ਬੀਜਾ ਦੇ ਪਿੰਡ ਕਿਸਨਗੜ੍ਹ ''ਚ 2500 ਤੋਂ ਵਧੇਰੇ ਆਈਸੋਲੇਸ਼ਨ ਬਿਸਤਰਿਆਂ ਦਾ ਪ੍ਰਬੰਧ
Thursday, May 14, 2020 - 09:02 AM (IST)
ਬੀਜਾ (ਬਿਪਨ) : ਵਿਸ਼ਵ ਭਰ 'ਚ ਫੈਲੀ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬੀਮਾਰੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਸ਼ੱਕੀ ਜਾਂ ਹੋਰ ਮਰੀਜ਼ਾਂ ਨੂੰ ਆਈਸੋਲੇਟ ਕਰਨ ਲਈ ਲੁਧਿਆਣਾ 'ਚ 2500 ਤੋਂ ਵਧੇਰੇ ਦੀ ਬਿਸਤਰਿਆਂ (ਬੈੱਡ) ਦੀ ਸਹੂਲਤ ਮੌਜੂਦ ਹੈ। ਲੁਧਿਆਣਾ ਸਥਿਤ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਬਣਾਏ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਤੋਂ ਬਾਅਦ ਹੁਣ ਕਸਬਾ ਬੀਜਾ ਨੇੜੇ ਪਿੰਡ ਕਿਸ਼ਨਗੜ੍ਹ 'ਚ ਬਣੇ ਕੁਲਾਰ ਨਰਸਿੰਗ ਸੈਂਟਰ 'ਚ ਵੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਕੋਵਿਡ ਕੇਅਰ ਆਈਸੋਲੇਸ਼ਨ ਸੈਂਟਰ ਬਣ ਕੇ ਤਿਆਰ ਹੋ ਚੁੱਕਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਪਾਇਲ ਦੇ ਐੱਸ. ਡੀ. ਐੱਮ. ਸਾਗਰ ਸੇਤੀਆ ਨੇ ਦੱਸਿਆ ਕਿ ਇਸ ਤੀਜੇ ਲੈਵਲ ਵਾਲੇ ਸੈਂਟਰ 'ਚ ਇੱਕੋ ਵੇਲੇ 400 ਮਰੀਜ਼ ਭਰਤੀ ਕਰਨ ਦੀ ਸਮਰੱਥਾ ਹੈ। ਇਸ ਸੈਂਟਰ 'ਚ ਸਿਰਫ਼ ਸ਼ੱਕੀ ਮਰੀਜ਼ਾਂ ਨੂੰ ਹੀ ਰੱਖਿਆ ਜਾਵੇਗਾ, ਜੇਕਰ ਉਨ੍ਹਾਂ ਨੂੰ ਇਲਾਜ਼ ਦੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਨੂੰ ਸਰਕਾਰੀ ਜਾਂ ਹੋਰ ਨਿੱਜੀ ਹਸਪਤਾਲ 'ਚ ਭਰਤੀ ਕੀਤਾ ਜਾਇਆ ਕਰੇਗਾ। ਇਸ ਸੈਂਟਰ ਨੂੰ ਸਿਹਤ ਵਿਭਾਗ ਵੱਲੋਂ ਆਪਣੇ ਹੱਥਾਂ 'ਚ ਲੈ ਲਿਆ ਗਿਆ ਹੈ। ਮਲੌਦ ਦੇ ਐੱਸ. ਐੱਮ. ਓ. ਡਾ. ਗੋਬਿੰਦ ਰਾਮ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਤਾਇਨਾਤ ਕੀਤੀ ਜਾ ਚੁੱਕੀ ਹੈ। ਇੱਕ ਕਮਰੇ ਵਿੱਚ 2 ਮਰੀਜ਼ਾਂ ਨੂੰ ਰੱਖਣ ਦਾ ਪ੍ਰਬੰਧ ਹੈ। ਚਾਰ ਹੋਸਟਲਾਂ ਵਿੱਚ ਵੰਡੀ ਇਸ ਇਮਾਰਤ ਵਿੱਚ ਹਰੇਕ ਕਮਰੇ ਦੇ ਨਾਲ ਪਖ਼ਾਨੇ ਆਦਿ ਦੀ ਸਹੂਲਤ ਮੌਜੂਦ ਹੈ। ਸਿਹਤ ਅਤੇ ਹੋਰ ਅਧਿਕਾਰੀਆਂ ਦੀ ਸਹੂਲਤ ਲਈ ਇੰਟਰਕਾਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਰੀਜ਼ਾਂ ਸਮੇਤ ਸਾਰਿਆਂ ਨੂੰ ਵਾਈ-ਫਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ 'ਚ ਇਸ ਬਿਮਾਰੀ ਤੋਂ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਅਤੇ ਜੱਚਾ-ਬੱਚਾ ਹਸਪਤਾਲ ਨੇੜੇ ਵਰਧਮਾਨ ਮਿੱਲ ਲੁਧਿਆਣਾ, ਖੰਨਾ, ਸਮਰਾਲਾ, ਰਾਏਕੋਟ, ਜਗਰਾਂਉ ਦੇ ਕਮਿਊਨਿਟੀ ਸਿਹਤ ਕੇਂਦਰਾਂ ਤੋਂ ਇਲਾਵਾ ਨਰਸਿੰਗ ਕਾਲਜ ਰਾਏਕੋਟ, ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਨਗਰ ਦੇ ਸਾਰੇ ਹੋਸਟਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 1, 2, 4 ਅਤੇ 11 ਨੂੰ ਵੀ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਵਜੋਂ ਵਰਤਿਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਇਮਾਰਤਾਂ ਦੀ ਸਮਰੱਥਾ 2500 ਬਿਸਤਰਿਆਂ ਤੋਂ ਜਿਆਦਾ ਹੈ।