ਗੋਲੀਬੰਦੀ ਦੀ ਉਲੰਘਣਾ ਦੀ ਆੜ 'ਚ ਅੱਤਵਾਦੀਆਂ ਵਲੋਂ ਘੁਸਪੈਠ

Saturday, Jan 20, 2018 - 06:47 AM (IST)

ਗੋਲੀਬੰਦੀ ਦੀ ਉਲੰਘਣਾ ਦੀ ਆੜ 'ਚ ਅੱਤਵਾਦੀਆਂ ਵਲੋਂ ਘੁਸਪੈਠ

ਜਲੰਧਰ (ਸੋਮਨਾਥ, ਰਾਕੇਸ਼ ਬਹਿਲ)- ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਕੋਈ ਵੱਡੀ ਗੱਲ ਨਹੀਂ ਹੈ। ਕਈ ਵਾਰ ਤਾਂ ਦਿਨ ਵਿਚ ਕਈ-ਕਈ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ। ਬੀਤੇ ਦਿਨੀਂ ਪਾਕਿ ਫੌਜ ਜਨਰਲ ਮੁਖੀ ਕਮਰ ਜਾਵੇਦ ਬਾਜਵਾ ਨੇ ਐੱਲ. ਓ. ਸੀ. ਦਾ ਦੌਰਾ ਕੀਤਾ ਸੀ। ਉਸ ਤੋਂ ਬਾਅਦ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਪਾਕਿ ਫੌਜ ਵਲੋਂ ਭਾਰਤੀ ਚੌਕੀਆਂ 'ਤੇ ਮੋਰਟਾਰ ਦਾਗਣ ਦੇ ਨਾਲ-ਨਾਲ ਭਾਰਤੀ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੋ ਦਿਨਾਂ ਵਿਚ 3 ਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ ਦੋ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਰਜਨਾਂ ਨਾਗਰਿਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਕਰਵਾਈ ਜਾਂਦੀ ਹੈ। ਇਸ  ਗੋਲੀਬਾਰੀ ਵਿਚ ਵੀ ਅੱਤਵਾਦੀਆਂ ਦੀ ਘੁਸਪੈਠ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਤੇ 4 ਦਿਨਾਂ ਵਿਚ ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਨੂੰ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਬੀ. ਐੱਸ. ਐੱਫ. ਨੇ ਕਈ ਘੁਸਪੈਠੀਆਂ ਨੂੰ ਇਸ ਦੌਰਾਨ ਮਾਰ ਮੁਕਾਇਆ ਹੈ। ਕਿੰਨੇ ਘੁਸਪੈਠੀਏ 4 ਦਿਨਾਂ ਵਿਚ ਮਾਰੇ ਗਏ ਹਨ। ਫਿਲਹਾਲ ਕੋਈ ਵੀ ਫੌਜ ਅਧਿਕਾਰੀ ਇਸ ਦੀ ਸਹੀ ਪੁਸ਼ਟੀ ਨਹੀਂ ਕਰ ਰਿਹਾ ਹੈ ਪਰ ਭਰੋਸੇਯੋਗ ਸੂਤਰਾਂ ਮੁਤਾਬਕ 4 ਦਿਨਾਂ ਵਿਚ 14 ਘੁਸਪੈਠੀਏ ਬੀ. ਐੱਸ. ਐੱਫ. ਜਵਾਨਾਂ ਨੇ ਮਾਰ ਦਿੱਤੇ ਹਨ। ਇਸ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਹ ਗੋਲੀਬਾਰੀ ਘੁਸਪੈਠ ਕਰਵਾਉਣ ਦਾ ਇਕ ਹਿੱਸਾ ਹੈ।  