ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆਇਆ
Saturday, Jun 03, 2023 - 01:01 PM (IST)
ਮਹਿੰਗਾਈ ਕਾਰਨ ਭਾਰਤੀ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ, ਯੂਰਪ ਨੇ ਮੰਦੀ ਨੂੰ ਕੀਤਾ ਸਵੀਕਾਰ
ਜਲੰਧਰ (ਧਵਨ) :ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆ ਦਿੱਤਾ ਹੈ। ਇਨ੍ਹਾਂ ਦੇਸ਼ਾਂ ’ਚ ਮਹਿੰਗਾਈ ਦਾ ਅਸਰ ਲੋਕਾਂ ’ਤੇ ਪਿਆ ਹੈ ਪਰ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਇੰਡਸਟਰੀ ਹੋ ਰਹੀ ਹੈ। ਉੱਘੇ ਬਰਾਮਦਕਾਰ ਸੁਰੇਸ਼ ਸ਼ਰਮਾ ਅਨੁਸਾਰ ਅਜੇ ਅਗਲੇ ਡੇਢ-ਦੋ ਸਾਲ ਤਕ ਪੂਰੇ ਸੰਸਾਰ ਵਿਚ ਮੰਦੀ ਦਾ ਅਸਰ ਸਿੱਧੇ ਤੌਰ ’ਤੇ ਪੈਂਦਾ ਦਿਖਾਈ ਦੇਵੇਗਾ ਅਤੇ ਅਗਲੇ ਕੁਝ ਮਹੀਨਿਆਂ ਵਿਚ ਮੰਦੀ ਦਾ ਦਰਦ ਜ਼ਿਆਦਾ ਰੁਆ ਸਕਦਾ ਹੈ। ਸੁਰੇਸ਼ ਸ਼ਰਮਾ ਨੇ ਕਿਹਾ ਕਿ ਭਾਰਤੀ ਬਰਾਮਦਕਾਰਾਂ ਦੇ ਸਾਹਮਣੇ ਮੁਸ਼ਕਲ ਇਹ ਪੈਦਾ ਹੋ ਗਈ ਹੈ ਕਿ ਉਨ੍ਹਾਂ ਦੇ ਆਰਡਰਾਂ ਵਿਚ 30 ਫੀਸਦੀ ਤਕ ਗਿਰਾਵਟ ਆ ਚੁੱਕੀ ਹੈ। ਆਰਡਰਾਂ ਦੀ ਘਾਟ ਕਾਰਨ ਮੌਜੂਦਾ ਰੋਜ਼ਗਾਰ ਦੇ ਮੌਕਿਆਂ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਗਿਆ ਹੈ ਅਤੇ ਅਜਿਹੀ ਵਿਵਸਥਾ ਿਵਚ ਲਘੂ ਉਦਯੋਗਾਂ ਦੇ ਸਾਹਮਣੇ ਆਰਥਿਕ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਰਮਨੀ ਨੂੰ ਯੂਰਪ ਦਾ ਇੰਜਣ ਕਿਹਾ ਜਾਂਦਾ ਹੈ ਅਤੇ ਜਰਮਨੀ ਦੀ ਹਾਲਤ ਬਦਤਰ ਹੋ ਗਈ ਹੈ ਅਤੇ ਜਰਮਨੀ ਦੀ ਅਰਥਵਿਵਸਥਾ ਕਾਫੀ ਮੱਠੀ ਹੋ ਗਈ ਹੈ। ਯੂਰਪ ਨੇ ਤਾਂ ਆਪਣੇ ਦੇਸ਼ਾਂ ਵਿਚ ਮੰਦੀ ਹੋਣ ਦੀ ਗੱਲ ਸਵੀਕਾਰ ਲਈ ਹੈ। ਆਮ ਤੌਰ ’ਤੇ ਯੂਰਪ ਅਤੇ ਅਮਰੀਕਾ ਦੇ ਲੋਕ ਥੋੜ੍ਹੀ-ਬਹੁਤ ਮਹਿੰਗਾਈ ਦੀ ਪ੍ਰਵਾਹ ਨਹੀਂ ਕਰਦੇ ਸਨ ਪਰ ਹੁਣ ਤਾਂ ਉਨ੍ਹਾਂ ਦੇ ਖਰਚੇ ਇੰਨੇ ਵਧ ਚੁੱਕੇ ਹਨ ਕਿ ਉਨ੍ਹਾਂ ਨੂੰ ਹਰ ਪੈਸੇ ਦੀ ਬੱਚਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਗੋਦਾਮ ਖਾਲੀ ਪਏ ਹੋਏ ਹਨ ਅਤੇ ਇਨ੍ਹਾਂ ਨੂੰ ਭਰਨ ਲਈ ਨਵੀਂ ਮੰਗ ਨਹੀਂ ਆ ਰਹੀ। ਗਾਹਕ ਸਟੋਰਾਂ ਵਿਚੋਂ ਹੈਂਡਟੂਲਜ਼ ਖਰੀਦਣ ਲਈ ਅੱਗੇ ਨਹੀਂ ਆ ਰਹੇ। ਸੁਰੇਸ਼ ਸ਼ਰਮਾ ਨੇ ਕਿਹਾ ਕਿ ਅਜੇ ਅਗਲੇ ਸਾਲ ਦੇ ਅੱਧ ਤੱਕ ਮੰਦੀ ਦਾ ਦਰਦ ਸਭ ਨੂੰ ਸਹਿਣ ਕਰਨਾ ਪਵੇਗਾ ਅਤੇ ਅਜੇ ਉਤਪਾਦਾਂ ਦੀ ਮੰਗ ਵਿਚ ਵਾਧਾ ਨਹੀਂ ਹੋਵੇਗਾ। ਸੰਸਾਰ ਭਰ ਵਿਚ ਵਿਆਜ ਦਰਾਂ ਵੀ ਕਾਫੀ ਉੱਚੀਆਂ ਚੱਲ ਰਹੀਆਂ ਹਨ ਅਤੇ ਅਜੇ ਤੱਕ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਕਿ ਵਿਆਜ ਦਰਾਂ ਵਿਚ ਕਮੀ ਆਵੇਗੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨੇ ਪੰਜਾਬ ਅਤੇ ਪੰਜਾਬੀਅਤ ਲਈ ਜੋ ਕੰਮ ਕੀਤੇ ਹਨ, ਇਨੇ ਕਿਸੇ ਸਰਕਾਰ ਨੇ ਨਹੀਂ ਕੀਤੇ : ਅਸ਼ਵਨੀ ਸ਼ਰਮਾ
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਵੀ ਲਘੂ ਉਦਯੋਗਾਂ ਦਾ ਪੱਲਾ ਫੜਨਾ ਹੋਵੇਗਾ ਕਿਉਂਕਿ ਹਾਲਾਤ ਕਾਫੀ ਨਾਜ਼ੁਕ ਚੱਲ ਰਹੇ ਹਨ। ਲਘੂ ਉਦਯੋਗਾਂ ਨੂੰ ਦਬਾਉਣ ਵਾਲੀਆਂ ਨੀਤੀਆਂ ਨਹੀਂ ਅਪਣਾਉਣੀਆਂ ਹੋਣਗੀਆਂ। ਜਦੋਂ ਤਕ ਮੰਗ ਵਿਚ ਵਾਧਾ ਨਹੀਂ ਹੋਵੇਗਾ, ਉਦੋਂ ਤਕ ਉਦਯੋਗ ਮੰਦੀ ਦੇ ਦੌਰ ਵਿਚੋਂ ਬਾਹਰ ਨਹੀਂ ਨਿਕਲ ਸਕਣਗੇ। ਸੂਬਾ ਸਰਕਾਰਾਂ ਨੂੰ ਲਘੂ ਉਦਯੋਗਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਦਾ ਹੱਲ ਕੱਢਣਾ ਹੋਵੇਗਾ, ਨਹੀਂ ਤਾਂ ਲਘੂ ਉਦਯੋਗਾਂ ਦੀ ਹਾਲਤ ਖਰਾਬ ਹੋਈ ਤਾਂ ਬੇਰੋਜ਼ਗਾਰੀ ਵਧ ਜਾਵੇਗੀ।
ਮਹਿੰਗਾਈ ਕਾਰਨ ਪਹਿਲੀ ਵਾਰ ਯੂਰਪ ’ਚ ਹੋ ਰਹੀ ਹੜਤਾਲ
ਮਹਿੰਗਾਈ ਕਾਰਨ ਯੂਰਪ ਦੇ ਕਈ ਦੇਸ਼ਾਂ ਵਿਚ ਪਹਿਲੀ ਵਾਰ ਹੜਤਾਲ ਦੇਖਣ ਨੂੰ ਮਿਲ ਰਹੀ ਹੈ ਅਤੇ ਕਿਰਤੀ ਤਨਖਾਹ ਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਪਰਿਵਾਰਾਂ ਨੂੰ ਚਲਾਉਣ ਲਈ ਲੋੜੀਂਦਾ ਧਨ ਨਹੀਂ ਹੈ। ਸੁਰੇਸ਼ ਸ਼ਰਮਾ ਨੇ ਕਿਹਾ ਕਿ ਅਸਲ ਵਿਚ ਰੂਸ-ਯੂਕ੍ਰੇਨ ਜੰਗ ਕਾਰਨ ਮਹਿੰਗਾਈ ਵਿਚ ਵਾਧਾ ਸ਼ੁਰੂ ਹੋਇਆ ਸੀ ਅਤੇ ਇਸ ਨਾਲ ਪੂਰੀ ਦੁਨੀਆ ਵਿਚ ਬੇਯਕੀਨੀ ਦੇ ਬੱਦਲ ਛਾ ਗਏ। ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਜੰਗ ਕਦੋਂ ਖਤਮ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਮਹਿੰਗਾਈ ਦਾ ਦੌਰ ਘੱਟ ਹੋਵੇਗਾ, ਨਹੀਂ ਤਾਂ ਇੰਡਸਟਰੀ ਦੇ ਉੱਪਰ ਦਬਾਅ ਹੋਰ ਵਧਣ ਦੇ ਸੰਕੇਤ ਮਿਲ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਖਜ਼ਾਨਾ ਭਰਨ ਦੀ ਬਜਾਏ ਉਦਯੋਗਾਂ ਵੱਲ ਧਿਆਨ ਦੇਵੇ ਕਿਉਂਕਿ ਉਦਯੋਗ ਹੀ ਦੇਸ਼ ਦੀ ਆਰਥਿਕ ਸਥਿਤੀ ਨੂੰ ਬਣਾਈ ਰੱਖ ਸਕਦੇ ਹਨ।
ਇਹ ਵੀ ਪੜ੍ਹੋ : ਰਾਹਤ : ਜੀ. ਐੱਸ. ਟੀ. ਰਿਟਰਨ ਸਕਰੂਟਨੀ ਨੂੰ ਲੈ ਕੇ ਸੀ. ਬੀ. ਆਈ. ਸੀ. ਦੇ ਨਵੇਂ ਨਿਰਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani