ਆਮਦਨ ਵਿਚ ਵਾਧਾ ਅਤੇ ਕੁਦਰਤ ਲਈ ਵਰਦਾਨ : ਅੰਤਰ ਫਸਲੀ ਖੇਤੀ

Wednesday, Apr 29, 2020 - 09:13 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਕ ਫਸਲੀ ਖੇਤੀਬਾੜੀ ਪ੍ਰਣਾਲੀ ਲੰਬਾ ਸਮੇਂ ਕਰਨ ਨਾਲ ਮਿੱਟੀ ਅਤੇ ਪਾਣੀ ਦੀ ਗੁਣਵੱਤਾ ਘੱਟ ਜਾਂਦੀ ਹੈ। ਇਸ ਨਾਲ ਖੇਤੀ ਵਿਭਿੰਨਤਾ ਤੇ ਵੀ ਮਾੜਾ ਅਸਰ ਪੈਂਦਾ ਹੈ। ਅੰਤਰ ਫ਼ਸਲਾਂ ਨੂੰ ਇਕ ਬਹੁ ਫਸਲੀ ਪ੍ਰਣਾਲੀ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜੋ ਇਕ ਸੀਜ਼ਨ ਦੌਰਾਨ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਇੱਕ ਖੇਤ ਵਿਚ ਉਗਾਈਆਂ ਜਾਂਦੀਆਂ ਹਨ। ਇਹ ਖੇਤੀਬਾੜੀ ਵਿਚ ਵਿਭਿੰਨਤਾ ਵਧਾਉਣ ਦਾ ਵੀ ਇਕ ਚੰਗਾ ਤਰੀਕਾ ਹੈ । 

ਅੰਤਰ ਫ਼ਸਲਾਂ ਦੇ ਲਾਭ :

1. ਵਾਤਾਵਰਨ ਵਿਚ ਸੰਤੁਲਨ
2. ਉਤਪਾਦਨ ਵਿਚ ਵਾਧਾ 
3. ਕੁਦਰਤੀ ਸਰੋਤਾਂ ਦਾ ਸਹੀ ਉਪਯੋਗ 
4. ਨੁਕਸਾਨਦਾਇਕ ਕੀਟ, ਬੀਮਾਰੀਆਂ ਅਤੇ ਨਦੀਨਾਂ ਵਿਚ ਕਮੀ 
5. ਉਪਜ ਵਿਚ ਸਥਿਰਤਾ ਅਤੇ ਇੱਕਸਾਰਤਾ 
6. ਮਿੱਟੀ ਦੇ ਉਪਜਾਊਪਣ ਅਤੇ ਨਾਈਟ੍ਰੋਜਨ ਦੀ ਮਾਤਰਾ ਵਿਚ ਵਾਧਾ 
7. ਆਮਦਨ ਵਿਚ ਵਾਧਾ 

ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਰੋਪੜ ਜ਼ਿਲ੍ਹੇ ਦੇ ਪਿੰਡ ਭਾਵਨਾੜਾ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਨਵਰੀ ਫਰਵਰੀ ਮਹੀਨੇ ਦੌਰਾਨ ਚਾਰ ਏਕੜ ਵਿੱਚ ਕਮਾਦ ਨੂੰ ਬੈੱਡ ਬਣਾ ਕੇ ਲਾਉਂਦੇ ਹਨ ਅਤੇ  ਵਿਚਕਾਰ ਲੱਗਭਗ 2.5 ਫੁੱਟ ਵਿਚ ਪਿਆਜ਼ ਦੀ ਕਾਸ਼ਤ ਕਰਦੇ ਹਨ। ਮਈ ਮਹੀਨੇ ਤੱਕ ਪਿਆਜ਼ ਦੀ ਫਸਲ ਤਿਆਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਲੱਗਭੱਗ 150 ਕੁਇੰਟਲ ਪ੍ਰਤੀ ਏਕੜ ਤੱਕ ਪਿਆਜ਼ ਦਾ ਝਾੜ ਲੈਂਦੇ ਹਨ। ਇਹ ਅੰਤਰ ਫਸਲੀ ਪ੍ਰਣਾਲੀ ਦੀ ਵਰਤੋਂ ਉਹ ਪਿਛਲੇ ਤਿੰਨ ਸਾਲਾਂ ਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਕਾਫ਼ੀ ਵਾਧਾ ਹੋਇਆ ਹੈ । ਮੋਗੇ ਜ਼ਿਲ੍ਹੇ ਵਿਚ ਪੈਂਦੇ ਪਿੰਡ ਕੈਲ਼ੇ ਦੇ ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਮੈਂਥੇ ਨਾਲ ਲਸਣ ਦੀ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਇਨ੍ਹਾਂ ਦੋਵਾਂ ਫ਼ਸਲਾਂ ਨੂੰ ਵੱਖੋ-ਵੱਖ ਲਗਾਈਏ ਤਾਂ ਵੀ ਓਨਾਂ ਹੀ ਝਾੜ ਆਉਂਦਾ ਹੈ, ਜਿੰਨਾ ਇਕੱਠੀਆਂ ਲਾਉਣ ਨਾਲ । 

