ਚੌਕਬਾਲ ਦੀ ਪ੍ਰਮੋਸ਼ਨ ਦੇ ਲਈ ਯਤਨਸ਼ੀਲ ਮੁਨੀਸ਼ ਬਹਿਲ, ਕਿਹਾ- ''ਪੰਜਾਬ ਤੋਂ ਨਿਕਲਣਗੇ ਇੰਟਰਨੈਸ਼ਨਲ ਪਲੇਅਰਜ਼''
Sunday, Apr 28, 2024 - 10:04 PM (IST)
ਜਲੰਧਰ- ਚੌਕਬਾਲ ਬੇਸ਼ਕ ਹੀ ਦੇਸ਼ ਲਈ ਨਵੀਂ ਖੇਡ ਹੈ ਪਰ ਇਸ ਵਿਚ ਵੱਡੀ ਗਿਣਤੀ ਵਿਚ ਪਲੇਅਰਜ਼ ਨੂੰ ਸ਼ਾਮਲ ਕਰਨ ਲਈ ਯਤਨ ਤੇਜ਼ ਹੋ ਗਏ ਹਨ। ਹੈਂਡਬਾਲ ਵਰਗੀ ਲਗਦੀ ਇਸ ਖੇਡ ਦੇ ਨਿਯਮ ਥੋੜ੍ਹੇ ਵੱਖਰੇ ਹਨ ਪਰ ਆਪਣੀ ਸਪੀਡ ਅਤੇ ਸਟਾਈਲ ਕਾਰਨ ਇਹ ਹਰ ਕਿਸੇ ਨੂੰ ਆਕਰਸ਼ਿਤ ਕਰ ਰਹੀ ਹੈ।
ਪੰਜਾਬ ਵਿਚ ਚੌਕਬਾਲ ਨੂੰ ਵੱਡੇ ਪੱਧਰ ’ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਹੁਣ ਪੀ.ਏ.ਪੀ. ਇਨਡੋਰ ਸਟੇਡੀਅਮ ਵਿਚ ਇਸ ਦੀ ਕੌਮੀ ਪੱਧਰ 'ਤੇ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਵਿਚ ਦੇਸ਼ ਦੇ 20 ਸੂਬਿਆਂ ਤੋਂ 200 ਤੋਂ ਵੱਧ ਖਿਡਾਰੀ ਹਿੱਸਾ ਲੈਣ ਲਈ ਪੁੱਜ ਚੁੱਕੇ ਹਨ। ਚੌਕਬਾਲ ਦੀ ਪੰਜਾਬ ਸਟੇਟ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬਹਿਲ ਇਸ ਖੇਡ ਨੂੰ ਪ੍ਰਮੋਟ ਕਰਨ ਲਈ ਭਰਪੂਰ ਯਤਨ ਕਰ ਰਹੇ ਹਨ।
ਬਹਿਲ ਆਸ ਕਰ ਹਨ ਕਿ ਇਸ ਖੇਡ ਜਲਦੀ ਹੀ ਏਸ਼ੀਆਈ ਖੇਡਾਂ ਵਿਚ ਸ਼ਾਮਲ ਹੋਵੇਗੀ। ਅਜਿਹੇ ’ਚ ਜੇਕਰ ਅਸੀਂ ਇਸ ਖੇਡ ’ਚ ਮਜ਼ਬੂਤ ਖਿਡਾਰੀਆਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਲੈਂਦੇ ਹਾਂ ਤਾਂ ਇਹ ਦੇਸ਼ ਲਈ ਵੱਡੇ ਪੱਧਰ ’ਤੇ ਮੈਡਲ ਲਿਆਉਣ ਦਾ ਮੌਕਾ ਮੁਹੱਈਆ ਕਰੇਗੀ। ਪੰਜਾਬ ਕੇਸਰੀ/ਜਗ ਬਾਣੀ ਦੇ ਨਾਲ ਇਕ ਇੰਟਰਵਿਊ ਵਿਚ ਬਹਿਲ ਨੇ ਖੁੱਲ੍ਹ ਕੇ ਗੱਲ ਕੀਤੀ-
ਚੌਕਬਾਲ ਨੂੰ ਪ੍ਰਮੋਟ ਕਰਨ ਦਾ ਵਿਚਾਰ ਕਿਵੇਂ ਆਇਆ?
ਭਾਰਤ ਵਿਚ ਚੌਕਬਾਲ ਬਹੁਤ ਸਾਰੇ ਲੋਕਾਂ ਲਈ ਇਕ ਨਵੀਂ ਖੇਡ ਹੈ ਪਰ ਇਹ ਦੇਸ਼ ਵਿਚ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਹੈ। ਇਸ ਖੇਡ ਨਾਲ ਸਬੰਧਤ ਮੁਕਾਬਲੇ ਦੇਸ਼ ਭਰ ਵਿਚ ਕਰਵਾਏ ਜਾ ਚੁੱਕੇ ਹਨ ਅਤੇ ਇਸ ਵੇਲੇ ਵੀ 13ਵੀਂ ਸਬ ਜੂਨੀਅਰ ਅਤੇ 14ਵੀਂ ਜੂਨੀਅਰ ਨੈਸ਼ਨਲ ਚੌਕਬਾਲ ਚੈਂਪੀਅਨਸ਼ਿਪ ਜਲੰਧਰ ਵਿਚ ਹੋ ਰਹੀ ਹੈ। ਇਸ ਵਿਚ ਖਿਡਾਰੀ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਇਸ ਖੇਡ ਪ੍ਰਤੀ ਨੌਜਵਾਨਾਂ ਵਿਚ ਪਾਏ ਜਾ ਰਹੇ ਉਤਸ਼ਾਹ ਨੂੰ ਦੇਖਦਿਆਂ ਅਤੇ ਚੌਕਬਾਲ ਵਿਚ ਭਾਰਤ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਹੀ ਇਸ ਨੂੰ ਪ੍ਰਮੋਟ ਕਰਨ ਦਾ ਖਿਆਲ ਮਨ ਵਿਚ ਆਇਆ। ਮੇਰੇ ਕੁਝ ਕਰੀਬੀ ਦੋਸਤ ਹਨ ਜਿਨ੍ਹਾਂ ਰਾਹੀਂ ਮੈਂ ਇਸ ਖੇਡ ਨਾਲ ਜੁੜਿਆ। ਹੁਣ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਇਸ ਨੂੰ ਪ੍ਰਮੋਟ ਕਰਨ ਦੀਆਂ ਮੇਰੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆਂ ਹਨ।
ਫੈਡਰੇਸ਼ਨ ਦੇ ਅਧੀਨ ਕਿੰਨੇ ਖਿਡਾਰੀਆਂ ਨੂੰ ਚੌਕਬਾਲ ਦੀ ਸਿਖਲਾਈ ਮਿਲ ਰਹੀ ਹੈ?
ਸਿਖਲਾਈ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਸੈਂਕੜਾਂ ਵਿਚ ਹੈ। ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਖਿਡਾਰੀ ਇਸ ਨਾਲ ਜੁੜਨ ਕਿਉਂਕਿ ਇਸ ਖੇਡ ਵਿਚ ਬਹੁਤ ਸੰਭਾਵਨਾਵਾਂ ਹਨ। ਸਾਡੀ ਕੋਸ਼ਿਸ਼ ਹੈ ਕਿ ਸਕੂਲ ਪੱਧਰ ’ਤੇ ਵੱਧ ਤੋਂ ਵੱਧ ਨੌਜਵਾਨ ਇਸ ਖੇਡ ਨਾਲ ਜੁੜਨ। ਚੌਕਬਾਲ ਨਾਲ ਸਬੰਧਤ ਨਰਸਰੀਆਂ ਸਥਾਪਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਹੋਰਨਾਂ ਖੇਡਾਂ ਵਾਂਗ ਚੌਕਬਾਲ ਪ੍ਰਤੀ ਵੀ ਲੋਕਾਂ ਵਿਚ ਵੱਖਰੀ ਦਿਲਚਸਪੀ ਦੇਖਣ ਨੂੰ ਮਿਲੇਗੀ।
ਅਜੇ ਐਸੋਸੀਏਸ਼ਨ ਕਿੰਨੇ ਟੂਰਨਾਮੈਂਟਾਂ ਕਰਵਾ ਰਹੀ ਹੈ?
