ਇੰਟਰਨੈਸ਼ਨਲ ਏਅਰਪੋਰਟ ''ਤੇ ਆਵਾਰਾ ਕੁੱਤਿਆਂ ਦਾ ''ਕਬਜ਼ਾ''

07/24/2017 7:54:01 AM

ਮੋਹਾਲੀ  (ਕੁਲਦੀਪ) - ਦੇਸ਼-ਵਿਦੇਸ਼ 'ਚ ਆਉਣ-ਜਾਣ ਲਈ ਜਦੋਂ ਕੋਈ ਵੀ ਵਿਅਕਤੀ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਉਥੇ ਘੁੰਮ ਰਹੇ ਆਵਾਰਾ ਕੁੱਤਿਆਂ ਦਾ ਡਰ ਸਤਾਉਣ ਲਗਦਾ ਹੈ ਪਰ ਏਅਰਪੋਰਟ ਅਥਾਰਟੀ ਇਸ ਸਬੰਧੀ ਗੰਭੀਰ ਨਹੀਂ ਲਗ ਰਹੀ ਹੈ। ਇੰਝ ਲਗ ਰਿਹਾ ਹੈ ਕਿ ਜਦੋਂ ਤਕ ਇਹ ਕੁੱਤੇ ਕਿਸੇ ਯਾਤਰੀ ਜਾਂ ਹੋਰ ਵਿਅਕਤੀ ਨੂੰ ਕੱਟ ਨਾ ਲੈਣ ਉਦੋਂ ਤਕ ਅਥਾਰਟੀ ਇਸ ਪਾਸੇ ਵੱਲ ਧਿਆਨ ਨਹੀਂ ਦੇਵੇਗੀ।
ਦੱਸਣਯੋਗ ਹੈ ਕਿ ਏਅਰਪੋਰਟ 'ਤੇ ਫਲਾਈਟ ਲੈਣ ਲਈ ਜਾ ਰਹੀਆਂ ਜਾਂ ਵਾਪਿਸ ਆ ਰਹੀਆਂ ਔਰਤਾਂ ਜਾਂ ਬੱਚੇ ਜਦੋਂ ਇਨ੍ਹਾਂ ਖਤਰਨਾਕ ਕਿਸਮ ਦੇ ਕੁੱਤਿਆਂ ਨੂੰ ਦੇਖ ਲੈਂਦੇ ਹਨ ਤਾਂ ਉਹ ਬੁਰੀ ਤਰ੍ਹਾਂ ਡਰ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਥੇ ਏਅਰਪੋਰਟ ਅਥਾਰਟੀ ਵਲੋਂ ਤਾਇਨਾਤ ਕੀਤੇ ਗਏ ਸਕਿਓਰਿਟੀ ਗਾਰਡ ਵੀ ਇਨ੍ਹਾਂ ਕੁੱਤਿਆਂ ਨੂੰ ਭਜਾਉਣ 'ਚ ਕੋਈ ਭੂਮਿਕਾ ਨਹੀਂ ਨਿਭਾਉਂਦੇ ਹਨ। ਕਹਿਣ ਨੂੰ ਤਾਂ ਏਅਰਪੋਰਟ 'ਤੇ ਸੁਰੱਖਿਆ ਲਈ ਪੁਲਸ ਫੋਰਸ, ਸੀ. ਆਈ. ਐੱਸ. ਐੱਫ. ਦੇ ਨਾਲ-ਨਾਲ ਏਅਰਪੋਰਟ ਅਥਾਰਟੀ ਵਲੋਂ ਸਕਿਓਰਿਟੀ ਗਾਰਡ ਤਾਇਨਾਤ ਕੀਤੇ ਗਏ ਹਨ ਪਰ ਇਨ੍ਹਾਂ ਕੁੱਤਿਆਂ ਵੱਲ ਕੋਈ ਧਿਆਨ ਨਹੀਂ ਦਿੰਦਾ।
ਪੰਜਾਬ 'ਚ ਪਹਿਲੇ ਤਿੰਨ ਨੰਬਰਾਂ 'ਚ ਹੈ ਮੋਹਾਲੀ ਦਾ ਨਾਂ
ਜੇਕਰ ਆਵਾਰਾ ਕੁੱਤਿਆਂ ਵਲੋਂ ਕੱਟੇ ਹੋਏ ਲੋਕਾਂ ਦੀ ਗੱਲ ਕਰੀਏ ਤਾਂ ਇਕ ਜਾਣਕਾਰੀ ਮੁਤਾਬਿਕ ਜ਼ਿਲਾ ਮੋਹਾਲੀ ਦਾ ਨਾਂ ਪੰਜਾਬ 'ਚ ਪਹਿਲੇ ਤਿੰਨ ਨੰਬਰਾਂ 'ਚ ਆਉਂਦਾ ਹੈ। ਇਸ ਦੇ ਬਾਵਜੂਦ ਵੀ ਏਅਰਪੋਰਟ ਅਥਾਰਟੀ ਏਅਰਪੋਰਟ 'ਤੇ ਆਵਾਰਾ ਕੁੱਤਿਆਂ ਸਬੰਧੀ ਗੰਭੀਰ ਨਹੀਂ ਹੈ। ਬੀਤੇ ਮਹੀਨਿਆਂ 'ਚ ਇਕੱਲੇ ਮੋਹਾਲੀ ਸ਼ਹਿਰ 'ਚ ਹੀ ਆਵਾਰਾ ਕੁੱਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਕੱਟ ਕੇ ਉਨ੍ਹਾਂ ਦੀ ਸ਼ਕਲ ਤਕ ਖਰਾਬ ਕਰ ਚੁੱਕੇ ਹਨ।
ਗੰਦਗੀ ਵੀ ਫੈਲਾਉਂਦੇ ਹਨ ਕੁੱਤੇ