ਕਿਸਾਨ ਕਈ ਫਸਲਾਂ ਨੂੰ ਵੱਖੋ-ਵੱਖ ਤਕਨੀਕ ਨਾਲ ਅੰਤਰ ਫਸਲੀ ਤਰੀਕੇ ਨਾਲ ਬੀਜ ਸਕਦੇ ਹਨ । ਇਸ ਲਈ ਉਨ੍ਹਾਂ ਨੂੰ ਮਾਹਿਰਾਂ ਦੀ ਸਲਾਹ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਅੰਤਰ ਫ਼ਸਲ ਦੀਆਂ ਦੱਸੀਆਂ ਗਈਆਂ ਕੁਝ ਤਕਨੀਕਾਂ ਇਸ ਪ੍ਰਕਾਰ ਹਨ ।

1. ਕਮਾਦ ਦੀਆਂ ਦੋ ਲਾਈਨਾਂ ਵਿਚ ਗਰਮ ਰੁੱਤ ਦੀ ਮੂੰਗੀ ਜਾਂ ਮਾਂਹ ਦੀਆਂ ਸਿਫ਼ਾਰਸ਼ੀ ਕਿਸਮਾਂ ਦੀ ਇਕ-ਇਕ ਲਾਈਨ ਬੀਜ ਕੇ ਇਨ੍ਹਾਂ ਫਸਲਾਂ ਦਾ 1.5 ਤੋਂ 2.0 ਕੁਇੰਟਲ ਪ੍ਰਤੀ ਏਕੜ ਵਾਧੂ ਝਾੜ ਲਿਆ ਜਾ ਸਕਦਾ ਹੈ। ਇਨ੍ਹਾਂ ਫਸਲਾਂ ਦੀ ਬਿਜਾਈ ਨਾਲ ਗੰਨੇ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ । 

2. ਜਾਪਾਨੀ ਪੁਦੀਨੇ ਨੂੰ ਵੀ ਕਮਾਦ ਵਿਚ ਇਕ ਅੰਤਰ ਫਸਲ ਦੇ ਤੌਰ ’ਤੇ ਬੀਜਿਆ ਜਾ ਸਕਦਾ ਹੈ । ਕਮਾਦ ਦੀਆਂ ਦੋ ਲਾਈਨਾਂ ਵਿਚ ਇਕ ਲਾਈਨ ਜਾਪਾਨੀ ਪੁਦੀਨੇ ਦੀ ਬੀਜੋ। ਕਮਾਦ ਅਤੇ ਜਾਪਾਨੀ ਪੁਦੀਨੇ ਦੀ ਬਿਜਾਈ ਇਕੋ ਸਮੇਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿਚ ਹੀ ਕਰਨੀ ਚਾਹੀਦੀ ਹੈ। ਕਮਾਦ ਦੀ ਫ਼ਸਲ ਲਈ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ਜਾਪਾਨੀ ਪੁਦੀਨੇ ਦੀ ਫ਼ਸਲ ਨੂੰ 18 ਕਿਲੋ ਨਾਈਟ੍ਰੋਜਨ (39 ਕਿੱਲੋ ਯੂਰੀਆ ) ਅਤੇ 10 ਕਿੱਲੋ ਫਾਸਫੋਰਸ (62 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਬਿਜਾਈ ਵੇਲੇ ਪਾਓ ਅਤੇ ਬਾਕੀ ਦੀ ਨਾਈਟਰੋਜਨ ਬਿਜਾਈ ਤੋਂ 40 ਦਿਨਾਂ ਬਾਅਦ ਪਾਓ। ਜਾਪਾਨੀ ਪੁਦੀਨੇ ਦੀ ਇੱਕ ਹੀ ਕਟਾਈ ਲੈਣੀ ਚਾਹੀਦੀ ਹੈ । 

