ਅੰਤਰਰਾਸ਼ਟਰੀ ਹਵਾਈ ਅੱਡਾ ਮਈ ''ਚ 20 ਦਿਨ ਫਿਰ ਰਹੇਗਾ ਬੰਦ

03/14/2018 8:00:46 AM

ਚੰਡੀਗੜ੍ਹ (ਲਲਨ) - ਹਵਾਈ ਅੱਡਾ ਅਥਾਰਟੀ ਵਲੋਂ ਰਨਵੇ ਦੀ ਮੁਰੰਮਤ ਤੇ ਰੀਫੈਂਸਿੰਗ ਦਾ ਕੰਮ ਪੂਰਾ ਕਰਨ ਲਈ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੁਬਾਰਾ 20 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਹੁਣ ਮੁਸਾਫਰਾਂ ਨੂੰ ਦੁਬਾਰਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਵਾਈ ਅੱਡੇ ਦੇ ਸੀ. ਈ. ਓ. ਸੁਨੀਲ ਦੱਤ ਦਾ ਕਹਿਣਾ ਹੈ ਕਿ ਰਨਵੇ ਦੇ ਦੂਜੇ ਪੜਾਅ ਦਾ ਕੰਮ ਸ਼ੁਰੂ ਕਰਨ ਲਈ 12 ਤੋਂ 31 ਮਈ ਤਕ ਹਵਾਈ ਅੱਡੇ ਨੂੰ ਬੰਦ ਕੀਤਾ ਜਾਵੇਗਾ। ਇਸ ਲਈ ਏਅਰਲਾਈਨਜ਼ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪਹਿਲਾਂ 12 ਤੋਂ 26 ਫਰਵਰੀ ਤਕ ਜਦੋਂ ਰਨਵੇ ਬੰਦ ਕੀਤਾ ਗਿਆ ਸੀ ਤਾਂ ਉਸ ਸਮੇਂ 7200 ਫੁੱਟ ਤਕ ਰਨਵੇ ਦੀ ਮੁਰੰਮਤ ਤੇ ਰੀਫੈਂਸਿੰਗ ਕਰ ਦਿੱਤੀ ਗਈ ਸੀ। 25 ਮਾਰਚ ਤੋਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦੇ ਸਮੇਂ 'ਚ ਵੀ ਵਾਧਾ ਕੀਤਾ ਜਾਵੇਗਾ। ਫਿਲਹਾਲ ਹਵਾਈ ਅੱਡੇ ਤੋਂ ਸ਼ਾਮ 4:30 ਵਜੇ ਤਕ ਆਖਰੀ ਉਡਾਣ ਉਡਦੀ ਹੈ। 25 ਮਾਰਚ ਤੋਂ ਆਖਰੀ ਉਡਾਣ ਸ਼ਾਮ 5:30 ਵਜੇ ਜਾਵੇਗੀ।
ਹੁਣ ਰਨਵੇ ਦੀ ਲੰਬਾਈ ਹੋਵੇਗੀ 10400 ਫੁੱਟ
ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਲੰਬਾਈ 9000 ਫੁੱਟ ਹੀ ਸੀ। ਇਸ ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੇ ਏਅਰਕਰਾਫਟ ਦੀ ਲੈਂਡਿੰਗ ਸੰਭਵ ਨਹੀਂ ਸੀ। ਹਵਾਈ ਅੱਡਾ ਅਥਾਰਟੀ ਨੇ ਰਨਵੇ ਦੀ ਲੰਬਾਈ ਹੁਣ ਵਧਾ ਕੇ 10400 ਫੁੱਟ ਕਰਨ ਦਾ ਫੈਸਲਾ ਕੀਤਾ ਹੈ।
ਵੱਡੇ ਏਅਰਕਰਾਫਟ ਉਤਰਨ 'ਚ ਹੋਵੇਗੀ ਸੌਖ
ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬਣਿਆਂ 2 ਸਾਲ ਹੋ ਗਏ ਹਨ ਪਰ ਅਜੇ ਤਕ ਤਾਂ ਯੂਰਪੀ ਦੇਸ਼ਾਂ ਲਈ ਕੋਈ ਵੀ ਉਡਾਣ ਸ਼ੁਰੂ ਨਹੀਂ ਹੋ ਸਕੀ ਹੈ। ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਲਈ ਏਅਰਲਾਈਨਜ਼ ਕੰਪਨੀਆਂ ਵੱਡੇ ਏਅਰਕਰਾਫਟ ਉਡਾਣਾਂ ਲਈ ਪ੍ਰਪੋਜ਼ਲ ਭੇਜਦੀਆਂ ਰਹਿੰਦੀਆਂ ਹਨ ਪਰ ਰਨਵੇ ਦੀ ਲੰਬਾਈ ਘੱਟ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਹੁਣ ਰਨਵੇ ਦੀ ਲੰਬਾਈ 10400 ਫੁੱਟ ਹੋਣ ਨਾਲ ਇਸ ਰਨਵੇ 'ਤੇ ਵੱਡੇ ਏਅਰਕਰਾਫਟ ਵੀ ਲੈਂਡ ਹੋ ਸਕਦੇ ਹਨ।


Related News