ਇਹ ਵੀ ਦੇਖਣ 'ਚ ਆਇਆ ਹੈ ਕਿ ਇਹ ਕੁੱਤੇ ਏਅਰਪੋਰਟ 'ਤੇ ਗੰਦਗੀ ਫੈਲਾਉਣ 'ਚ ਵੀ ਭਰਪੂਰ ਯੋਗਦਾਨ ਪਾਉਂਦੇ ਹਨ। ਕੂੜੇ-ਕਰਕਟ ਦੇ ਲਿਫਾਫਿਆਂ ਨੂੰ ਖਿੱਚ ਕੇ ਇੱਧਰ-ਉਧਰ ਲਿਜਾਂਦੇ ਇਹ ਕੁੱਤੇ ਅਕਸਰ ਦੇਖੇ ਜਾ ਸਕਦੇ ਹਨ, ਜੋ ਕਿ ਕਿਸੇ ਹੱਡਾਰੋੜੀ ਦਾ ਦ੍ਰਿਸ਼ ਪੇਸ਼ ਕਰਦੇ ਹਨ। ਇਸ ਸਬੰਧੀ ਨਗਰ ਨਿਗਮ ਮੋਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਏਅਰਪੋਰਟ 'ਤੇ ਲਾਵਾਰਿਸ ਕੁੱਤੇ ਘੁੰਮਦੇ ਰਹਿੰਦੇ ਹਨ। ਇਨ੍ਹਾਂ ਕੁੱਤਿਆਂ ਕਾਰਨ ਪੂਰੀ ਦੁਨੀਆ 'ਚ ਮੋਹਾਲੀ ਸ਼ਹਿਰ ਦਾ ਅਕਸ ਖਰਾਬ ਹੁੰਦਾ ਹੈ। ਏਅਰਪੋਰਟ 'ਤੇ ਆਵਾਰਾ ਕੁੱਤਿਆਂ ਦਾ ਮਾਮਲਾ ਨਗਰ ਨਿਗਮ ਦੇ ਅਧੀਨ ਨਹੀਂ ਆਉਂਦਾ ਹੈ, ਇਸ ਲਈ ਏਅਰਪੋਰਟ ਅਥਾਰਟੀ ਨੇ ਹੀ ਇਸ ਪਾਸੇ ਵੱਲ ਧਿਆਨ ਕਰਨਾ ਹੈ। ਏਅਰਪੋਰਟ ਅਥਾਰਟੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਲਾਵਾਰਿਸ ਕੁੱਤਿਆਂ ਨੂੰ ਭਜਾਉਣ ਲਈ ਸਪੈਸ਼ਲ ਸਟਾਫ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਇਹ ਕੁੱਤੇ ਕਿਸੇ ਲਈ ਖਤਰਾ ਨਾ ਬਣ ਸਕਣ।
ਜ਼ਿਲਾ ਕਾਂਗਰਸ ਦੇ ਸਕੱਤਰ ਅਤੁਲ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤਾਂ ਵਿਦੇਸ਼ਾਂ ਤੋਂ ਨਿਵੇਸ਼ਕਾਂ ਨੂੰ ਪੰਜਾਬ 'ਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ ਪਰ ਏਅਰਪੋਰਟ ਅਥਾਰਟੀ ਇਨ੍ਹਾਂ ਕੁੱਤਿਆਂ ਨੂੰ ਕੰਟਰੋਲ ਨਾ ਕਰਕੇ ਪੰਜਾਬ ਦਾ ਗਲਤ ਪ੍ਰਭਾਵ ਵਿਦੇਸ਼ੀ ਨਿਵੇਸ਼ਕਾਂ 'ਤੇ ਪਾਉਂਦੀ ਹੈ।
ਕਈ ਵਾਰ ਇਹ ਵੀ ਦੇਖਣ 'ਚ ਆਇਆ ਹੈ ਕਿ ਜਦੋਂ ਵਿਦੇਸ਼ੀ ਯਾਤਰੀ ਸਫਰ ਕਰਕੇ ਮੋਹਾਲੀ ਏਅਰਪੋਰਟ 'ਤੇ ਪਹੁੰਚਦੇ ਹਨ ਤਾਂ ਬਾਹਰ ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਖੜ੍ਹੇ ਉਡੀਕ ਰਹੇ ਛੋਟੇ ਬੱਚੇ ਜਦੋਂ ਖੁਸ਼ੀ ਦੇ ਰੌਂਅ 'ਚ ਉਧਰ ਭੱਜਦੇ ਹਨ ਤਾਂ ਇਹ ਕੁੱਤੇ ਬੱਚਿਆਂ ਦੇ ਪਿੱਛੇ ਭੱਜ ਪੈਂਦੇ ਹਨ। ਇਸ ਲਈ ਅਥਾਰਟੀ ਨੂੰ ਤੁਰੰਤ ਇਨ੍ਹਾਂ ਕੁੱਤਿਆਂ ਨੂੰ ਭਜਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।


Related News