3. ਭਿੰਡੀ ਨੂੰ ਵੀ ਕਮਾਦ ਵਿਚ ਇਕ ਅੰਤਰ ਫਸਲ ਦੇ ਤੌਰ ’ਤੇ ਬੀਜਿਆ ਜਾ ਸਕਦਾ ਹੈ। ਵਧੇਰੇ ਮੁਨਾਫਾ ਲੈਣ ਲਈ ਦੋ ਕਤਾਰੀ ਖਾਲ਼ੀ ਵਿਧੀ ਨਾਲ ਬੀਜੇ (90:30 ਜਾਂ 120:30 ਸੈਂਟੀਮੀਟਰ) ਕਮਾਦ ਦੀਆਂ ਦੋ ਕਤਾਰਾਂ ਵਿਚ ਭਿੰਡੀ ਦੀਆਂ ਦੋ ਕਤਾਰਾਂ (45 ਸੈਂਟੀਮੀਟਰ ਵਿੱਥ ਤੇ ) ਦੀ ਬਿਜਾਈ ਕਰਮਵਾਰ 11 ਕਿਲੋਗ੍ਰਾਮ ਅਤੇ 9 ਕਿੱਲੋਗ੍ਰਾਮ ਪ੍ਰਤੀ ਏਕੜ ਬੀਜ ਨਾਲ ਅੰਤਰ ਫਸਲੀ ਦੇ ਤੌਰ ’ਤੇ ਫਰਵਰੀ ਮਹੀਨੇ ਦੌਰਾਨ ਕਰੋ। ਖਾਦਾਂ ਦੀ ਵਰਤੋਂ ਭਿੰਡੀ ਦੀ ਨਿਰੋਲ ਫ਼ਸਲ ਲਈ ਸਿਫਾਰਸ਼ ਅਨੁਸਾਰ ਵਰਤੋ । ਅੰਤਰ ਫ਼ਸਲ ਨੂੰ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਖ਼ਤਮ ਕਰ ਦਿਓ । 

4. ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਮੈਂਥੇ ਦੀ ਇਕ ਕਤਾਰ ਬੀਜੋ । ਮੈਂਥਾ ਅਤੇ ਕਮਾਦ ਫਰਵਰੀ ਦੇ ਪਹਿਲੇ ਪੰਦਰਵਾੜੇ ਵਿਚ ਇਕੋ ਸਮੇਂ ਬੀਜੇ ਜਾ ਸਕਦੇ ਹਨ। ਇਸ ਲਈ ਮੈਂਥੇ ਦੀਆਂ ਇਕ ਕੁਇੰਟਲ ਜੜ੍ਹਾਂ ਪ੍ਰਤੀ ਏਕੜ ਵਰਤੋਂ। ਕਮਾਦ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 18 ਕਿੱਲੋ ਨਾਈਟ੍ਰੋਜਨ (39 ਕਿੱਲੋ ਯੂਰੀਆ), 10 ਕਿੱਲੋ ਫਾਸਫੋਰਸ (62 ਕਿਲੋ ਸੁਪਰਫਾਸਫੇਟ ) ਪ੍ਰਤੀ ਏਕੜ ਪਾਓ । ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਖਾਦ ਬਿਜਾਈ ਵੇਲੇ ਅਤੇ ਬਾਕੀ ਅੱਧੀ ਨਾਈਟਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ । ਮੈਂਥੇ ਦਾ ਸਿਰਫ਼ ਇਕ ਹੀ ਲੋਅ ਲਵੋ। 

