ਕੈਪਟਨ ਵਲੋਂ ਇਕ ਹੋਰ ਸਿਆਸੀ ਪਾਰੀ ਖੇਡੇ ਜਾਣ ਦੇ ਐਲਾਨ ਤੋਂ ਬਾਅਦ ਬਾਜਵਾ ਦਾ ਵੱਡਾ ਬਿਆਨ

11/20/2017 7:08:16 AM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸਤ ਵਿਚ ਇਕ ਹੋਰ ਪਾਰੀ ਖੇਡਣ ਦੇ ਐਲਾਨ ਤੋਂ ਬਾਅਦ ਸੂਬੇ ਦੇ ਸਾਬਕਾ ਕਾਂਗਰਸ ਮੁਖੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਸੂਬੇ ਦੀ ਸਿਆਸਤ ਵਿਚ ਉਤਰਨ ਦੀ ਗੱਲ ਆਖੀ ਹੈ। 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਦਿੱਤੇ ਗਏ ਇਕ ਵਿਸ਼ੇਸ਼ ਇੰਟਰਵਿਊ ਵਿਚ ਬਾਜਵਾ ਨੇ ਸਾਬਕਾ ਮੰਤਰੀਆਂ ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ, ਪ੍ਰਤਾਪ ਸਿੰਘ ਕੈਰੋਂ ਖਿਲਾਫ ਕਾਰਵਾਈ ਕਰਨ ਲਈ ਇਕ ਵਾਰ ਫਿਰ ਆਵਾਜ਼ ਬੁਲੰਦ ਕੀਤੀ । ਇਸ ਦੇ ਨਾਲ ਬਾਜਵਾ ਨੇ ਨਿੱਜੀ ਖੰਡ ਮਿੱਲਾਂ ਨੂੰ ਅਰਬਾਂ ਦੇ ਮੁਨਾਫੇ ਵਿਚੋਂ ਗੰਨਾ ਕਿਸਾਨਾਂ ਨੂੰ ਵੀ ਫਸਲ ਦੀ ਬਣਦੀ ਕੀਮਤ ਦੇਣ ਦੀ ਮੰਗ ਕੀਤੀ। ਪੇਸ਼ ਹੈ ਪ੍ਰਤਾਪ ਸਿੰਘ ਬਾਜਵਾ ਨਾਲ ਹੋਈ ਪੂਰੀ ਇੰਟਰਵਿਊ-
ਸਵਾਲ- ਬਾਜਵਾ ਸਾਹਿਬ, ਤੁਹਾਡੇ ਵਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਤੋਂ ਬਚਣ ਲਈ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਫਸਾਉਣ ਲਈ?
ਜਵਾਬ- ਮੈਂ ਇਕ ਗੰਭੀਰ ਸਿਆਸਤਦਾਨ ਹਾਂ, ਮੈਂ ਕੋਈ ਮਜ਼ਾਕੀਆ ਸਿਆਸਦਾਨ ਨਹੀਂ ਹਾਂ। ਮੈਂ ਚੋਣਾਂ ਦੇ ਪ੍ਰਚਾਰ ਦੌਰਾਨ ਤਰਨਤਾਰਨ ਵਿਖੇ ਲੋਕਾਂ ਨਾਲ ਜਿਸ ਵੇਲੇ ਇਹ ਵਾਅਦਾ ਕੀਤਾ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਸਨ ਅਤੇ ਪਾਰਟੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਪ੍ਰਚਾਰ ਦੇ ਮੁਖੀ ਵੀ ਸਨ। ਮੈਂ ਉਸ ਸਮੇਂ ਰਾਜ ਸਭਾ ਦਾ ਮੈਂਬਰ ਸੀ। ਮੈਂ ਨਾ ਤਾਂ ਉਸ ਸਮੇਂ ਚੋਣ ਲੜ ਰਿਹਾ ਸੀ ਅਤੇ ਨਾ ਹੀ ਮੈਂ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਬਣਨਾ ਸੀ। ਮੇਰਾ ਉਹ ਬਿਆਨ ਸਿਰਫ ਮੇਰਾ ਨਹੀਂ ਸੀ, ਮੇਰੇ ਵਰਗੇ ਬਿਆਨ ਕਾਂਗਰਸ ਦੇ ਸਾਰੇ ਲੀਡਰਾਂ ਦੇ ਸਨ ਅਤੇ ਕਾਂਗਰਸ ਦੇ ਸਾਰੇ ਚੋਟੀ ਦੇ ਆਗੂਆਂ ਨੇ ਪੰਜਾਬ ਦੀ ਲੁੱਟ-ਖਸੁੱਟ ਕਰਨ ਵਾਲੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਕਰਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਸੀ।
ਜਦੋਂ ਸਰਕਾਰ ਬਣੀ ਨੂੰ 5-6 ਮਹੀਨੇ ਹੋਏ ਤਾਂ ਲੋਕਾਂ ਨੇ ਮੈਨੂੰ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਨੂੰ ਪੰਜਾਬ ਦੇ ਹਾਲਾਤ ਅਤੇ ਕਾਂਗਰਸ ਵਲੋਂ ਸੂਬੇ ਦੇ ਲੋਕਾਂ ਨਾਲ ਕੀਤੀ ਗਈ ਵਚਬੱਧਤਾ ਬਾਰੇ ਲਿਖ ਕੇ ਭੇਜਿਆ ਸੀ ਅਤੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਲੋਕ ਸਾਨੂੰ ਵਾਅਦਿਆਂ ਬਾਰੇ ਪੁੱਛ ਰਹੇ ਹਨ ਅਤੇ ਅਸੀਂ ਹੁਣ ਇਸ ਦਾ ਕੀ ਜਵਾਬ ਦੇਈਏ। ਇਸ ਦੇ ਨਾਲ ਹੀ ਮੈਂ 3 ਮਹੀਨੇ ਪਹਿਲਾਂ ਲਿਖੀ ਗਈ ਇਸ ਚਿੱਠੀ ਦੇ ਨਾਲ ਆਪਣਾ ਅਸਤੀਫਾ ਵੀ ਰਾਹੁਲ ਗਾਂਧੀ ਨੂੰ ਭੇਜਿਆ ਸੀ ਅਤੇ ਇਸ ਉਤੇ ਰਾਹੁਲ ਗਾਂਧੀ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ।
ਸਵਾਲ- ਪਿਛਲੇ 3 ਮਹੀਨੇ ਦੌਰਾਨ ਰਾਹੁਲ ਗਾਂਧੀ ਨਾਲ ਇਸ ਬਾਰੇ ਤੁਹਾਡਾ ਫੋਨ ਉਤੇ ਵੀ ਕੋਈ ਸੰਵਾਦ ਨਹੀਂ ਹੋਇਆ?
