ਜ਼ਮੀਨੀ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਵਾਲਿਆਂ ''ਤੇ ਕੇਸ ਦਰਜ
Sunday, Aug 13, 2017 - 01:15 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਆਪਸੀ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਨਾਮਜ਼ਦ ਅਤੇ ਪੰਜ-ਸੱਤ ਅਣਪਛਾਤੇ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਹੋਰ ਕਈ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਸਤਗੁਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵੀਰ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਬਖੋਰਾ ਖੁਰਦ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਹਰਗੋਪਾਲ ਸਿੰਘ ਪੁੱਤਰ ਸਵ. ਹਰਕੇਸ਼ ਸਿੰਘ ਅਤੇ ਜਗਦੀਸ਼ ਸਿੰਘ ਉਰਫ ਜੌਲੀ ਪੁੱਤਰ ਹਰਗੋਪਾਲ ਸਿੰਘ ਵਾਸੀ ਬਖੋਰਾ ਖੁਰਦ ਨਾਲ ਆਪਸੀ ਜ਼ਮੀਨੀ ਝਗੜਾ ਚੱਲ ਰਿਹਾ ਸੀ, ਜਿਸ ਦੌਰਾਨ ਹਰਗੋਪਾਲ ਸਿੰਘ ਤੇ ਹੋਰਨਾਂ ਨੇ ਉਸਦੀ ਅਤੇ ਉਸਦੀ ਨੂੰਹ ਦੀ ਕੁੱਟਮਾਰ ਕੀਤੀ। ਸ਼ਾਮ ਨੂੰ ਜਗਦੀਪ ਸਿੰਘ ਉਰਫ ਜੌਲੀ ਆਪਣੇ ਨਾਲ 5-7 ਅਣਪਛਾਤੇ ਵਿਅਕਤੀ ਲੈ ਕੇ ਘਰ 'ਚ ਦਾਖਲ ਹੋ ਗਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