ਮਾਪਿਆਂ ਨੂੰ ਪ੍ਰੇਰਿਤ ਕਰਨ ਲਈ ਚੌਕਬਾਲ ਨਾਲ ਸਬੰਧਤ ਨਰਸਰੀ ਸਥਾਪਤ ਕਰਨ ਵੱਲ ਕਦਮ ਚੁੱਕੇ ਜਾ ਰਹੇ ਹਨ। ਇੱਥੇ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ ਖੇਡ ਸਮੱਗਰੀ, ਵਰਦੀ ਤੋਂ ਲੈ ਕੇ ਖੁਰਾਕ ਤੱਕ ਦੇ ਮੁਕੰਮਲ ਪ੍ਰਬੰਧ ਐਸੋਸੀਏਸ਼ਨ ਵੱਲੋਂ ਕੀਤੇ ਜਾਣਗੇ। ਜਿੱਥੋਂ ਤੱਕ ਖੇਡ ਮੁਕਾਬਲਿਆਂ ਦੀ ਗਿਣਤੀ ਦਾ ਸਬੰਧ ਹੈ, ਹਰ ਪੱਧਰ ’ਤੇ ਸਾਲ ਭਰ ਕਈ ਇਵੈਂਟਸ ਕਰਵਾਏ ਜਾ ਰਹੇ ਹਨ।
ਆਮ ਬੱਚੇ ਨੂੰ ਕਿਉਂ ਆਕਰਸ਼ਿਤ ਕਰੇਗੀ ਇਹ ਖੇਡ?
ਹਰ ਖੇਡ ਖੇਡਣ ਦਾ ਅਸਲ ਫਾਇਦਾ ਤਾਂ ਫਿਟਨੈੱਸ ਹੁੰਦਾ ਹੈ। ਇਸ ਖੇਡ ਵਿਚ ਚੁਸਤੀ ਬੜੇ ਮਾਇਨੇ ਰੱਖਦੀ ਹੈ। ਤੇਜ਼ ਦੌੜਨ ਦੇ ਨਾਲ-ਨਾਲ ਹੁਨਰ ਵੀ ਬਹੁਤ ਮਾਇਨੇ ਰੱਖਦਾ ਹੈ। ਸਰੀਰ ਦੀ ਤੰਦਰੁਸਤੀ ਦੇ ਨਾਲ-ਨਾਲ ਇਹ ਮਾਨਸਿਕ ਕਸਰਤ ਵੀ ਮਹੱਈਆ ਕਰਦੀ ਹੈ ਕਿਉਂਕਿ ਖਿਡਾਰੀਆਂ ਨੂੰ ਹਰ ਹਰਕਤ ’ਤੇ ਨਜ਼ਰ ਰੱਖਣੀ ਪੈਂਦੀ ਹੈ। ਨੌਜਵਾਨਾਂ ਦੇ ਇਸ ਵੱਲ ਖਿੱਚ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਉਨ੍ਹਾਂ ਲਈ ਇਕ ਨਵੀਂ ਖੇਡ ਹੋਵੇਗੀ ਜਿਸ ਵਿਚ ਅਜੇ ਬਹੁਤਾ ਮੁਕਾਬਲਾ ਨਹੀਂ ਹੈ। ਹੋਰਨਾਂ ਖੇਡਾਂ ਦੇ ਮੁਕਾਬਲੇ ਚੌਕਬਾਲ ਵਿਚ ਅੱਗੇ ਵਧਣ ਦੀ ਸੰਭਾਵਨਾ ਕਾਫੀ ਵੱਧ ਹੈ।
ਚੌਕਬਾਲ ਦੇ ਜਲਦ ਏਸ਼ੀਅਨ ਗੇਮਜ਼ ’ਚ ਆਉਣ ਦੀ ਖਬਰ ਹੈ, ਇਸ ਨੂੰ ਮਨਜ਼ੂਰ ਕਰਵਾਉਣ ਐਸੋਸੀਏਸ਼ਨ ਖੁਦ ਨੂੰ ਕਿੱਥੇ ਖੜ੍ਹੀ ਮਹਿਸੂਸ ਕਰਦੀ ਹੈ?