ਜਵਾਬ- ਰਾਹੁਲ ਗਾਂਧੀ ਪਿਛਲੇ 2-3 ਮਹੀਨੇ ਤੋਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮਸ਼ਰੂਫ ਹਨ। ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਵੀ ਤਿਆਰੀ ਹੋ ਰਹੀ ਹੈ। ਜਿਸ ਤਰ੍ਹਾਂ ਹੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਅਗਲੇ 10-15 ਦਿਨਾਂ ਬਾਅਦ ਹੋਣ ਵਾਲੇ ਸੰਸਦ ਦੇ ਸੈਸ਼ਨ ਦੌਰਾਨ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕਰਾਂਗਾ।
ਸਵਾਲ- ਕੀ ਰਾਹੁਲ ਗਾਂਧੀ ਨੇ ਤੁਹਾਨੂੰ ਅਸਤੀਫੇ ਦਾ ਕਾਰਨ ਨਹੀਂ ਪੁੱਛਿਆ?
ਜਵਾਬ- ਅਸਤੀਫੇ ਦੇ ਕਾਰਨ ਮੈਂ ਚਿੱਠੀ ਦੇ ਨਾਲ ਹੀ ਲਿਖੇ ਸਨ ਅਤੇ ਉਹ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਹ ਇਸ ਚੀਜ਼ ਨੂੰ ਲੈ ਕੇ ਚੰਗੀ ਤਰ੍ਹਾਂ ਵਾਕਫ ਸਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਦੋਸ਼ੀ ਅਕਾਲੀਆਂ ਖਿਲਾਫ ਕਾਰਵਾਈ ਕਰਨ ਦਾ ਵਾਅਦਾ ਸਮੁੱਚੀ ਕਾਂਗਰਸ ਪਾਰਟੀ ਦਾ ਸੀ। ਕਾਂਗਰਸ ਦੇ ਸਾਰੇ ਆਗੂਆਂ ਨੇ ਬਾਦਲਾਂ ਦੀ ਤੁਲਨਾ ਗੱਦਾਫੀ ਤੇ ਸੱਦਾਮ ਹੁਸੈਨ ਅਤੇ ਅਹਿਮਦ ਸ਼ਾਹ ਅਬਦਾਲੀ ਨਾਲ ਕੀਤੀ ਸੀ ਅਤੇ ਹੁਣ ਜਦੋਂ ਲੋਕਾਂ ਨੂੰ ਦਿੱਤਾ ਗਿਆ ਵਚਨ ਪੂਰਾ ਨਹੀਂ ਹੋ ਰਿਹਾ ਤਾਂ ਇਸ ਖਿਲਾਫ ਪਾਰਟੀ ਅੰਦਰੋਂ ਉਠ ਰਹੀਆਂ ਆਵਾਜ਼ਾਂ ਤੇ ਗੰਭੀਰਤਾ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ।
ਸਵਾਲ- ਰਾਹੁਲ ਗਾਂਧੀ ਨੇ ਤੁਹਾਡੇ ਅਸਤੀਫੇ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ?
ਜਵਾਬ- ਮੈਂ ਉਨ੍ਹਾਂ ਨਾਲ ਮਿਲ ਕੇ ਇਸ ਮਾਮਲੇ ਉਤੇ ਗੱਲ ਕਰ ਸਕਦਾ ਹਾਂ। ਉਨ੍ਹਾਂ ਨੇ ਇਕੱਲੇ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫੇ ਦੇ ਮਾਮਲੇ ਨੂੰ ਹੀ ਨਹੀਂ ਦੇਖਣਾ, ਉਨ੍ਹਾਂ ਨੇ ਪੂਰੇ ਦੇਸ਼ ਵਿਚ ਪਾਰਟੀ ਦੀ ਸਥਿਤੀ ਤੋਂ ਇਲਾਵਾ ਦੇਸ਼ ਦੇ ਭਖਦੇ ਮਸਲਿਆਂ ਬਾਰੇ ਵੀ ਸੋਚਣਾ ਹੈ। ਉਹ ਇਸ ਤੋਂ ਪਹਿਲਾਂ ਅਮਰੀਕਾ ਦੇ ਦੌਰੇ ਉਤੇ ਸਨ। ਉਨ੍ਹਾਂ ਨੇ ਕੌਮਾਂਤਰੀ ਪੱਧਰ ਉਤੇ ਹੋ ਰਹੀ ਸਿਆਸਤ ਬਾਰੇ ਵੀ ਸੋਚਣਾ ਹੈ। ਲਿਹਾਜ਼ਾ ਹੋ ਸਕਦਾ ਹੈ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਸਮਾਂ ਨਾ ਲੱਗਾ ਹੋਵੇ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਸੀ ਲਿਹਾਜ਼ਾ ਉਨ੍ਹਾਂ ਨੇ ਇਸ ਨੂੰ ਘਰ ਦੀ ਹੀ ਗੱਲ ਸਮਝਿਆ ਹੈ। ਜੇ ਮੈਂ ਅਸਤੀਫਾ ਰਾਜ ਸਭਾ ਦੇ ਸਪੀਕਰ ਨੂੰ ਭੇਜਦਾ ਤਾਂ ਸ਼ਾਇਦ ਉਸੇ ਵੇਲੇ ਕੋਈ ਗੱਲਬਾਤ ਹੁੰਦੀ।
ਸਵਾਲ- ਤੁਸੀਂ ਅਸਤੀਫਾ ਦੇਣ ਤੋਂ ਪਹਿਲਾਂ ਆਪਣੀਆਂ ਮੰਗਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਸੀ?