ਕਮਾਦ ਜੋ ਕਿ ਲੰਮੇ ਸਮੇਂ ਦੀ ਫ਼ਸਲ ਹੈ ਇਸ ਲਈ  ਇਸ ਵਿਚ ਆਲੂ , ਕਣਕ, ਰਾਇਆ, ਗੋਭੀ ਸਰ੍ਹੋਂ ਅਤੇ ਤੋਰੀਆਂ ਆਦਿ ਵੀ ਬੀਜਿਆ ਜਾ ਸਕਦਾ ਹੈ ।  

5. ਮੈਂਥੇ ਨੂੰ ਸੂਰਜਮੁਖੀ ਵਿਚ ਰਲਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ । ਇਸ ਦੇ ਲਈ ਸੂਰਜਮੁਖੀ ਨੂੰ 120 ਸੈਂਟੀਮੀਟਰ ×15 ਸੈਂਟੀਮੀਟਰ ਦੇ ਫ਼ਾਸਲੇ ਤੇ ਉੱਤਰ ਦੱਖਣ ਦਿਸ਼ਾ ਵਿਚ ਬੀਜੋ । ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ 150 ਕਿੱਲੋ ਪ੍ਰਤੀ ਇਕ ਜੜਾਂ ਵਰਤੋ । ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 23 ਕਿੱਲੋ ਨਾਈਟ੍ਰੋਜਨ (50 ਕਿੱਲੋ ਯੂਰੀਆ ) ਅਤੇ 12 ਕਿੱਲੋ ਫ਼ਾਸਫ਼ੋਰਸ (75 ਕਿੱਲੋ ਸੁਪਰ ਫਾਸਫੇਟ ) ਪ੍ਰਤੀ ਏਕੜ ਪਾਓ । ਪੂਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਅੱਧੀ ਨਾਟ ਨੂੰ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ । 

6. ਪਿਆਜ਼ ਨੂੰ ਮੈਂਥੇ ਵਿਚ ਰਲਵੀਂ ਫ਼ਸਲ ਵਜੋਂ ਉਗਾਇਆ ਜਾ ਸਕਦਾ ਹੈ। ਮੈਂਥਾ ਅਤੇ ਪਿਆਜ਼ ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਇੱਕੋ ਸਮੇਂ ਹੀ ਬੀਜੇ ਜਾ ਸਕਦੇ ਹਨ। 45 ਸੈਂਟੀਮੀਟਰ ਕਤਾਰ ਤੋਂ ਕਤਾਰ ਦੇ ਫ਼ਾਸਲੇ ਵਿਚ ਬੀਜੀ ਮੈਂਥੇ ਦੀ ਫ਼ਸਲ ਵਿਚ ਇਕ ਲਾਈਨ ਪਿਆਜ਼ ਦੀ ਬੀਜੋ ਅਤੇ ਪਿਆਜ਼ਾਂ ਵਿਚ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5 ਸੈਂਟੀਮੀਟਰ ਰੱਖੋ। ਮੈਂਥੇ ਦੀ ਫ਼ਸਲ ਨੂੰ ਸਿਫਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 13 ਕਿਲੋ ਨਾਈਟਰੋਜਨ (29 ਕਿੱਲੋ ਯੂਰੀਆ) 7 ਕਿੱਲੋ ਫਾਸਫੋਰਸ (44 ਕਿੱਲੋ ਸੁਪਰਫਾਸਫੇਟ) ਅਤੇ 7 ਕਿੱਲੋ ਪੋਟਾਸ਼ (12 ਕਿੱਲੋ ਮਿਊਰੇਟ ਆਫ਼ ਪੋਟਾਸ਼ ) ਪ੍ਰਤੀ ਏਕੜ ਪਾਓ। ਪੂਰੀ ਫਾਸਫੋਰਸ ਅਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਪਾਉ ਅਤੇ ਅੱਧੀ ਨਾਈਟ੍ਰੋਜਨ ਖਾਦ ਤਕਰੀਬ ਨੂੰ ਬਿਜਾਈ ਤੋਂ ਚਾਲੀ ਦਿਨਾਂ ਬਾਅਦ ਪਾਓ । 

