ਨਕੋਦਰ ਦੀਆਂ ਸੰਗਤਾਂ ਨੂੰ 550 ਸਾਲਾ ਨਗਰ ਕੀਰਤਨ ਦੇ ਨਹੀਂ ਹੋਣਗੇ ਦਰਸ਼ਨ

11/03/2019 1:31:12 PM

ਨਕੋਦਰ (ਪਾਲੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ 1 ਅਗਸਤ ਤੋਂ ਆਰੰਭ ਹੋਇਆ ਸੀ। ਇਹ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਇਤਿਹਾਸਕ ਅਸਥਾਨਾਂ ਅਤੇ ਸ਼ਹਿਰਾਂ 'ਚੋਂ ਹੁੰਦਾ ਹੋਇਆ 3 ਨਵੰਬਰ ਨੂੰ ਇਤਿਹਾਸਕ ਸ਼ਹਿਰ ਨਕੋਦਰ ਪੁੱਜਣ ਦੀ ਸੰਭਾਵਨਾ ਸੀ ਪਰ ਇਸ ਦਾ ਰੂਟ ਬਦਲ ਦਿੱਤਾ ਗਿਆ ਹੈ, ਇਸ ਕਾਰਨ ਹੁਣ ਇਥੋਂ ਦੀਆਂ ਸੰਗਤਾਂ ਨੂੰ ਉਕਤ ਨਗਰ ਕੀਰਤਨ ਦੇ ਦਰਸ਼ਨ ਨਹੀਂ ਹੋਣਗੇ ਅਤੇ ਇਸ ਦੇ ਨਾਲ ਹੀ ਇਹ ਚਰਚਾ ਛਿੜ ਗਈ ਹੈ ਕਿ ਰੂਟ ਬਦਲਣ ਦਾ ਕਾਰਨ ਪ੍ਰਬੰਧਕ ਕਮੇਟੀ ਦੀ ਇਸ ਸ਼ਹਿਰ ਅਤੇ ਇਲਾਕੇ ਪ੍ਰਤੀ ਬੇਰੁਖੀ ਜਾਂ ਫਿਰ ਇਲਾਕੇ ਦੀਆਂ ਟੁੱਟੀਆਂ ਸੜਕਾਂ ਹਨ।

ਜਾਣਕਾਰੀ ਅਨੁਸਾਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦਾ ਹੋਇਆ ਨਕੋਦਰ ਪਹੁੰਚਣਾ ਸੀ ਪਰ ਰਸਤੇ 'ਚ ਸੰਗਤਾਂ ਦੇ ਵੱਡੇ ਉਤਸ਼ਾਹ ਕਾਰਨ ਇਹ ਆਪਣੇ ਮਿੱਥੇ ਸਮੇਂ ਤੋ ਲੇਟ ਹੋਣ ਕਾਰਨ ਹੁਣ ਇਹ ਨਗਰ ਕੀਰਤਨ ਜਲੰਧਰ ਦੇ ਇੰਡਸਟਰੀਅਲ ਏਰੀਏ 'ਚ ਪਹੁੰਚੇਗਾ, ਜਿਸ ਸਬੰਧੀ ਜਲੰਧਰ ਅਤੇ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਨਗਰ ਕੀਰਤਨ 3 ਨਵੰਬਰ ਨੂੰ ਤਰਨਤਰਨ ਤੋਂ ਇੰਡਸਟ੍ਰੀਅਲ ਏਰੀਆ ਜਲ਼ੰਧਰ ਵਿਖੇ ਗੁਰੂਦੁਆਰਾ ਸ੍ਰੀ ਸਿੰਘ ਸਭਾ ਵਿਖੇ ਪਹੁੰਚੇਗਾ ਅਤੇ ਰਾਤ ਨੂੰ ਵਿਸ਼ਰਾਮ ਕਰਨ ਉਪਰੰਤ 4 ਨਵੰਬਰ ਨੂੰ ਸਵੇਰੇ 8 ਵਜੇ ਉਸੇ ਗੁਰੂਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਜਲੰਧਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਅਗਲੇ ਪੜਾਅ ਕਪੂਰਥਲਾ ਵੱਲ ਰਵਾਨਾ ਹੋਣ ਉਪਰੰਤ 5 ਨਵੰਬਰ ਨੂੰ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੂਰਨ ਹੋਵੇਗਾ। ਇਲਾਕੇ ਦੀਆਂ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਥੋਂ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਤੋਂ ਮੰਗ ਕੀਤੀ ਕਿ ਇਤਿਹਾਸਕ ਸ਼ਹਿਰ ਨਕੋਦਰ ਅਤੇ ਇਲਾਕੇ ਨੂੰ ਅਣਗੌਲਿਆਂ ਨਾਂ ਜਾਵੇ ਅਤੇ ਨਗਰ ਕੀਰਤਨ ਦੇ ਨਕੋਦਰ ਸ਼ਹਿਰ ਅਤੇ ਨਾਲ ਲੱਗਦੇ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਉਕਤ ਨਗਰ ਕੀਰਤਨ ਨਕੋਦਰ ਸ਼ਹਿਰ 'ਚ ਜ਼ਰੂਰ ਲਿਆਂਦਾ ਜਾਵੇ।