ਜਵਾਬ- ਇਹ ਇਕੱਲੇ ਪ੍ਰਤਾਪ ਸਿੰਘ ਬਾਜਵਾ ਦਾ ਮਸਲਾ ਨਹੀਂ ਹੈ। ਇਹ ਸਮੁੱਚੀ ਕਾਂਗਰਸ ਦਾ ਮਸਲਾ ਹੈ। ਇਸ ਬਾਰੇ ਕਾਂਗਰਸ ਦੇ 40 ਵਿਧਾਇਕਾਂ ਨੇ ਵੀ ਕੈਪਟਨ ਸਾਹਿਬ ਨੂੰ ਪੱਤਰ ਲਿਖਿਆ ਹੈ। ਇਸ ਬਾਰੇ ਰੋਜ਼ਾਨਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਬਾਕੀ ਆਗੂ ਵੀ ਗੱਲ ਕਰਦੇ ਹਨ। ਇਹ ਇਕੱਲੀ ਪ੍ਰਤਾਪ ਸਿੰਘ ਬਾਜਵਾ ਨਾਲ ਤਾਅਲੁਕ ਰੱਖਣ ਵਾਲੀ ਗੱਲ ਨਹੀਂ ਸੀ।
ਸਵਾਲ-ਬਾਕੀ ਲੀਡਰ ਤਾਂ ਸੱਤਾ ਦਾ ਸੁੱਖ ਭੋਗ ਰਹੇ ਹਨ, ਬਾਜਵਾ ਅਸਤੀਫਾ ਦੇ ਕੇ ਇਕੱਲੇ ਕਿਉਂ ਪੈ ਰਹੇ ਹਨ?
ਜਵਾਬ- ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਇਸ ਕਿਸਮ ਦੀਆਂ ਲੜਾਈਆਂ ਲੜੀਆਂ ਜਾਂਦੀਆਂ ਹਨ ਉਦੋਂ ਕੋਈ ਇਕ ਅੱਧਾ ਆਦਮੀ ਹੀ ਪਹਿਲਕਦਮੀ ਕਰਦਾ ਹੈ, ਬਾਅਦ ਵਿਚ ਲੋਕ ਖੁਦ ਉਸ ਨਾਲ ਸ਼ਰੀਕ ਹੁੰਦੇ ਹਨ। ਮੇਰੀ ਲੋਕਾਂ ਨਾਲ ਇਹ ਵਚਨਬੱਧਤਾ ਸੀ ਅਤੇ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਦੀ ਸਾਖ ਉਨ੍ਹਾਂ ਦੀ ਜ਼ੁਬਾਨ ਨਾਲ ਹੀ ਬਣਦੀ ਹੈ। ਮੈਂ ਲੋਕਾਂ ਨਾਲ ਕੀਤਾ ਗਿਆ ਆਪਣਾ ਵਾਅਦਾ ਨਿਭਾਇਆ ਹੈ ਅੱਗੇ ਇਹ ਸਰਕਾਰ ਜਾਣੇ ਇਸ ਮਾਮਲੇ ਵਿਚ ਕੀ ਕਰਨਾ ਹੈ।
ਸਵਾਲ- ਜਿਸ ਵੇਲੇ ਗੁਰਦਾਸਪੁਰ ਜ਼ਿਮਨੀ ਚੋਣ ਦੀ ਟਿਕਟ ਦੀ ਗੱਲ ਚੱਲੀ ਉਸ ਵੇਲੇ ਵੀ ਤੁਸੀਂ ਕੈਪਟਨ ਨੂੰ ਇਸ ਮਸਲੇ ਬਾਰੇ ਯਾਦ ਨਹੀਂ ਦਿਵਾਇਆ?
ਜਵਾਬ- ਜਦੋਂ ਸਾਡੀ ਮੁਲਾਕਾਤ ਹੋਈ ਉਸ ਸਮੇਂ ਰਾਹੁਲ ਗਾਂਧੀ ਅਮਰੀਕਾ ਵਿਚ ਸਨ। ਇਹ ਮੁਲਾਕਾਤ ਸਿਰਫ 10 ਮਿੰਟ ਦੀ ਸੀ। ਉਸ ਦੌਰਾਨ ਮੀਟਿੰਗ ਵਿਚ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਵੀ ਸਨ। ਮੈਂ ਉਨ੍ਹਾਂ ਨੂੰ ਉਸ ਸਮੇਂ ਵੀ ਇਸ ਵਾਅਦੇ ਦੀ ਯਾਦ ਦਿਵਾਈ ਸੀ ਤਾਂ ਉਨ੍ਹਾਂ ਉਸ ਵੇਲੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਥੋੜ੍ਹੇ ਤਬਦੀਲ ਹੋ ਚੁੱਕੇ ਹਨ ਅਤੇ ਉਨ੍ਹਾਂ ਮੈਨੂੰ ਪਾਰਟੀ ਸਾਹਮਣੇ ਆਈ ਚੁਣੌਤੀ ਦੌਰਾਨ ਨਾਲ ਮਿਲ ਕੇ ਚੱਲਣ ਨੂੰ ਕਿਹਾ ਸੀ ਅਤੇ ਮੈਨੂੰ ਇਸ ਮਾਮਲੇ ਵਿਚ ਇੰਤਜ਼ਾਰ ਕਰਨ ਨੂੰ ਕਿਹਾ ਗਿਆ ਅਤੇ ਮੈਂ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਪਾਰਟੀ ਦਾ ਪੂਰਾ ਸਾਥ ਦਿੱਤਾ।
ਸਵਾਲ-ਤੁਸੀਂ ਜੇਕਰ ਪੰਜਾਬ ਪ੍ਰਤੀ ਇੰਨੇ ਹੀ ਗੰਭੀਰ ਹੋ ਤਾਂ ਪਾਰਟੀ ਦੇ ਸੰਸਦ ਮੈਂਬਰਾਂ ਦੀ ਬੈਠਕ ਵਿਚ ਕਿਉਂ ਨਹੀਂ ਗਏ?