ਯਤਨ ਜਾਰੀ ਹਨ। ਮੈਂ ਨਿੱਜੀ ਪੱਧਰ ’ਤੇ ਵੀ ਆਪਣੇ ਅੰਤਰਰਾਸ਼ਟਰੀ ਸੰਪਰਕਾਂ ਦੀ ਵਰਤੋਂ ਕਰਦੇ ਹੋਏ ਇਸ ਦਿਸ਼ਾ ਵਿਚ ਯਤਨ ਸ਼ੁਰੂ ਕਰ ਚੁੱਕਾ ਹਾਂ। ਐਸੋਸੀਏਸ਼ਨ ਦੇ ਪੱਧਰ ’ਤੇ ਲਗਾਤਾਰ ਯਤਨ ਜਾਰੀ ਹਨ। ਸਾਡੀ ਕੋਸ਼ਿਸ਼ ਏਸ਼ੀਅਨ ਗੇਮਜ਼ ਤੱਕ ਹੀ ਨਹੀਂ ਸਗੋਂ ਓਲੰਪਿਕ ਤੱਕ ਇਸ ਖੇਡ ਨੂੰ ਪਹੁੰਚਾਉਣ ਦੀ ਹੈ।
ਚੌਕਬਾਲ ਦੀ ਪ੍ਰਮੋਸ਼ਨ ਲਈ ਕੀ ਕਰ ਰਹੇ ਹੋ?
ਜਲੰਧਰ ’ਚ ਚੱਲ ਰਹੇ ਮੁਕਾਬਲੇ ’ਚ ਇਸ ਖੇਡ ਦੀ ਬੜੀ ਪ੍ਰਮੋਸ਼ਨ ਹੋਈ ਹੈ। ਲੋਕਾਂ ਨੂੰ ਇਸ ਬਾਰੇ ਕਾਫੀ ਜਾਣਕਾਰੀ ਹਾਸਲ ਹੋਈ ਹੈ। ਇਹ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਚੌਕਬਾਲ ਨਾਲ ਸਬੰਧਤ ਸਿਖਲਾਈ ਕੈਂਪ ਸੂਬੇ ਤੋਂ ਲੈ ਕੇ ਬਲਾਕ ਪੱਧਰ ਤੱਕ ਲਗਾਏ ਜਾ ਰਹੇ ਹਨ ਤਾਂ ਜੋ ਇਸ ਬਾਰੇ ਜਾਣਕਾਰੀ ਨਾ ਰੱਖਣ ਵਾਲੇ ਵੀ ਪ੍ਰਾਪਤ ਕਰ ਸਕਣ।
ਪੰਜਾਬ ਵਿਚ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ। ਆਉਣ ਵਾਲੇ 10 ਸਾਲਾਂ ਵਿਚ ਤੁਸੀਂ ਖੇਡ ਨੂੰ ਕਿੱਥੇ ਦੇਖਦੇ ਹੋ?
ਆਉਣ ਵਾਲੇ 10 ਸਾਲਾਂ ਵਿਚ ਨਹੀਂ ਸਗੋਂ ਉਸ ਤੋਂ ਵੀ ਘੱਟ ਸਮੇਂ ਵਿਚ ਚੌਕਬਾਲ ਹਰ ਪੱਧਰ ’ਤੇ ਹੋਰ ਖੇਡਾਂ ਵਾਂਗ ਪ੍ਰਸਿੱਧ ਹੋ ਜਾਵੇਗੀ। ਅੱਜ ਜਿਸ ਤਰ੍ਹਾਂ ਸਾਡੇ ਨੌਜਵਾਨ ਸਵੇਰੇ-ਸ਼ਾਮ ਹੈਂਡਬਾਲ, ਵਾਲੀਬਾਲ, ਕ੍ਰਿਕਟ ਆਦਿ ਖੇਡਦੇ ਦੇਖੇ ਜਾਂਦੇ ਹਨ, ਉਸੇ ਤਰ੍ਹਾਂ ਉਹ ਚੌਕਬਾਲ ਖੇਡਦੇ ਨਜ਼ਰ ਆਉਣਗੇ।
ਇਸ ਵਿਦੇਸ਼ੀ ਖੇਡ ਲਈ ਤੁਸੀਂ ਆਪਣੇ ਦੇਸੀ ਕੋਚ ਨੂੰ ਕਿਵੇਂ ਤਿਆਰ ਕੀਤੇ ਹਨ?
