ਵੱਡੀ ਖ਼ਬਰ : ਪੰਜਾਬ ਵਿਚ ਹੋਰ 24 ਘੰਟਿਆਂ ਲਈ ਬੰਦ ਰਹੇਗਾ ਇੰਟਰਨੈੱਟ
Sunday, Mar 19, 2023 - 06:23 PM (IST)
ਜਲੰਧਰ : ਪੰਜਾਬ ਵਿਚ ਬੰਦ ਕੀਤੀ ਗਈ ਇੰਟਰਨੈੱਟ ਅਤੇ ਐੱਸ. ਐੱਮ. ਐੱਸ. ਸੇਵਾ ਦੀ ਮਿਆਦ ਹੋਰ 24 ਘੰਟਿਆਂ ਲਈ ਵਧਾ ਦਿੱਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਸੋਮਵਾਰ ਦੁਪਹਿਰ 12 ਵਜੇ ਤਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਪੰਜਾਬ ਵਿਚ ਪਹਿਲਾਂ ਐਤਵਾਰ 12 ਵਜੇ ਤਕ ਇੰਟਰਨੈੱਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅਹਿਤਿਆਤ ਵਜੋਂ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਹੋਰ 24 ਘੰਟਿਆਂ ਲਈ ਇੰਟਰਨੈੱਟ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਕਈ ਜ਼ਿਲ੍ਹਿਆਂ ਦੀ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਪਾਇਆ ਘੇਰਾ, 6 ਨੂੰ ਲਿਆ ਹਿਰਾਸਤ ਵਿਚ
ਕਈ ਜ਼ਿਲ੍ਹਿਆਂ ਵਿਚ ਧਾਰਾ 144 ਲਾਗੀ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ ਕਾਰਵਾਈ ਕਰਨ ਲਈ 8 ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀ, ਬੁਲਟ ਪਰੂਫ ਗੱਡੀਆਂ ਤੇ ਦੰਗਾ ਵਿਰੋਧੀ ਟੀਮਾਂ ਆਧੁਨਿਕ ਹਥਿਆਰਾਂ ਸਮੇਤ ਪਹੁੰਚੀਆਂ। ਪੁਲਸ ਅਧਿਕਾਰੀਆਂ ਨੇ ਗੁਪਤ ਤਰੀਕੇ ਨਾਲ ਕਾਰਵਾਈ ਚਲਾਉਂਦੇ ਹੋਏ ਗ੍ਰਿਫਤਾਰੀਆਂ ਕੀਤੀਆਂ। ਸੁਰੱਖਿਆ ਦੇ ਮੱਦੇਨਜ਼ਰ ਸ਼ਾਹਕੋਟ ਥਾਣੇ ਦੇ ਗੇਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਆਪਰੇਸ਼ਨ ਦੌਰਾਨ ਪੂਰੇ ਪੰਜਾਬ ਵਿਚ ਮੋਬਾਈਲ ਇੰਟਰਨੈਟ ਤੋਂ ਬਾਅਦ ਐੱਸ. ਐੱਮ. ਐੱਸ. ਸੇਵਾ ਅਤੇ ਡੋਂਗਲ ਸੇਵਾ ਬੰਦ ਕਰ ਦਿੱਤੀ ਗਈ। ਇਨ੍ਹਾਂ ਸੇਵਾਵਾਂ ਨੂੰ ਪਹਿਲਾਂ 19 ਮਾਰਚ ਦੁਪਹਿਰ 12 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਬਾਅਦ ਇਨ੍ਹਾਂ ਦੀ ਮਿਆਦ 20 ਮਾਰਚ ਦੁਪਹਿਰ 12 ਵਜੇ ਤਕ ਵਧਾ ਦਿੱਤੀ ਗਈ। ਇਸ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ’ਤੇ ਕਾਰਵਾਈ ਤੋਂ ਬਾਅਦ ਜੇਲ੍ਹਾਂ ’ਚ ਵੀ ਵੱਡਾ ਐਕਸ਼ਨ
ਪਹਿਲਾਂ ਗ੍ਰਿਫ਼ਤਾਰੀ ਦੀ ਸੂਚਨਾ
ਸ਼ਨੀਵਾਰ ਨੂੰ ਜਦੋਂ ਪੁਲਸ ਨੇ ਅੰਮ੍ਰਿਤਪਾਲ ਸਿੰਘ ’ਤੇ ਵੱਡੀ ਕਾਰਵਾਈ ਕੀਤੀ ਤਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਬਾਅਦ ਦੁਪਹਿਰ ਅੰਮ੍ਰਿਤਪਾਲ ਸਿੰਘ ਨੂੰ ਸ਼ਾਹਕੋਟ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਅੰਮ੍ਰਿਤਪਾਲ ਪੁਲਸ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਹੈ। ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਵੱਡੇ ਪੱਧਰ ’ਤੇ ਪੰਜਾਬ ਭਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਵਲੋਂ ਪੰਜਾਬ ਭਰ ਵਿਚ ਨਾਕੇਬੰਦੀ ਕੀਤੀ ਗਈ ਹੈ। ਇਹ ਵੀ ਖ਼ਬਰ ਹੈ ਕਿ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ ਹੋਰ ਸਮਰਥਕਾਂ ਨੂੰ ਰਾਊਂਡਅਪ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਮੁਕਤਸਰ ਸਾਹਿਬ ’ਚ ਧਾਰਾ 144 ਲਾਗੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।