ਜਵਾਬ- ਇਹ ਪ੍ਰੋਟੋਕਾਲ ਦੀ ਗੱਲ ਸੀ। ਸਭ ਤੋਂ ਪਹਿਲਾਂ ਮੁੱਖ ਮੰਤਰੀ ਦਫਤਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਮੇਲ ਕਰਕੇ 6 ਨਵੰਬਰ ਨੂੰ ਬੈਠਕ ਸੱਦੇ ਜਾਣ ਦੀ ਗੱਲ ਕਹੀ ਅਤੇ ਅਸੀਂ ਸਾਰੇ ਇਸ ਵਿਚ ਜਾਣ ਲਈ ਤਿਆਰ ਸੀ ਅਤੇ ਇਸ ਵਿਚਕਾਰ ਸਾਨੂੰ ਇਹ ਇਤਲਾਹ ਆਈ ਕਿ ਮੁੱਖ ਮੰਤਰੀ ਸਾਹਿਬ ਮਸ਼ਰੂਫ ਹੋਣ ਕਾਰਨ 6 ਤਰੀਕ ਦੀ ਬੈਠਕ ਨੂੰ 14 ਨਵੰਬਰ ਤੱਕ ਟਾਲ ਦਿੱਤਾ ਗਿਆ ਹੈ। ਜਦੋਂ 14 ਨਵੰਬਰ ਦੀ ਬੈਠਕ ਦੀ ਤਿਆਰੀ ਕੀਤੀ ਗਈ ਤਾਂ 13 ਨਵੰਬਰ ਨੂੰ ਇਕ ਵਾਰ ਫਿਰ ਚਿੱਠੀ ਆ ਗਈ ਕਿ 14 ਦੀ ਬਜਾਏ 15 ਨੂੰ ਬੈਠਕ ਹੋਵੇਗੀ ਅਤੇ 15 ਨੂੰ ਸਾਢੇ 3 ਵਜੇ ਮੀਟਿੰਗ ਤੋਂ ਪਹਿਲਾਂ ਹੀ ਸਵੇਰੇ ਪਤਾ ਲੱਗਾ ਕਿ ਮੁੱਖ ਮੰਤਰੀ ਦੀ ਥਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਹ ਪ੍ਰੋਟੋਕਾਲ ਦੇ ਖਿਲਾਫ ਸੀ। ਜਦੋਂ ਵੀ ਸੰਸਦ ਮੈਂਬਰਾਂ ਦੀ ਮੀਟਿੰਗ ਹੁੰਦੀ ਹੈ ਤਾਂ ਪਰੰਪਰਿਕ ਤੌਰ ਉਤੇ ਮੁੱਖ ਮੰਤਰੀ ਹੀ ਬੈਠਕ ਦੀ ਅਗਵਾਈ ਕਰਦੇ ਹਨ। ਜੇਕਰ ਮੁੱਖ ਮੰਤਰੀ ਖੁਦ ਨਹੀਂ ਉਥੇ ਪਹੁੰਚੇ ਤਾਂ ਸੰਸਦ ਮੈਂਬਰਾਂ ਨੇ ਵੀ ਸੋਚਿਆ ਕਿ ਜਿਹੜੇ ਮੁੱਦੇ ਸਿਰਫ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ ਉਨ੍ਹਾਂ ਦਾ ਹੱਲ ਕਿਵੇਂ ਨਿਕਲੇਗਾ। ਉਦਾਹਰਣ ਦੇ ਤੌਰ ਉਤੇ ਸੂਬੇ ਦੀ ਕਿਸਾਨੀ ਦਾ ਮੁੱਦਾ ਬੜਾ ਅਹਿਮ ਹੈ। ਮਾਝੇ ਅਤੇ ਦੁਆਬੇ ਦੇ ਕਿਸਾਨਾਂ ਲਈ ਇਸ ਵੇਲੇ ਗੰਨੇ ਦੇ ਭਾਅ ਦਾ ਮੁੱਦਾ ਸਭ ਤੋਂ ਅਹਿਮ ਹੈ। ਅਸੀਂ ਫਸਲਾਂ ਦੇ ਵਿਭਿੰਨਤਾ ਦੀ ਗੱਲ ਕਰਦੇ ਹਾਂ ਪਰ ਕਿਸਾਨਾਂ ਨੂੰ ਗੰਨੇ ਦਾ ਉਚਿੱਤ ਮੁੱਲ ਨਹੀਂ ਦਿੰਦੇ। ਪਿਛਲੇ 4 ਸਾਲ ਤੋਂ ਕਿਸਾਨਾਂ ਨੂੰ ਗੰਨੇ ਦਾ ਉਚਿੱਤ ਭਾਅ ਨਹੀਂ ਮਿਲ ਰਿਹਾ ਤਾਂ ਫਸਲੀ ਵਿਭਿੰਨਤਾ ਦਾ ਟੀਚਾ ਕਿਸ ਤਰ੍ਹਾਂ ਪੂਰਾ ਹੋਵੇਗਾ। ਮੈਂ ਬੈਠਕ ਵਿਚ ਇਸ ਮੁੱਦੇ ਉਤੇ ਗੱਲ ਕਰਨੀ ਸੀ ਪਰ ਜਦੋਂ ਪਤਾ ਲੱਗਾ ਕਿ ਬੈਠਕ ਵਿਚ ਮੁੱਖ ਮੰਤਰੀ ਨਹੀਂ ਆ ਰਹੇ ਤਾਂ ਮੈਨੂੰ ਮਾਯੂਸੀ ਹੋਈ। ਮੈਂ ਬ੍ਰਹਮ ਮਹਿੰਦਰਾ ਜੀ ਦਾ ਬਹੁਤ ਮਾਣ-ਸਨਮਾਨ ਕਰਦਾ ਹਾਂ, ਜਦੋਂ ਮੈਂ ਪਾਰਟੀ ਦਾ ਪ੍ਰਧਾਨ ਸੀ ਤਾਂ ਉਸ ਵੇਲੇ ਬ੍ਰਹਮ ਮਹਿੰਦਰਾ ਉਪ ਪ੍ਰਧਾਨ ਸਨ ਪਰ ਕਿਸਾਨਾਂ ਦੇ ਮੁੱਦੇ ਦਾ ਹੱਲ ਬ੍ਰਹਮ ਮਹਿੰਦਰਾ ਨਹੀਂ ਕਰ ਸਕਦੇ ਸਨ। ਉਸ ਦਾ ਹੱਲ ਸਿਰਫ ਮੁੱਖ ਮੰਤਰੀ ਕੋਲ ਹੀ ਸੀ।
ਸਵਾਲ- ਜੇ ਮੁੱਖ ਮੰਤਰੀ ਬੈਠਕ ਵਿਚ ਆਉਂਦੇ ਤਾਂ ਕੀ ਤੁਸੀਂ ਹਿੱਸਾ ਲੈਂਦੇ?
ਜਵਾਬ- ਹਾਂ ਮੈਂ 110 ਫੀਸਦੀ ਬੈਠਕ ਵਿਚ ਹਿੱਸਾ ਲੈਂਦਾ। ਮੈਂ ਤਾਂ ਹੁਣ ਵੀ ਇਹ ਪੇਸ਼ਕਸ਼ ਕੀਤੀ ਹੈ ਕਿ ਅਜੇ ਸੰਸਦ ਦੇ ਸੈਸ਼ਨ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ ਅਤੇ ਸੰਸਦ ਦਾ ਸੈਸ਼ਨ ਦਸੰਬਰ ਦੇ ਦੂਜੇ ਜਾਂ ਤੀਜੇ ਹਫਤੇ ਹੋਣ ਦੀ ਉਮੀਦ ਹੈ। ਇਸ ਲਈ ਮੁੱਖ ਮੰਤਰੀ ਦਾ ਦਫਤਰ ਇਕ ਵਾਰ ਫਿਰ ਸੂਬੇ ਦੇ ਸੰਸਦ ਮੈਂਬਰਾਂ ਦੀ ਬੈਠਕ ਬੁਲਾ ਸਕਦਾ ਹੈ ਅਤੇ ਸਾਰੇ ਐੱਮ. ਪੀ. ਉਸ ਵਿਚ ਹਿੱਸਾ ਲੈਣਗੇ। ਇਸ ਬੈਠਕ ਵਿਚ ਸਿਰਫ ਮੈਂ ਹੀ ਗੈਰ-ਹਾਜ਼ਰ ਨਹੀਂ ਸੀ। ਸ਼ਮਸ਼ੇਰ ਸਿੰਘ ਦੂਲੋ, ਅੰਬਿਕਾ ਸੋਨੀ ਅਤੇ ਰਵਨੀਤ ਸਿੰਘ ਬਿੱਟੂ ਵਰਗੇ ਸੰਸਦ ਮੈਂਬਰ ਵੀ ਬੈਠਕ ਵਿਚੋਂ ਗੈਰ-ਹਾਜ਼ਰ ਸਨ।
ਸਵਾਲ- ਇਸ ਵੇਲੇ ਸਿਧਾਂਤਕ ਤੌਰ ਉਤੇ ਕਿੰਨੇ ਕੁ ਸੰਸਦ ਮੈਂਬਰ ਅਤੇ ਵਿਧਾਇਕ ਤੁਹਾਡੇ ਨਾਲ ਹਨ?
ਜਵਾਬ- ਇਸ ਸਮੇਂ ਬਹੁ-ਗਿਣਤੀ ਲੋਕ ਸਾਡੇ ਨਾਲ ਹੀ ਹਨ।
ਸਵਾਲ-ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਇਕ ਹੋਰ ਪਾਰੀ ਖੇਡਣ ਦੀ ਗੱਲ ਕਹੀ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ- ਮੈਨੂੰ ਮੁੱਖ ਮੰਤਰੀ ਦੇ ਇਸ ਐਲਾਨ ਨਾਲ ਕੋਈ ਤਕਲੀਫ ਨਹੀਂ ਹੈ। ਮੁੱਖ ਮੰਤਰੀ ਨੇ ਖੁਦ ਹੀ ਕਿਹਾ ਸੀ ਕਿ ਮੇਰੀ ਇਹ ਆਖਰੀ ਪਾਰੀ ਹੈ। ਮੈਂ ਕੋਈ ਮੁੱਖ ਮੰਤਰੀ ਨੂੰ ਸਲਾਹ ਨਹੀਂ ਦਿੱਤੀ ਸੀ ਕਿ ਤੁਸੀਂ ਅਜਿਹਾ ਕਹੋ। ਨਾ ਹੀ ਮੁੱਖ ਮੰਤਰੀ ਨੇ ਮੇਰੇ ਕਹਿਣ ਉਤੇ ਅਜਿਹਾ ਐਲਾਨ ਕੀਤਾ ਸੀ। ਹੁਣ ਮੁੱਖ ਮੰਤਰੀ ਖੁਦ ਹੀ ਇਸ ਤੋਂ ਅੱਗੇ ਦੀ ਸਿਆਸਤ ਵਿਚ ਰਹਿਣ ਦੀ ਗੱਲ ਕਹਿ ਰਹੇ ਹਨ। ਮੈਂ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਰੱਬ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ। ਉਹ ਪੰਜਾਬ ਨੂੰ ਲੀਡ ਕਰਨ, ਸਾਨੂੰ ਉਨ੍ਹਾਂ ਤੋਂ ਕੋਈ ਤਕਲੀਫ ਨਹੀਂ ਹੈ। ਸਵਾਲ ਬਾਜਵਾ ਅਤੇ ਕੈਪਟਨ ਦਾ ਨਹੀਂ ਹੈ, ਸਵਾਲ ਸਾਡੇ ਵਲੋਂ ਲੋਕਾਂ ਨੂੰ ਦਿੱਤੀ ਗਈ ਜ਼ੁਬਾਨ ਦਾ ਹੈ। ਕੀ ਅਸੀਂ ਇਸ ਤੋਂ ਬਾਅਦ ਚੋਣਾਂ ਨਹੀਂ ਲੜਨੀਆਂ । ਅਸੀਂ 2019 ਜਾਂ 22 ਵਿਚ ਲੋਕਾਂ ਕੋਲ ਕਿਸ ਮੂੰਹ ਨਾਲ ਜਾਵਾਂਗੇ। ਕੈਪਟਨ ਸਾਹਿਬ ਨੇ ਖੁਦ ਹੀ ਕੁੱਝ ਦਿਨ ਪਹਿਲਾਂ ਕਿਹਾ ਹੈ ਕਿ 2007 ਵਿਚ ਜਦੋਂ ਅਕਾਲੀ ਦਲ ਨੇ ਸੂਬੇ ਦੀ ਕਮਾਨ ਸੰਭਾਲੀ ਤਾਂ ਉਸ ਵੇਲੇ ਪੰਜਾਬ ਸਿਰ ਸਿਰਫ 58 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਅਕਾਲੀ ਦਲ ਦੇ 10 ਸਾਲ ਦੇ ਰਾਜ ਵਿਚ ਉਹ ਕਰਜ਼ਾ ਵਧ ਕੇ 2 ਲੱਖ 8 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਮੈਂ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਟੈਕਸਦਾਤਾ ਦਾ ਪੈਸਾ ਲੁੱਟਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਤੇ ਡੇਢ ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹਾਇਆ, ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਸੂਬੇ ਦੀ ਅਰਥਵਿਵਸਥਾ ਨੂੰ ਲੈ ਕੇ ਇਕ ਵਾਈਟ ਪੇਪਰ ਲਿਆਉਣ ਦੀ ਗੱਲ ਕਹੀ ਸੀ, ਜਿਸ ਵਿਚ ਸੂਬੇ ਦੇ ਹਰ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਲਿਖਿਆ ਜਾਣਾ ਸੀ। ਮੈਂ ਕਹਿ ਰਿਹਾ ਹਾਂ ਕਿ ਹੁਣ ਉਹ ਵਾਈਟ ਪੇਪਰ ਲੈ ਕੇ ਆਓ।
ਸਵਾਲ-ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨਸ਼ਾ ਮਾਮਲੇ 'ਤੇ ਸਬੂਤਾਂ ਦੀ ਕਮੀ ਕਾਰਨ ਕਾਰਵਾਈ ਨਹੀਂ ਹੋ ਰਹੀ, ਕੀ ਤੁਸੀਂ ਵੀ ਚੋਣਾਂ ਤੋਂ ਪਹਿਲਾਂ ਬਿਨਾਂ ਤੱਥਾਂ ਦੇ ਹੀ ਦੋਸ਼ ਲਗਾਉਂਦੇ ਰਹੇ?