7. ਮੱਕੀ ਆਲੂ ਪਿਆਜ਼ : ਇਸ ਫ਼ਸਲੀ ਚੱਕਰ ਵਿਚ ਜੇ ਆਲੂ ਵਿਚ ਮੂਲੀ ਅਤੇ ਪਿਆਜ਼ ਵਿਚ ਧਨੀਏ ਦੀ ਅੰਤਰ ਫਸਲ ਬੀਜੀ ਜਾਵੇ ਤਾਂ ਜੈਵਿਕ ਖੇਤੀ ਪਹਿਲੇ ਸਾਲ ਰਸਾਇਣਕ ਖੇਤੀ ਦੇ ਬਰਾਬਰ ਝਾੜ ਦੇ ਸਕਦੀ ਹੈ । ਮੱਕੀ ਜੂਨ ਦੇ ਪਹਿਲੇ ਪੰਦਰਵਾੜੇ, ਆਲੂ ਅਕਤੂਬਰ ਦੇ ਪਹਿਲੇ ਪੰਦਰਵਾੜੇ ਅਤੇ ਪਿਆਜ਼ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ । 

8. ਮੂਲੀ ਨੂੰ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿਚ ਆਲੂਆਂ ਦੀ ਹਰੇਕ ਵੱਟ ਦੇ ਦੱਖਣ ਵਾਲੇ ਪਾਸੇ ਬੀਜ ਕੇ, ਦਸੰਬਰ ਦੇ ਮਹੀਨੇ ਵਿਚ ਬਿਜਾਈ ਤੋਂ 50 ਤੋਂ 70 ਦਿਨਾਂ ਵਿਚ 2-3 ਵਾਰੀ ਪੁੱਟ ਲਵੋ । 

9. ਧਨੀਏ ਦੀ ਇਕ ਕਤਾਰ ਪਿਆਜ਼ ਦੀਆਂ ਪੰਜ ਕਤਾਰਾਂ ਬਾਅਦ ਜਨਵਰੀ ਦੇ ਪਹਿਲੇ ਪੰਦਰਵਾੜੇ ਵਿਚ ਪਿਆਜ਼ ਦੀ ਪਨੀਰੀ ਲਾਉਣ ਤੇ ਪਹਿਲਾ ਪਾਣੀ ਦੇਣ ਉਪਰੰਤ ਲਾਓ। ਹਰੇ ਧਨੀਏ ਦੀ ਬਿਜਾਈ ਤੋਂ 40 ਦਿਨਾਂ ਬਾਅਦ ਪਹਿਲੀ ਕਟਾਈ ਕਰੋ ਅਤੇ ਬੀਜ ਦੇ ਤੌਰ ’ਤੇ ਧਰਨੇ ਨੂੰ ਮਈ ਦੇ ਦੂਸਰੇ ਹਫਤੇ ਕੱਟ ਲਓ । 

10. ਮੱਕੀ ਨੂੰ 60 ਸੈਂਟੀਮੀਟਰ ਕਤਾਰਾਂ ਵਿਚ ਬੀਜ ਕੇ ਉਸ ਵਿਚ ਇਕ ਕਤਾਰ ਰਵਾਂਹ ਜਾਂ ਮੱਕੀ ਨੂੰ ਚਾਰੇ ਵਾਸਤੇ ਸੋਇਆਬੀਨ ਜਾਂ ਮੂੰਗਫਲੀ ਨੂੰ ਪਕਾਵੀਂ ਫਸਲ ਦੇ ਤੌਰ ’ਤੇ ਅੰਤਰ ਫ਼ਸਲਾਂ ਵਜੋਂ ਉਗਾਉਣ ਨਾਲ ਨਿਰੋਲ ਫ਼ਸਲਾਂ ਦੇ ਮੁਕਾਬਲੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਮੱਕੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਅਤੇ ਅੰਤਰ ਫ਼ਸਲਾਂ ਨੂੰ ਖੇਤਰਫਲ ਦੇ ਆਧਾਰ ’ਤੇ ਸਿਫਾਰਸ਼ ਅਨੁਸਾਰ ਬੀਜ ਅਤੇ ਖਾਦਾਂ ਪਾਓ। ਮੱਕੀ ਦਾ ਰਵਾਂਹ ਨੂੰ ਬਿਜਾਈ ਤੋਂ 45-55 ਦਿਨਾਂ ਬਾਅਦ ਚਾਰੇ ਲਈ ਕੱਟ ਲਓ । 