ਸਰਹੱਦ 'ਤੇ ਹੁਣ ਵੀ ਗੋਲੀਬਾਰੀ ਜਾਰੀ ਹੋਣਾ ਦੱਸਿਆ ਜਾ ਰਿਹਾ ਹੈ, ਵੀਰਵਾਰ ਸਵੇਰੇ ਪਾਕਿਸਤਾਨੀ ਆਰਮੀ ਨੇ ਆਰ. ਐੱਸ. ਪੁਰਾ ਅਤੇ ਅਰਨੀਆ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਫੌਜ ਦੀਆਂ ਪ੍ਰਮੁੱਖ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸੀ। ਇਸ ਵਿਚ ਬੀ. ਐੱਸ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ ਸੀ। ਸ਼ਹੀਦ ਹੋਏ ਜਵਾਨ ਦੀ ਪਛਾਣ ਹੈੱਡ ਕਾਂਸਟੇਬਲ ਏ. ਸੁਰੇਸ਼ ਵਜੋਂ ਹੋਈ ਸੀ। ਸੁਰੇਸ਼ ਤਾਮਿਲਨਾਡੂ ਵਿਚ ਧਰਮਪੁਰੀ ਜ਼ਿਲੇ ਦੇ ਬਾਂਦਰਾ ਚੇਟੀਪੱਟੀ ਪਿੰਡ ਦਾ ਰਹਿਣ ਵਾਲਾ ਸੀ।
ਸਕੂਲਾਂ 'ਚ ਫਸੇ ਬੱਚਿਆਂ ਨੂੰ ਸੁਰੱਖਿਅਤ ਕੱਢਿਆ
ਸ਼ੁੱਕਰਵਾਰ ਨੂੰ ਪਾਕਿ ਫੌਜ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਨੌਸ਼ਹਿਰਾ ਸੈਕਟਰ ਦੇ ਲਾਮ, ਝਾਂਗੜ ਅਤੇ ਭਵਾਨੀ ਦੇ ਸਕੂਲਾਂ ਵਿਚ ਬੱਚੇ ਫਸ ਗਏ ਸਨ, ਜਿਸ ਕਾਰਨ ਆਮ ਲੋਕਾਂ ਦੀ ਚਿੰਤਾ ਵੱਧ ਗਈ ਸੀ ਪਰ ਪ੍ਰਸ਼ਾਸਨ ਨੇ ਬੀ. ਐੱਸ. ਐੱਫ. ਦੀ ਮਦਦ ਨਾਲ ਬੱਚਿਆਂ ਨੂੰ ਸਕੂਲਾਂ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਸੀ। ਇਸੇ ਤਰ੍ਹਾਂ ਆਰ. ਐੈੱਸ. ਪੁਰਾ ਵਿਚ ਵੀ ਅਜਿਹਾ ਹੀ ਸੁਣਨ ਨੂੰ ਮਿਲਿਆ ਸੀ। ਆਰ. ਐੱਸ. ਪੁਰਾ ਸੈਕਟਰ ਅਤੇ ਨੌਸ਼ਹਿਰਾ 'ਚ ਸਥਾਨਕ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਹਨ।
ਬਾਰਡਰ 'ਤੇ ਹਾਲਾਤ ਤਣਾਅਪੂਰਨ
ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਲਾਈਨ ਆਫ ਕੰਟੋਰਲ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਹੈ। ਬੀ. ਐੱਸ. ਐੱਫ. ਦੇ ਜਵਾਨ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਕਰਾਰਾ ਜਵਾਬ ਦੇ ਰਹੇ ਹਨ।
ਜੰਮੂ-ਕਸ਼ਮੀਰ ਦੇ ਇਨ੍ਹਾਂ ਸੈਕਟਰਾਂ ਵਿਚ ਗੋਲੀਬਾਰੀ ਜਾਰੀ
