣਾਉਣ ਲਈ ਮਨਜ਼ੂਰੀ ਲੈਣੀ ਹੋਈ ਸੌਖੀ, ਘਰ ਬੈਠੇ ਹੀ ਹੋਵੇਗਾ ਨਕਸ਼ਾ ਪਾਸ

ਲੁਧਿਆਣਾ (ਹਿਤੇਸ਼) : ਪੰਜਾਬ ’ਚ ਘਰ ਬਣਾਉਣ ਦੀ ਮਨਜ਼ੂਰੀ ਲੈਣ ਲਈ ਲੋਕਾਂ ਨੂੰ ਹੁਣ ਨਗਰ ਨਿਗਮ ਦਫ਼ਤਰ ਦੇ ਚੱਕਰ ਨਹੀਂ ਲਾਉਣੇ ਪੈਣਗੇ, ਸਗੋਂ ਘਰ ਬੈਠੇ ਹੀ ਨਕਸ਼ਾ ਪਾਸ ਹੋ ਜਾਵੇਗਾ। ਇਸ ਦੇ ਲਈ ਸਰਕਾਰ ਵੱਲੋਂ ਅਰਕੀਟੈਕਟਾਂ ਨੂੰ ਪਾਵਰ ਦੇ ਦਿੱਤੀ ਗਈ ਹੈ। ਇਸ ਸਬੰਧੀ ਪ੍ਰਸਤਾਵ ਨੂੰ ਹਾਲ ਹੀ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਪਾਸ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਲਈ ਲੋਕਾਂ ਨੂੰ ਘਰ ਬਣਾਉਣ ਲਈ ਨਕਸ਼ਾ ਪਾਸ ਕਰਵਾਉਣ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਦਾ ਹਵਾਲਾ ਦਿੱਤਾ ਗਿਆ ਹੈ। ਇਸ ਸਿਸਟਮ ਨੂੰ ਅਮਲ ’ਚ ਲਿਆਉਣ ਲਈ ਲੋਕਲ ਬਾਡੀਜ਼ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ, ਜੋ ਨਿਯਮ 500 ਗਜ਼ ਤੱਕ ਦਾ ਘਰ ਬਣਾਉਣ ਦਾ ਨਕਸ਼ਾ ਪਾਸ ਕਰਨ ਦੇ ਨਾਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ’ਤੇ ਵੀ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਖੰਨਾ 'ਚ ਵਿਆਹੇ ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਇਕ-ਦੂਜੇ ਨਾਲ ਬੰਨ੍ਹੇ ਹੱਥ
ਇਸ ਤਰ੍ਹਾਂ ਲਾਗੂ ਹੋਵੇਗਾ ਸਿਸਟਮ, 10 ਦਿਨ ਦੀ ਫਿਕਸ ਕੀਤੀ ਗਈ ਹੈ ਡੈੱਡਲਾਈਨ
ਇਸ ਸਿਸਟਮ ਜ਼ਰੀਏ ਲੋਕਲ ਬਾਡੀਜ਼ ਵਿਭਾਗ ਦੇ ਨਾਲ ਰਜਿਸਟਰ ਆਰਕੀਟੈਕਟ ਵੱਲੋਂ ਆਨਲਾਈਨ ਨਕਸ਼ਾ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਨਿਯਮਾਂ ਮੁਤਾਬਕ ਕੰਸਟ੍ਰਕਸ਼ਨ ਕਰਨ ਲਈ ਬਣਾਇਆ ਗਿਆ ਨਕਸ਼ਾ, ਮਲਕੀਅਤ ਦੇ ਸਬੂਤ ਅਤੇ ਚੈੱਕ ਲਿਸਟ ’ਚ ਸ਼ਾਮਲ ਹੋਰ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਇਸ ਦੀ ਫ਼ੀਸ ਵੀ ਆਨਲਾਈਨ ਹੀ ਜਮ੍ਹਾਂ ਹੋਵੇਗੀ ਅਤੇ ਸਕਰੂਟਨੀ ਕਰਨ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵੱਲੋਂ 10 ਦਿਨਾਂ ਅੰਦਰ ਨਕਸ਼ੇ ਨੂੰ ਡਿਜੀਟਲ ਤਰੀਕੇ ਨਾਲ ਮਨਜ਼ੂਰੀ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਅਮਰੀਕਾ 'ਚੋਂ ਤਾਬੂਤ 'ਚ ਬੰਦ ਹੋ ਕੇ ਆਈ ਜਵਾਨ ਪੁੱਤ ਦੀ ਲਾਸ਼, ਪਲਾਂ 'ਚ ਟੁੱਟੇ ਮਾਪਿਆਂ ਦੇ ਵੱਡੇ ਸੁਫ਼ਨੇ
ਪੁਰਾਣੇ ਪੈਟਰਨ ਨੂੰ ਵਰਤਣ ਦਾ ਵੀ ਹੈ ਬਦਲ
ਆਰਕੀਟੈਕਟ ਵੱਲੋਂ ਨਕਸ਼ਾ ਪਾਸ ਕਰਨ ਦੀ ਸਕੀਮ ਨੂੰ ਸੈਲਫ ਸਰਟੀਫਿਕੇਸ਼ਨ ਦਾ ਨਾਂ ਦਿੱਤਾ ਗਿਆ ਹੈ, ਜਿਸ ਦੇ ਲਈ ਮਿਊਂਸੀਪਲ ਬਿਲਡਿੰਗ ਬਾਇਲਾਜ਼ ’ਚ ਸੋਧ ਕੀਤੀ ਗਈ ਹੈ, ਜਿਸ ਦੇ ਮੁਤਾਬਕ ਨਵੇਂ ਨਿਯਮ 500 ਗਜ਼ ’ਚ 15 ਮੀਟਰ ਉਚਾਈ ਤੱਕ ਬਣਨ ਵਾਲੇ ਮਕਾਨ ’ਤੇ ਲਾਗੂ ਹੋਣਗੇ। ਇਸ ਤੋਂ ਬਾਅਦ ਲੋਕਾਂ ਕੋਲ ਘਰ ਬਣਾਉਣ ਲਈ ਨਗਰ ਨਿਗਮ ਜ਼ਰੀਏ ਨਕਸ਼ਾ ਪਾਸ ਕਰਵਾਉਣ ਦੇ ਪੁਰਾਣੇ ਪੈਟਰਨ ਨੂੰ ਅਪਣਾਉਣ ਦਾ ਬਦਲ ਵੀ ਮੌਜੂਦ ਰਹੇਗਾ।
ਦੂਜੇ ਵਿਭਾਗਾਂ ਤੋਂ ਲੈਣੀ ਹੋਵੇਗੀ NOC
ਇਸ ਸਿਸਟਮ ’ਚ ਸ਼ਰਤ ਰੱਖੀ ਗਈ ਹੈ ਕਿ ਜੇਕਰ ਪਲਾਟ ਇੰਪਰੂਵਮੈਂਟ ਟਰੱਸਟ, ਗਲਾਡਾ ਜਾਂ ਕਿਸੇ ਹੋਰ ਅਥਾਰਿਟੀ ਵੱਲੋਂ ਡਿਵੈਲਪ ਕੀਤੀ ਗਈ ਸਕੀਮ ’ਚ ਸਥਿਤ ਹੈ ਤਾਂ ਮਕਾਨ ਬਣਾਉਣ ਲਈ ਨਕਸ਼ਾ ਅਪਲਾਈ ਕਰਨ ਤੋਂ ਪਹਿਲਾਂ ਉਸ ਵਿਭਾਗ ਦੀ ਐੱਨ. ਓ. ਸੀ. ਲੈਣੀ ਹੋਵੇਗੀ।
ਗਲਤ ਜਾਣਕਾਰੀ ਦੇਣ ’ਤੇ ਜੁਰਮਾਨਾ ਲਗਾਉਣ ਦੇ ਨਾਲ ਹੋਵੇਗੀ ਬਲੈਕ ਲਿਸਟ ਕਰਨ ਦੀ ਕਾਰਵਾਈ
ਇਸ ਸਕੀਮ ਤਹਿਤ ਘਰ ਬਣਾਉਣ ਲਈ ਆਨਲਾਈਨ ਨਕਸ਼ਾ ਅਪਲਾਈ ਕਰਨ ਦੌਰਾਨ ਮਾਸਟਰ ਪਲਾਨ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਪਲਾਟ ਕਿਸੇ ਨਾਜਾਇਜ਼ ਕਾਲੋਨੀ ਜਾਂ ਕਬਜ਼ੇ ਵਾਲੀ ਜਗ੍ਹਾ ’ਚ ਨਾ ਹੋਣ ਦੀ ਅੰਡਰਟੇਕਿੰਗ ਦੇਣੀ ਹੋਵੇਗੀ। ਇਸ ਤੋਂ ਬਾਅਦ ਨਿਯਮਾਂ ਦੀ ਉਲੰਘਣ ਕਰ ਕੇ ਮਕਾਨ ਬਣਾਉਣ ਜਾਂ ਗਲਤ ਜਾਣਕਾਰੀ ਦੇਣ ’ਤੇ ਪਲਾਟ ਦੇ ਮਾਲਕ ਨੂੰ ਜੁਰਮਾਨਾ ਲਗਾਉਣ ਦੇ ਨਾਲ ਆਰਕੀਟੈਕਟ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News