ਪੰਜਾਬ ਦੇ 4 ਜ਼ਿਲਿਆਂ 'ਚ ਕੱਲ੍ਹ ਤੱਕ ਬੰਦ ਰਹਿਣਗੀਆਂ ਇੰਟਰਨੈੱਟ ਸੇਵਾਵਾਂ

04/15/2018 4:01:11 PM

ਜਲੰਧਰ/ਫਗਵਾੜਾ— ਬੀਤੇ ਦਿਨਾਂ ਤੋਂ ਫਗਵਾੜਾ 'ਚ ਚੱਲ ਰਹੇ ਵਿਵਾਦ ਦੇ ਕਾਰਨ ਪੰਜਾਬ ਦੇ 4 ਜ਼ਿਲਿਆਂ 'ਚ ਹੁਣ ਕੱਲ੍ਹ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਪੰਜਾਬ ਸਰਕਾਰ ਵੱਲੋਂ ਦੋਆਬਾ ਦੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਫਗਵਾੜਾ 'ਚ ਸ਼ਾਮ 5 ਵਜੇ ਤੋਂ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਇਸ ਦਾ ਸਮਾਂ 24 ਘੰਟੇ ਹੋਰ ਵਧਾ ਦਿੱਤਾ ਗਿਆ ਹੈ, ਜਿਸ ਦੇ ਕਾਰਨ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਹੁਣ ਸੋਮਵਾਰ ਸ਼ਾਮ ਤੱਕ ਬੰਦ ਰਹਿਣਗੀਆਂ।
ਦੱਸਣਯੋਗ ਹੈ ਕਿ ਫਗਵਾੜਾ ਦੇ ਗੋਲ ਚੌਕ 'ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ ਸ਼ਿਵਸੈਨਾ ਅਤੇ ਦਲਿਤ ਸੰਗਠਨਾਂ 'ਚ ਹੋਏ ਹਿੰਸਕ ਸੰਘਰਸ਼ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਫਗਵਾੜਾ 'ਚ ਹਾਲਾਤ ਅਜੇ ਵੀ ਕਰਫਿਊ ਵਰਗੇ ਬਣੇ ਹੋਏ ਹਨ। ਭਾਰੀ ਗਿਣਤੀ 'ਚ ਇਥੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 4 ਜ਼ਿਲੇ ਜਲੰਧਰ, ਫਗਵਾੜਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ 'ਚ ਅਗਲੇ 24 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾਵਾਂ ਅਤੇ ਮੈਸੇਜ ਸੇਵਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।


Related News