ਦੋ ਦਿਨ ਤੋਂ ਪਾਕਿ ਫੌਜ ਵਲੋਂ ਜੰਮੂ-ਕਸ਼ਮੀਰ ਵਿਚ 30 ਤੋਂ ਜ਼ਿਆਦਾ ਚੌਕੀਆਂ 'ਤੇ ਮੋਰਟਾਰ ਦਾਗੇ ਜਾ ਰਹੇ ਹਨ। ਪਾਕਿ ਫੌਜ ਕਠੂਆ ਸੈਕਟਰ, ਹੀਰਾ ਨਗਰ, ਰਾਮਗੜ੍ਹ, ਸਾਂਬਾ ਸੈਕਟਰ, ਅਰਨੀਆਂ, ਆਰ. ਐੱਸ. ਪੁਰਾ, ਪੁੰਛ ਅਤੇ ਨੌਸ਼ਹਿਰਾ ਦੇ ਨਾਲ-ਨਾਲ ਪਰਗਵਾਲ ਸੈਕਟਰ ਵਿਚ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ਦਾ ਬੀ. ਐੱਸ. ਐੱਫ. ਵਲੋਂ ਜਵਾਬ ਦਿੱਤਾ ਜਾ ਰਿਹਾ ਹੈ। ਪਿਛਲੇ ਦਿਨੀਂ ਭਾਰਤ ਵਲੋਂ ਕੀਤੀ ਗਈ ਕਾਰਵਾਈ ਵਿਚ ਪਾਕਿਸਤਾਨ ਨੂੰ ਬਹੁਤ ਭਾਰੀ ਨੁਕਸਾਨ ਹੋਇਆ। ਭਾਰਤੀ ਫੌਜ ਨੇ ਪਾਕਿਸਤਾਨ ਦੀਆਂ ਦੋ ਚੌਕੀਆਂ ਤਬਾਹ ਕਰ ਦਿੱਤੀਆਂ।
ਸਰਹੱਦ 'ਤੇ ਰਹਿੰਦੇ ਨਾਗਰਿਕਾਂ ਦਾ ਹੋਇਆ ਸਾਲ ਵਿਚ 2-3 ਵਾਰ ਮੁੜ-ਵਸੇਬਾ
ਅੱਤਵਾਦ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਜੇ. ਬੀ. ਸਿੰਘ ਚੌਧਰੀ ਨੇ ਦੱਸਿਆ ਕਿ ਸਰਹੱਦ ਦੇ 10 ਕਿਲੋਮੀਟਰ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਕਿ ਫੌਜ ਦੀ ਗੋਲਾਬਾਰੀ ਕਾਰਨ ਅਕਸਰ ਆਪਣਾ ਘਰ-ਬਾਰ ਛੱਡ ਕੇ ਪਿੱਛੇ ਆਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ਦੇ ਲੋਕਾਂ ਦਾ ਦਰਦ ਹੈ ਕਿ ਉਨ੍ਹਾਂ ਨੂੰ ਸਾਲ ਵਿਚ 2-3 ਵਾਰ ਗੋਲੀਬਾਰੀ ਕਾਰਨ ਮੁੜ-ਵਸੇਬੇ ਦੀ ਸਥਿਤੀ ਵਿਚੋਂ ਗੁਜ਼ਰਨਾ ਪੈਂਦਾ ਹੈ। ਜਦੋਂ-ਜਦੋਂ ਪਾਕਿ ਫੌਜ ਵਲੋਂ ਪਿੰਡ ਨੂੰ ਨਿਸ਼ਾਨਾ ਬਣਾ ਕੇ ਗੋਲੇ ਦਾਗੇ ਜਾਂਦੇ ਹਨ। ਉਨ੍ਹਾਂ ਨੂੰ ਬੀ. ਐੱਸ. ਐੱਫ. ਦੇ ਹੁਕਮਾਂ 'ਤੇ ਪਿੰਡਾਂ ਦੇ ਪਿੰਡ ਖਾਲੀ ਕਰਕੇ ਸਰਹੱਦ ਤੋਂ ਦੂਰ ਸੁਰੱਖਿਅਤ ਥਾਵਾਂ 'ਤੇ ਜਾਣਾ ਪੈਂਦਾ ਹੈ।
ਕੋਈ ਸਰਕਾਰ ਨਹੀਂ ਸੁਣਦੀ ਮੁੜ-ਵਸੇਬਾ ਕਰਨ ਵਾਲੇ ਲੋਕਾਂ ਦਾ ਦਰਦ