ਜਵਾਬ- ਮੈਂ ਬਿਲਕੁਲ ਤੱਥਾਂ ਦੇ ਆਧਾਰ ਉਤੇ ਗੱਲ ਕਰ ਰਿਹਾ ਹਾਂ। ਡੇਢ ਲੱਖ ਕਰੋੜ ਰੁਪਏ ਦਾ ਵਧਿਆ ਕਰਜ਼ਾ ਇਕ ਵੱਡਾ ਤੱਥ ਹੈ। ਜਿੱਥੋਂ ਤਕ ਬਿਕਰਮ ਸਿੰਘ ਮਜੀਠੀਆ ਦੀ ਗੱਲ ਹੈ, ਮਜੀਠੀਆ ਨਾਲ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈ ਪਰ ਜਗਦੀਸ਼ ਸਿੰਘ ਭੋਲਾ, ਬਿੱਟੂ ਔਲਖ ਅਤੇ ਚਹਿਲ ਨੇ ਕੇਂਦਰ ਦੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਮਜੀਠੀਆ ਖਿਲਾਫ ਬਿਆਨ ਦਿੱਤੇ ਹਨ। ਇਹ ਬਿਆਨ ਸੀ.ਆਰ. ਪੀ. ਸੀ. ਦੀ ਧਾਰਾ 164 ਦੇ ਤਹਿਤ ਮਜੀਠੀਆ ਖਿਲਾਫ ਕਾਰਵਾਈ ਕਰਨ ਲਈ ਕਾਫੀ ਹਨ ਕਿਉਂਕਿ ਈ. ਡੀ. ਨੂੰ ਦਿੱਤੇ ਗਏ ਇਹ ਬਿਆਨ ਮੈਜਿਸਟ੍ਰੇਟ ਸਾਹਮਣੇ ਦਿੱਤੇ ਗਏ ਬਿਆਨ ਬਰਾਬਰ ਹਨ। ਹੋਰ ਕੀ ਤੱਥ ਅਤੇ ਸਬੂਤ ਚਾਹੀਦੇ ਹਨ।ਜੇ ਤੁਸੀਂ ਕਿਸੇ ਖਿਲਾਫ ਕਾਰਵਾਈ ਕਰੋਗੇ ਤਾਂ ਹੀ ਸਬੂਤ ਸਾਹਮਣੇ ਆਉਣੇ ਸ਼ੁਰੂ ਹੋਣਗੇ। ਜਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ ਸਨ, ਮਾਲਵੇ ਵਿਚ ਅੱਜ ਵੀ ਸੈਂਕੜੇ ਗਰੀਬ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਮੈਂ ਉਸ ਵੇਲੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ। ਉਸ ਸਮੇਂ ਇਨ੍ਹਾਂ ਨੇ ਨਰਮੇ ਦਾ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਕਿਸਾਨਾਂ ਨੂੰ ਵੇਚੀਆਂ, ਉਸ ਫੈਸਲੇ ਉਤੇ ਤੋਤਾ ਸਿੰਘ ਦੇ ਬਤੌਰ ਮੰਤਰੀ ਹਸਤਾਖਰ ਸਨ। ਉਨ੍ਹਾਂ ਦਵਾਈਆਂ ਨਾਲ ਚਿੱਟੀ ਮੱਖੀ ਨਹੀਂ ਮਰੀ, ਜਿਸ ਨਾਲ ਲੱਖਾਂ ਏਕੜ ਨਰਮੇ ਦੀ ਫਸਲ ਤਬਾਹ ਹੋਈ। ਉਸ ਸਮੇਂ ਦੇ ਖੇਤੀਬਾੜੀ ਵਿਭਾਗ ਦੇ ਮੁਖੀ ਬੀ. ਐੱਸ. ਸੰਧੂ 2 ਮਹੀਨੇ ਜੇਲ ਵਿਚ ਰਹੇ। ਅਕਾਲੀ ਦਲ ਦੀ ਸਰਕਾਰ ਵਿਚ ਖੇਤੀਬਾੜੀ ਮੁਖੀ ਤਾਂ 2 ਮਹੀਨੇ ਜੇਲ ਵਿਚ ਰਹਿੰਦਾ ਹੈ ਪਰ ਜਿਹੜਾ ਖੇਤੀਬਾੜੀ ਮੰਤਰੀ ਇਸ ਫੈਸਲੇ ਉਤੇ ਹਸਤਾਖਰ ਕਰਦਾ ਹੈ ਉਸ ਮੰਤਰੀ ਨੂੰ ਤਾਂ ਕੋਈ ਪੁੱਛਦਾ ਨਹੀਂ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੋਤਾ ਸਿੰਘ ਅੱਜ ਬਾਹਰ ਕਿਉਂ ਹੈ? ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਤੇ 31 ਹਜ਼ਾਰ ਕਰੋੜ ਰੁਪਏ ਦਾ ਅਨਾਜ ਘੁਟਾਲਾ ਕਰਨ ਦੇ ਕਾਂਗਰਸ ਵਲੋਂ ਦੋਸ਼ ਲਗਾਏ ਗਏ, ਮੈਂ ਖੁਦ ਇਸ ਮਾਮਲੇ ਵਿਚ ਸੁਪਰੀਮ ਕੋਰਟ ਗਿਆ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਉਹ ਮੋਟਰਸਾਈਕਲ ਮੀਡੀਆ ਨੂੰ ਦਿਖਾਏ, ਜਿਹੜੇ ਮੋਟਰਸਾਈਕਲ ਮਾਲ ਢੋਣ ਲਈ ਵਰਤੇ ਗਏ ਟਰੱਕਾਂ ਦੇ ਤੌਰ ਉਤੇ ਦਿਖਾਏ ਗਏ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ।
ਸਵਾਲ-ਜਿਹੜੇ ਸਬੂਤ ਤੁਹਾਨੂੰ ਨਜ਼ਰ ਆ ਰਹੇ ਹਨ ਉਹ ਮੁੱਖ ਮੰਤਰੀ ਨੂੰ ਨਜ਼ਰ ਕਿਉਂ ਨਹੀਂ ਆਉਂਦੇ?