ਕੋਚਿੰਗ ਨੂੰ ਲੈ ਕੇ ਪਹਿਲਾਂ ਵੀ ਕੰਮ ਕੀਤਾ ਜਾ ਚੁੱਕਾ ਹੈ ਅਤੇ ਭਵਿੱਖ ਨੂੰ ਲੈ ਕੇ ਵੀ ਯੋਜਨਾ ਤਿਆਰ ਕਰ ਲਈ ਗਈ ਹੈ, ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਅਸੀਂ ਵਿਦੇਸ਼ਾਂ ਤੋਂ ਕੋਚਾਂ ਨੂੰ ਸਿਖਲਾਈ ਦਿਵਾਈ ਹੈ।
ਹੁਣ ਯੋਜਨਾ ਹੈ ਕਿ ਜੋ ਕੋਚ ਪਹਿਲਾਂ ਤੋਂ ਤਿਆਰ ਹਨ, ਉਹ ਅੱਗੇ ਹੋਰ ਕੋਚ ਤਿਆਰ ਕਰਨ। ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ ਇਸ ਲਈ ਅਸੀਂ ਨਵੀਂ ਤਕਨੀਕ ਪ੍ਰਾਪਤ ਕਰਨ ਲਈ ਕੋਚਾਂ ਨੂੰ ਵਿਦੇਸ਼ਾਂ ਤੋਂ ਨਵੀਂ ਤਕਨਾਲੋਜੀ ਦਿਵਾਉਣ ਲਈ ਭੇਜਦੇ ਰਹਾਂਗੇ।
ਚੌਕਬਾਲ ਐਸੋਸੀਏਸ਼ਨ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ, ਇਸ ਦੌਰਾਨ ਤੁਹਾਡੀ ਖਿਡਾਰੀਆਂ ਬਾਰੇ ਮਨਪਸੰਦ ਯਾਦ ਕੀ ਰਹੀ?
ਮੈਂ ਆਪਣੇ ਕਈ ਮਿੱਤਰਾਂ ਰਾਹੀਂ ਐਸੋਸੀਏਸ਼ਨ ਨਾਲ ਜੁੜਿਆ। ਹੌਲੀ-ਹੌਲੀ ਇਸ ਖੇਡ ਪ੍ਰਤੀ ਮੇਰੀ ਦਿਲਚਸਪੀ ਵਧਦੀ ਗਈ। ਬੇਸ਼ੱਕ ਇਹ ਨਵੀਂ ਖੇਡ ਹੈ ਪਰ ਅਸੀਂ ਆਪਣੇ ਬੱਚਿਆਂ ਨੂੰ ਸੰਪੂਰਨ ਤਕਨੀਕ ਨਾਲ ਖੇਡਦੇ ਦੇਖ ਰਹੇ ਹਾਂ। ਇਹ ਆਪਣੇ ਆਪ ਵਿਚ ਇਕ ਵੱਖਰਾ ਅਨੁਭਵ ਹੈ। ਜਿੱਥੋਂ ਤੱਕ ਰਹੀ ਮੇਰੀ ਮੈਮੋਰੀ ਦੀ ਗੱਲ ਇਹ ਉਦੋਂ ਬਣੇਗੀ ਜਦੋਂ ਸਾਡਾ ਦੇਸ਼ ਇਸ ਖੇਡ ਵਿਚ ਬੁਲੰਦੀਆਂ ਨੂੰ ਛੂਹੇਗਾ। ਫਿਰ ਇਨ੍ਹਾਂ ਘੜੀਆਂ ਨੂੰ ਯਾਦ ਕਰਨਾ ਕਿਸੇ ਸੁਖਦ ਅਹਿਸਾਸ ਤੋਂ ਘੱਟ ਨਹੀਂ ਹੋਵੇਗਾ।
ਵਿਦੇਸ਼ੀ ਟੀਮਾਂ ਦੇ ਪੱਧਰ ਤੱਕ ਆਪਣੀ ਦੇਸੀ ਟੀਮ ਨੂੰ ਲਿਜਾਣ ਲਈ ਤੁਸੀਂ ਕੀ ਯਤਨ ਕਰ ਰਹੇ ਹੋ?
ਯਤਨ ਜਾਰੀ ਹਨ ਅਤੇ ਭਵਿੱਖ ਵਿਚ ਵੀ ਹਰ ਸੰਭਵ ਯਤਨ ਜਾਰੀ ਰਹਿਣਗੇ। ਦੇਸ਼ ਨੂੰ ਇਸ ਖੇਡ ਵਿਚ ਬੁਲੰਦੀਆਂ ’ਤੇ ਪਹੁੰਚਾਉਣ ਲਈ ਐਸੋਸੀਏਸ਼ਨ ਲਗਾਤਾਰ ਕੰਮ ਕਰਦੀ ਰਹੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e