ਹੋਲਾ ਮਹੱਲਾ ਦੇਖਣ ਗਏ ਲੋਕਾਂ ਲਈ ਡੀ.ਸੀ. ਨੇ ਜਾਰੀ ਕੀਤੀਆਂ ਹਦਾਇਤਾਂ
Sunday, Mar 22, 2020 - 12:48 PM (IST)
 
            
            ਗੁਰਦਾਸਪੁਰ (ਹਰਮਨ)—ਪੂਰੀ ਦੁਨੀਆ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰਕਾਰ ਸਖਤ ਕਦਮ ਚੁੱਕ ਰਹੀ ਹੈ, ਜਿਸ ਦੇ ਲਈ ਖਾਸ ਹਦਾਇਤਾਂ ਵੀ ਜਾਰੀ ਕਰ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ 7 ਤੋਂ 9 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇਖਣ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਨਿਰਮਲ ਬਾਬਾ ਕੁਟੀਆ ਤੋਂ ਸਜਾਏ ਗਏ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਵਾਲੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਆਪਣਾ ਮੈਡੀਕਲ ਚੈਕਅੱਪ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਤੱਕ ਜਿਹੜੇ ਲੋਕਾਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ ਕੁਝ ਲੋਕ ਇਨ੍ਹਾਂ ਦੋਵਾਂ ਥਾਵਾਂ 'ਤੇ ਵੀ ਗਏ ਸਨ। ਇਸ ਕਾਰਨ ਇਸ ਗੱਲ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਪੀੜਤ ਲੋਕ ਹੋਰ ਲੋਕਾਂ ਦੇ ਸੰਪਰਕ 'ਚ ਵੀ ਆਏ ਹੋਣਗੇ। ਇਸ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਵੀ ਲੋਕ ਇਨ੍ਹਾਂ ਦੋਵਾਂ ਸਮਾਗਮਾਂ 'ਚ ਗਏ ਸਨ। ਉਹ ਤੁਰੰਤ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਤਾਂ ਜੋ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
ਦੱਸਣਯੋਗ ਹੈ ਕਿ ਭਾਰਤ 'ਚ ਦਿਨੋ ਦਿਨ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਹੋਇਆ ਅੱਜ ਸਮੁੱਚੇ ਭਾਰਤ 'ਚ ਜਨਤਾ ਕਰਫਿਊ ਦਾ ਐਲ਼ਾਨ ਕੀਤਾ ਗਿਆ ਹੈ। ਅਹਿਤਿਆਤ ਵਜੋਂ ਲੋਕਾਂ ਨੇ ਘਰ 'ਚ ਰਹਿ ਕੇ ਜਨਤਾ ਕਰਫਿਊ ਦਾ ਸਮਰਥਨ ਕੀਤਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            