ਭਾਰਤੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਅਦਾਲਤ ਨੇ ਕੀਤਾ ਬਰੀ
Tuesday, Dec 04, 2018 - 05:41 PM (IST)
ਤਰਨਤਾਰਨ (ਵਿਜੇ ਕੁਮਾਰ) : ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਅਤੇ ਅੰਤਰਰਾਸ਼ਟਰੀ ਖਿਡਾਰੀ ਬਚਿੱਤਰ ਸਿੰਘ ਢਿੱਲੋਂ ਨੂੰ ਤਰਨਤਾਰਨ ਦੀ ਮਾਣਯੋਗ ਜ਼ਿਲਾ ਐਡੀਸ਼ਨਲ ਜੱਜ ਸ਼੍ਰੀ ਬਿਸ਼ਨ ਸਰੂਪ ਦੀ ਅਦਾਲਤ ਨੇ ਸਾਰੇ ਹੀ ਕੇਸਾਂ 'ਚੋਂ ਬਾਇਜ਼ੱਤ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ 8 ਜੁਲਾਈ 2015 'ਚ ਬਚਿੱਤਰ ਸਿੰਘ 'ਤੇ ਇਰਾਦਾ ਕਤਲ ਅਤੇ ਦਾਜ ਵਰਗੀਆਂ ਹੋਰ ਧਾਰਾਵਾਂ ਹੇਠ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਦਰਜ ਕਰਵਾਏ ਗਏ ਸਨ। ਇਹ ਸਾਰੇ ਮਾਮਲੇ ਉਨ੍ਹਾਂ ਦੀ ਪਹਿਲੀ ਪਤਨੀ ਵਲੋਂ ਕਰਵਾਏ ਗਏ ਸਨ, ਜੋ ਕਿ ਐੱਸ. ਡੀ. ਐੱਮ. ਦੀ ਕੁਰਸੀ 'ਤੇ ਤੈਨਾਤ ਸੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਚਿੱਤਰ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਈਟਸ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਰਿਸ਼ਵਤਖੋਰੀ 'ਤੇ ਵੱਧ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਵੀ ਵਿੱਢੀ ਸੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ , ਜਿਸ ਦੇ ਸਿੱਟੇ ਵਜੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਨਾਮ 'ਚ ਪਰਚਿਆਂ ਦੀ ਪੰਡ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਨੂੰ ਬਰੀ ਤਾਂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਉਨ੍ਹਾਂ ਦੀ ਜਿੱਤ ਜ਼ਰੂਰ ਹੋਵੇਗੀ।
ਇਸ ਮੌਕੇ ਬਚਿੱਤਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ ਹੈ। ਬਚਿੱਤਰ ਸਿੰਘ ਢਿੱਲੋਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜੇਕਰ ਖਿਡਾਰੀ ਆਂ ਨੂੰ ਤਿਆਰ ਨਹੀਂ ਕਰ ਸਕਦੇ ਤਾਂ ਜਿਹੜੇ ਨੌਜਵਾਨ ਖਿਡਾਰੀ ਬਣ ਚੁੱਕੇ ਹਨ, ਉਨ੍ਹਾਂ ਦਾ ਕੈਰੀਅਰ ਝੂਠੇ ਪਰਚੇ ਕਰਕੇ ਖਰਾਬ ਨਾ ਕਰਨ। ਉਨ੍ਹਾਂ ਦੱਸਿਆ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।