ਜੇ. ਬੀ. ਸਿੰਘ ਨੇ ਦੱਸਿਆ ਕਿ ਉਹ 19 ਸਾਲ ਤੋਂ ਸਰਹੱਦ 'ਤੇ ਰਾਸ਼ਨ ਲੈ ਕੇ ਜਾਂਦੇ ਹਨ। ਜਦੋਂ ਉਹ ਵੰਡਣ ਲਈ ਰਾਸ਼ਨ ਲੈ ਕੇ ਜਾਂਦੇ ਹਨ ਤਾਂ ਕਈ-ਕਈ ਕਿਲੋਮੀਟਰ ਤੋਂ ਪੈਦਲ ਲੋਕ ਰਾਸ਼ਨ ਲੈਣ ਆਉਂਦੇ ਹਨ। ਆਪਣਾ ਦਰਦ ਸੁਣਾਉਂਦੇ ਹੋਏ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਮੁੜ-ਵਸੇਬਿਆਂ ਦਾ ਜੀਵਨ ਜੀਣ ਵਾਲਿਆਂ ਦਾ ਦਰਦ ਕੋਈ ਸਰਕਾਰ ਨਹੀਂ ਸੁਣਦੀ। ਉਨ੍ਹਾਂ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਰਹੱਦ 'ਤੇ ਛੋਟੀ-ਮੋਟੀ ਗੋਲੀਬਾਰੀ ਤਾਂ ਰੋਜ਼ ਦੀ ਗੱਲ ਹੈ।
ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਜਾਂਦਾ ਹਮਲਾ
ਸਰਹੱਦ 'ਤੇ ਪੀੜਤ ਲੋਕਾਂ ਦਾ ਦਰਦ ਸੁਣਾਉਂਦੇ ਹੋਏ ਜੇ. ਬੀ. ਸਿੰਘ ਦਾ ਕਹਿਣਾ ਹੈ ਕਿ ਪਾਕਿ ਫੌਜ ਜਾਣਬੁਝ ਕੇ ਸਰਹੱਦ 'ਤੇ ਹਮਲੇ ਕਰਦੀ ਹੈ। ਇਹ ਕਾਰਵਾਈ ਫੌਜ ਦੇ ਜਵਾਨਾਂ ਨੂੰ ਉਕਸਾਉਣ ਲਈ ਕੀਤੀ ਜਾਂਦੀ ਹੈ।
ਬੰਕਰਾਂ ਦਾ ਰੱਖ ਰਖਾਅ ਠੀਕ ਨਹੀਂ
ਕਿਉਂਕਿ ਸਰਹੱਦ 'ਤੇ ਗੋਲੀਬਾਰੀ ਹੁੰਦੀ ਰਹਿੰਦੀ ਹੈ, ਇਸ ਲਈ ਸਰਕਾਰ ਨੇ ਨਾਗਰਿਕਾਂ ਲਈ ਬੰਕਰ ਬਣਾ ਕੇ ਦੇਣ ਦੀ ਗੱਲ ਕਹੀ ਸੀ, ਜਦੋਂ ਜੇ. ਬੀ. ਸਿੰਘ ਨਾਲ ਇਨ੍ਹਾਂ ਬੰਕਰਾਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੌਜ ਦੇ ਬੰਕਰਾਂ ਦਾ ਰੱਖ-ਰਖਾਅ ਠੀਕ ਨਹੀਂ ਹੈ।
2 ਸਾਲ 'ਚ 363 ਅੱਤਵਾਦੀ ਢੇਰ
ਜੰਮੂ-ਕਸ਼ਮੀਰ ਵਿਚ ਪਿਛਲੇ ਦੋ ਸਾਲਾਂ ਵਿਚ ਵੱਖ-ਵੱਖ ਘਟਨਾਵਾਂ ਵਿਚ 363 ਅੱਤਵਾਦੀ ਅਤੇ 71 ਨਾਗਰਿਕਾਂ ਦੀ ਮੌਤ ਹੋਈ ਹੈ। ਵਿਧਾਇਕ ਸਤਪਾਲ ਸ਼ਰਮਾ ਦੇ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਗ੍ਰਹਿ ਮਾਮਲੇ ਦੀ ਇੰਚਾਰਜ ਅਤੇ ਸੀ. ਐੱਮ. ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਇਹ ਜਾਣਕਾਰੀ ਦਿੱਤੀ।
* 2016 ਵਿਚ ਅੱਤਵਾਦੀ ਹਮਲਿਆਂ ਅਤੇ ਸਰਹੱਦ ਪਾਰ ਗੋਲੀਬਾਰੀ ਵਿਚ 20 ਨਾਗਰਿਕਾਂ ਦੀ ਮੌਤ ਹੋਈ ਸੀ ਅਤੇ ਇਸ ਦੌਰਾਨ 31 ਸਥਾਨਕ ਅੱਤਵਾਦੀ ਅਤੇ 119  ਭਾੜੇ ਦੇ ਵਿਦੇਸ਼ੀ ਅੱਤਵਾਦੀ ਮਾਰੇ ਗਏ ਸਨ।
* 2017 ਵਿਚ ਹਿੰਸਕ ਘਟਨਾਵਾਂ 'ਚ 51 ਨਾਗਰਿਕ ਮਾਰੇ ਗਏ ਸਨ ਅਤੇ 86 ਸਥਾਨਕ ਅਤੇ 127 ਭਾੜੇ ਦੇ ਵਿਦੇਸ਼ੀ ਅੱਤਵਾਦੀਆਂ ਸਮੇਤ 213 ਅੱਤਵਾਦੀ ਢੇਰ ਹੋਏ ਸਨ।


Related News