ਜਵਾਬ- ਇਹ ਤਾਂ ਹੁਣ ਮੁੱਖ ਮੰਤਰੀ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਨੂੰ ਸਬੂਤ ਕਿਉਂ ਨਹੀਂ ਨਜ਼ਰ ਆ ਰਹੇ। ਨਵਜੋਤ ਸਿੰਘ ਸਿੱਧੂ ਵੀ ਕਹਿ ਰਹੇ ਹਨ ਅਤੇ ਪੰਜਾਬ ਦੇ ਚਾਰ ਸੀਨੀਅਰ ਆਗੂ ਵੀ ਕਹਿ ਰਹੇ ਹਨ, ਵਿਧਾਇਕ ਵੀ ਚਿੱਠੀ ਲਿਖ ਰਹੇ ਹਨ ਪਰ ਕੋਈ ਕਾਰਵਾਈ ਤਾਂ ਹੋਣੀ ਚਾਹੀਦੀ ਹੈ।
ਸਵਾਲ- ਤੁਸੀਂ ਕੈਬਨਿਟ ਦਾ ਵਿਸਥਾਰ ਕਰਨ ਦੀ ਗੱਲ ਕਹੀ ਹੈ। ਕੀ ਮੌਜੂਦਾ ਸਿਆਸਤ ਵਿਸਥਾਰ ਨੂੰ ਲੈ ਕੇ ਤਾਂ ਨਹੀਂ ਹੋ ਰਹੀ?
ਜਵਾਬ- ਮੈਂ ਤਾਂ ਸਿਰਫ ਇਹ ਸਿਫਾਰਿਸ਼ ਕੀਤੀ ਹੈ ਤਾਂ ਕਿ ਸੂਬੇ ਦੇ ਸਾਰੇ ਜ਼ਿਲਿਆਂ ਨੂੰ ਕੈਬਨਿਟ ਵਿਚ ਪ੍ਰਤੀਨਿਧਤਾ ਮਿਲ ਸਕੇ ਅਤੇ ਵਿਭਾਗਾਂ ਦਾ ਕੰਮ ਹੋਰ ਆਸਾਨ ਹੋ ਸਕੇ। ਇਸ ਸਮੇਂ ਮੁੱਖ ਮੰਤਰੀ ਕੋਲ ਬਹੁਤ ਸਾਰੇ ਵਿਭਾਗ ਹਨ। ਇਨ੍ਹਾਂ ਵਿਭਾਗਾਂ ਨੂੰ ਮੰਤਰੀ ਮਿਲ ਜਾਣ ਨਾਲ ਮੁੱਖ ਮੰਤਰੀ ਤੋਂ ਬੋਝ ਘਟੇਗਾ ਅਤੇ ਉਹ ਬਿਹਤਰ ਤਰੀਕੇ ਨਾਲ ਸੂਬੇ ਦੇ ਹਿੱਤ ਵਿਚ ਕੰਮ ਕਰ ਸਕਣਗੇ।
ਸਵਾਲ- ਕੀ ਤੁਹਾਡੇ ਹਿੱਤ ਵਾਲੇ ਕੁੱਝ ਵਿਧਾਇਕ ਵੀ ਕੈਬਨਿਟ ਵਿਸਥਾਰ ਵਿਚ ਮੰਤਰੀ ਬਣਨਾ ਚਾਹੁੰਦੇ ਹਨ?
ਜਵਾਬ- ਮੇਰੇ ਹਿੱਤ ਵਾਲੇ ਮੰਤਰੀ ਪਹਿਲੀ ਵਾਰ ਹੀ ਚੁਣੇ ਗਏ ਹਨ। ਮੈਨੂੰ 6 ਟਿਕਟਾਂ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿਚੋਂ 5 ਵਿਧਾਇਕ ਚੁਣੇ ਗਏ, ਉਨ੍ਹਾਂ ਨੂੰ ਪਹਿਲਾਂ ਹੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ। ਇਸ ਲਈ ਮੇਰਾ ਕੋਈ ਹਿੱਤ ਨਹੀਂ ਹੈ।
ਸਵਾਲ- ਤੁਸੀਂ ਨਗਰ ਨਿਗਮ ਚੋਣਾਂ ਦੌਰਾਨ ਵੀ ਪਾਰਟੀ ਲਈ ਮਿਹਨਤ ਕਰੋਗੇ?
ਜਵਾਬ- ਹਾਂ ਮੈਂ ਪੂਰੀ ਤਨਦੇਹੀ ਨਾਲ ਮਿਹਨਤ ਕਰਾਂਗਾ। ਮੈਂ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਵੀ ਮਿਹਨਤ ਕੀਤੀ ਹੈ। ਮੇਰੇ ਆਪਣੇ ਹਲਕੇ ਵਿਚੋਂ ਸੁਨੀਲ ਜਾਖੜ ਨੂੰ 27000 ਦੀ ਲੀਡ ਮਿਲੀ ਹੈ। ਵਿਧਾਨ ਸਭਾ ਚੋਣਾਂ ਵਿਚ ਇਹ ਲੀਡ 12 ਹਜ਼ਾਰ ਸੀ।
ਸਵਾਲ- ਅਕਾਲੀ ਦਲ ਤੋਂ ਆਏ ਮਨਪ੍ਰੀਤ ਵਿੱਤ ਮੰਤਰੀ, ਭਾਜਪਾ ਤੋਂ ਆਏ ਨਵਜੋਤ ਸਿੱਧੂ ਵੀ ਕੈਬਨਿਟ ਮੰਤਰੀ ਪਰ ਪਾਰਟੀ ਦੇ ਪੁਰਾਣੇ ਆਗੂ ਬਾਜਵਾ ਹਾਸ਼ੀਏ ਉਤੇ ਕਿਉਂ ਹਨ?
ਜਵਾਬ- ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੁਰਬਾਨੀਆਂ ਹਮੇਸ਼ਾ ਵਫਾਦਾਰਾਂ ਨੂੰ ਹੀ ਦੇਣੀਆਂ ਪੈਂਦੀਆਂ ਹਨ। 'ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈ ਅਭੀ ਇਸ਼ਕ ਕੇ ਇੰਤਹਾ ਔਰ ਭੀ ਹੈ' ਪਾਰਟੀ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਪਾਰਟੀ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।
ਸਵਾਲ-ਕੀ ਬਾਜਵਾ ਇਸ ਵਿਰੋਧ ਪਿੱਛੇ ਕਿਸੇ ਤਰ੍ਹਾਂ ਦੇ ਸਿਆਸੀ ਫਾਇਦੇ ਦੀ ਉਮੀਦ ਤਾਂ ਨਹੀਂ ਕਰ ਰਹੇ?