11. ਬੀਟੀ ਨਰਮੇ ਨੂੰ 67.5 ਸੈਂਟੀਮੀਟਰ ਕਤਾਰਾਂ ਵਿਚ ਬੀਜ ਕੇ ਉਸ ਵਿਚ ਇਕ ਕਤਾਰ ਮੱਕੀ ਜਾਂ ਰਵਾਂਹ ਨੂੰ ਚਾਰੇ ਵਾਸਤੇ ਅੰਤਰ ਫ਼ਸਲਾਂ ਦੇ ਤੌਰ ’ਤੇ ਲਾਉਣ ਨਾਲ ਨਿਰੋਲ ਫ਼ਸਲ ਦੇ ਮੁਕਾਬਲੇ ਵਧੇਰੇ ਉਤਪਾਦਕਤਾ ਅਤੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬੀਟੀ ਨਰਮੇ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਅਤੇ ਅੰਤਰ ਫ਼ਸਲਾਂ ਨੂੰ ਖੇਤਰਫਲ ਦੇ ਆਧਾਰ ’ਤੇ ਸਿਫਾਰਿਸ਼ ਅਨੁਸਾਰ ਬੀਜ ਅਤੇ ਖਾਦਾਂ ਪਾਓ। ਮੱਕੀ ਅਤੇ ਰਵਾਂਹ ਨੂੰ ਬਿਜਾਈ ਤੋਂ 45-55 ਦਿਨਾਂ ਬਾਅਦ ਚਾਰੇ ਲਈ ਕੱਟ ਲਓ । 

12. ਗੋਭੀ ਸਰ੍ਹੋਂ ਅਤੇ ਜਵੀ ਚਾਰੇ ਦੀ ਰਲਵੀਂ ਫ਼ਸਲ ਬੀਜਣਾ : ਨਿਰੋਲ ਫਸਲ ਦੇ ਮੁਕਾਬਲੇ ਵਧੇਰੇ ਉਤਪਾਦਕਤਾ ਅਤੇ ਆਮਦਨ ਪ੍ਰਾਪਤ ਕਰਨ ਲਈ ਜ਼ਮੀਨ ਨੂੰ ਚਾਰੇ ਲਈ ਗੋਭੀ ਸਰ੍ਹੋਂ ਵਿਚ ਅੰਤਰ ਫ਼ਸਲ ਦੇ ਤੌਰ ਤੇ ਉਗਾਓ। ਇਸ ਮੰਤਵ ਲਈ ਗੋਭੀ ਸਰੋਂ ਨੂੰ 60 ਸੈਂਟੀਮੀਟਰ ਫਾਸਲੇ ਦੀਆਂ ਕਤਾਰਾਂ ਵਿੱਚ 7.5 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫ਼ਾਸਲਾ ਰੱਖ ਕੇ ਬਿਜਾਈ ਕਰੋ ਅਤੇ ਇਨ੍ਹਾਂ ਵਿਚ ਜਵੀ ਦੀਆਂ ਦੋ ਕਤਾਰਾਂ ਬੀਜੋ। ਬਿਜਾਈ ਲਈ ਗੋਭੀ ਸਰ੍ਹੋਂ ਦੀ ਸਿਫ਼ਾਰਸ਼ ਕੀਤਾ ਬੀਜ ਅਤੇ ਜ਼ਮੀਨ ਦਾ 16 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਚਾਰੇ ਲਈ ਜ਼ਮੀਨ ਦੀਆਂ ਦੋ ਕਟਾਈਆਂ, ਪਹਿਲੀ ਕਟਾਈ 50-55ਦਿਨਾਂ ਦੇ ਅਤੇ ਦੂਸਰੀ ਕਟਾਈ ਪਹਿਲੀ ਕਟਾਈ ਤੋਂ 30 ਦਿਨਾਂ ਬਾਅਦ ਕਰੋ । 


rajwinder kaur

Content Editor

Related News