ਨਕੋਦਰ ਇਲਾਕੇ 'ਚ ਨਗਰ ਕੀਰਤਨ ਨਾਂ ਆਉਣ ਕਾਰਣ ਸੰਗਤਾਂ ਦੀ ਸ਼ਰਧਾ ਭਾਵਨਾ ਨੂੰ ਪਹੁੰਚੀ ਠੇਸ
ਗੁਰੂਦੁਆਰਾ ਸ੍ਰੀ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਲਸ਼ਕਰ ਸਿੰਘ, ਬਲਿਹਾਰ ਸਿੰਘ ਬੈਂਸ, ਅਵਤਾਰ ਸਿੰਘ ਆਦਿ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਚੱਲੇ ਇਤਿਹਾਸਕ ਅੰਤਰ ਰਾਸ਼ਟਰੀ ਨਗਰ ਕੀਰਤਨ ਦੇ ਦਰਸ਼ਨ ਸੰਗਤਾਂ ਦੀ ਜ਼ਿੰਦਗੀ ਦਾ ਸਭ ਤੋ ਸੁਭਾਗਾ ਸਮਾਂ ਸੀ ਪਰ ਉਕਤ ਨਗਰ ਕੀਰਤਨ ਦਾ ਨਕੋਦਰ 'ਚ ਨਾਂ ਪੁੱਜਣ ਕਾਰਣ ਇਲਾਕੇ ਦੀਆਂ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੀਆਂ ਸ਼ਰਧਾ-ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ।      

ਬਾਬੇ ਨਾਨਕ ਦੇ ਨਾਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ : ਬਰਾੜ
ਇਸ ਸਬੰਧੀ ਵਿਧਾਇਕ ਅਤੇ ਹਲਕਾ ਇੰਚਾਰਜ ਨਕੋਦਰ ਜਗਬੀਰ ਸਿੰਘ ਬਰਾੜ ਚੇਅਰਮੈਨ ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਕਿਹਾ ਕਿ ਇਹ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰ ਰਾਸ਼ਟਰੀ ਨਗਰ ਕੀਰਤਨ ਹੈ, ਇਸ ਦਾ ਰੂਟ ਪਹਿਲਾ ਹੀ ਤਹਿ ਸੀ ਕਿ ਇਹ ਕਿਹੜੇ-ਕਿਹ਼ੜੇ ਸੂਬੇ ਅਤੇ ਸ਼ਹਿਰ 'ਚ ਜਾਵੇਗਾ। ਨਕੋਦਰ ਇਲਾਕੇ ਦੀਆਂ ਟੁੱਟੀਆਂ ਸੜਕਾਂ ਕਾਰਣ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦਾ ਰੂਟ ਬਦਲਣ ਦੀ ਸ਼ਹਿਰ 'ਚ ਚੱਲ ਰਹੀ ਚਰਚਾ ਸਬੰਧੀ ਬਰਾੜ ਨੇ ਕਿਹਾ ਕਿ ਬਾਬੇ ਨਾਨਕ ਦੇ ਨਾਂ 'ਤੇ ਵਿਰੋਧੀਆਂ ਨੂੰ ਇਨੀ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੀਦੀ।


shivani attri

Content Editor

Related News