ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ
Friday, Apr 06, 2018 - 12:21 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾਉਣ ਵਾਲੇ ਨੌਜਵਾਨ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਥਾਣਾ ਬਹਿਰਾਮ ਦੀ ਪੁਲਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਪਿਛਲੇ ਕਰੀਬ ਡੇਢ ਸਾਲ ਤੋਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਹੈ। ਉਸ ਦੇ 5 ਬੱਚੇ ਹਨ ਜਿਨ੍ਹਾਂ 'ਚੋਂ 4 ਲੜਕੀਆਂ ਅਤੇ 1 ਲੜਕਾ ਹੈ। ਉਸ ਦੀ ਇਕ ਨਾਬਾਲਗ ਲੜਕੀ ਪਿੰਡ ਦੇ ਹੀ ਇਕ ਸਕੂਲ 'ਚ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਹੈ। ਪਿਛਲੀ 1 ਅਪ੍ਰੈਲ ਸ਼ਾਮ ਕਰੀਬ ਸਾਢੇ 7 ਵਜੇ ਉਸ ਦੀ ਲੜਕੀ ਘਰ 'ਚ ਕਿਸੇ ਨੂੰ ਦੱਸੇ ਬਿਨਾਂ ਕਿਤੇ ਚਲੀ ਗਈ ਅਤੇ ਵਾਪਸ ਨਹੀਂ ਆਈ। ਉਸ ਦੀ ਆਲੇ-ਦੁਆਲੇ ਅਤੇ ਰਿਸ਼ਤੇਦਾਰਾਂ ਕੋਲ ਭਾਲ ਕੀਤੀ ਗਈ ਪਰ ਉਹ ਕਿਤੇ ਵੀ ਨਹੀਂ ਮਿਲੀ। ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਕਾਲੋਨੀ 'ਚ ਰਹਿਣ ਵਾਲਾ ਲੜਕਾ ਗਗਨਦੀਪ ਉਰਫ ਗੋਗੀ ਪੁੱਤਰ ਬਲਵੀਰ ਚੰਦ ਵੀ ਉਸੇ ਦਿਨ ਤੋਂ ਗਾਇਬ ਹੈ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਕਤ ਗਗਨਦੀਪ ਹੀ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਭਜਾ ਕੇ ਲੈ ਗਿਆ ਹੈ। ਥਾਣਾ ਬਹਿਰਾਮ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।