ਜਵਾਬ- ਨਾ ਮੈਂ ਕਦੇ ਕਿਸੇ ਫਾਇਦੇ ਦੀ ਉਮੀਦ ਰੱਖੀ ਹੈ ਅਤੇ ਨਾ ਹੀ ਮੈਂ ਰੱਖਦਾ ਹਾਂ। ਫਾਇਦਾ ਨੁਕਸਾਨ ਪ੍ਰਮਾਤਮਾ ਦੇ ਹੱਥ ਵਿਚ ਹੈ। ਜੋ ਤੁਹਾਡੇ ਮੱਥੇ ਦੀ ਲਕੀਰ ਉਤੇ ਲਿਖਿਆ ਹੈ ਉਸ ਤੋਂ ਨਾ ਤਾਂ ਤੁਹਾਨੂੰ ਵੱਧ ਮਿਲ ਸਕਦਾ ਹੈ ਨਾ ਹੀ ਘੱਟ।
ਸਵਾਲ- ਤੁਸੀਂ ਫਗਵਾੜਾ ਵਿਚ ਗੰਨਾ ਕਿਸਾਨਾਂ ਦੇ ਹੱਕ ਵਿਚ ਧਰਨਾ ਮਾਰਿਆ ਸੀ, ਹੁਣ ਤੁਸੀਂ ਉਨ੍ਹਾਂ ਦੇ ਹੱਕ ਕਿਉਂ ਨਹੀਂ ਦਿਵਾ ਰਹੇ?
ਜਵਾਬ- ਮੈਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਨ੍ਹਾਂ ਕਿਸਾਨਾਂ ਦੀਆਂ ਵੋਟਾਂ ਦੇ ਸਿਰ ਉਤੇ ਮੰਤਰੀ ਅਤੇ ਵਿਧਾਇਕ ਬਣੇ ਹੋ। ਲਿਹਾਜ਼ਾ ਤੁਸੀਂ ਸਾਰੇ ਜਣੇ ਮਿਲ ਕੇ ਮੁੱਖ ਮੰਤਰੀ ਕੋਲ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਓ । ਪੰਜਾਬ ਦਾ 70 ਫੀਸਦੀ ਗੰਨਾ 7 ਪ੍ਰਾਈਵੇਟ ਮਿੱਲਾਂ ਪੀੜ ਰਹੀਆਂ ਹਨ। ਇਨ੍ਹਾਂ ਮਿੱਲਾਂ ਨੂੰ 12 ਤੋਂ 13 ਰੁਪਏ ਪ੍ਰਤੀ ਕਿਲੋ ਮੁਨਾਫਾ ਹੋ ਰਿਹਾ ਹੈ। ਸਾਡੇ ਕਿਸਾਨਾਂ ਕੋਲੋਂ ਜਿਹੜਾ ਕੱਚਾ ਮਾਲ ਜਾ ਰਿਹਾ ਹੈ, ਉਹ 285 ਤੋਂ ਲੈ ਕੇ 300 ਰੁਪਏ ਪ੍ਰਤੀ ਕੁਇੰਟਲ ਜਾ ਰਿਹਾ ਹੈ। ਮਿੱਲਾਂ ਨੂੰ ਖੰਡ 28 ਤੋਂ 30 ਰੁਪਏ ਕਿਲੋ ਪੈਂਦੀ ਹੈ ਅਤੇ ਇਹ 41 ਰੁਪਏ ਕਿਲੋ ਵੇਚ ਰਹੇ ਹਨ। ਹਰ ਸ਼ੂਗਰ ਮਿੱਲ ਹਜ਼ਾਰਾਂ ਕੁਇੰਟਲ ਗੰਨਾ ਰੋਜ਼ ਪੀੜਦੀ ਹੈ। ਇਸ ਤੋਂ ਇਲਾਵਾ ਮਿੱਲਾਂ ਵਾਲਿਆਂ ਕੋਲ ਪਾਵਰ ਪਲਾਂਟ ਹਨ, ਵਧੇਰੇ ਮਿੱਲਾਂ ਕੋਲ ਆਪਣੀਆਂ ਸ਼ਰਾਬ ਦੀਆਂ ਫੈਕਟਰੀਆਂ ਹਨ। ਇਨ੍ਹਾਂ ਵਿਚੋਂ ਸੀਰਾ ਵੀ ਨਿਕਲਦਾ ਹੈ ਅਤੇ ਖਲ ਵੀ ਬਣਦੀ ਹੈ। ਹਾਲਾਂਕਿ ਪ੍ਰਾਈਵੇਟ ਮਿੱਲਰ ਪਾਕਿਸਤਾਨ ਵਲੋਂ ਆ ਰਹੀ ਖੰਡ ਨੂੰ ਰੋਕਣ ਦੀ ਮੰਗ ਕਰ ਰਹੇ ਹਨ ਅਤੇ ਮੈਂ ਵੀ ਮੁੱਖ ਮੰਤਰੀ ਤੋਂ ਮੰਗ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਨਾਲ ਇਸ ਬਾਰੇ ਗੱਲ ਕਰਨ ਅਤੇ ਪਾਕਿਸਤਾਨ ਤੋਂ ਖੰਡ ਦੀ ਬਰਾਮਦ ਰੋਕੀ ਜਾਵੇ।
ਸਵਾਲ- ਕੀ 2019 ਦੀਆਂ ਚੋਣਾਂ 'ਚ ਪੰਜਾਬ ਵਿਚ ਵਾਪਸੀ ਕਰੋਗੇ?
ਜਵਾਬ- ਮੇਰੀ ਰਾਜ ਸਭਾ ਦੀ ਟਰਮ 2022 ਤੱਕ ਹੈ ਅਤੇ 2022 ਵਿਚ ਹੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਣੀ ਹੈ। ਲਿਹਾਜ਼ਾ ਮੈਂ ਰਾਜ ਸਭਾ ਦੀ ਟਰਮ ਖਤਮ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਦੁਬਾਰਾ ਸਰਗਰਮ ਹੋਵਾਂਗਾ ਅਤੇ 2019 ਦੀ ਲੋਕ ਸਭਾ ਚੋਣ ਲੜਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ।


Related News