ਇੰਸਪੈਕਟਰ ਇੰਦਰਜੀਤ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਵਿਵਾਦਤ ਕੇਸਾਂ ਦੀਆਂ ਫਾਈਲਾਂ ਖੁੱਲ੍ਹਣ ''ਤੇ ਹੋਏ ਕਈ ਖੁਲਾਸੇ (pics)
Thursday, Jul 13, 2017 - 07:19 PM (IST)

ਜਲੰਧਰ(ਰਵਿੰਦਰ ਸ਼ਰਮਾ)— ਨਸ਼ਾ ਮਾਫੀਆ ਦੇ ਨਾਲ ਨਸ਼ਿਆਂ ਦੀ ਖੇਡ ਖੇਡਣ ਵਾਲੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਮੁਸ਼ਕਿਲਾਂ ਹੋਰ ਵੱਧਣ ਲੱਗੀਆਂ ਹਨ। ਤਰਨਤਾਰਨ 'ਚ ਸੀ. ਆਈ. ਏ. ਇੰਚਾਰਜ ਰਹਿੰਦੇ ਹੋਏ ਇੰਦਰਜੀਤ ਸਿੰਘ ਨੇ ਜਿਹੜੇ ਕੇਸਾਂ 'ਚ ਭਾਰੀ ਮਾਤਰਾ 'ਚ ਹੈਰੋਇਨ ਦੀ ਰਿਵਕਰੀ ਕੀਤੀ, ਉਨ੍ਹਾਂ ਕੇਸਾਂ ਦੀਆਂ ਫਾਈਲਾਂ ਨੂੰ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਨੇ ਦੁਬਾਰਾ ਖੋਲ੍ਹ ਦਿੱਤਾ ਹੈ। ਇਨ੍ਹਾਂ ਸਾਰੇ ਕੇਸਾਂ 'ਚ ਭਾਰੀ ਰਿਕਵਰੀ ਦੇ ਬਾਵਜੂਦ ਸਾਰੇ ਤਸਕਰ ਅਦਾਲਤ ਤੋਂ ਛੁੱਟ ਗਏ ਸਨ। ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸਾਰੇ ਕੇਸਾਂ 'ਚ ਇੰਦਰਜੀਤ ਸਿੰਘ ਨੇ ਡਿਊਟੀ 'ਤੇ ਰਹਿੰਦੇ ਹੋਏ ਸਬੂਤਾਂ ਦੇ ਨਾਲ ਟੈਂਪਰਿੰਗ ਕੀਤੀ ਸੀ ਅਤੇ ਤਸਕਰਾਂ ਨੂੰ ਛੁੜਵਾਉਣ 'ਚ ਭਾਰੀ ਮਦਦ ਕੀਤੀ ਸੀ। ਇਨ੍ਹਾਂ ਸਾਰੇ ਕੇਸਾਂ ਦੇ ਦੁਬਾਰਾ ਖੁੱਲ੍ਹਣ ਨਾਲ ਨਾ ਸਿਰਫ ਇੰਦਰਜੀਤ ਦੇ ਖਿਲਾਫ ਹੋਰ ਕਈ ਧਾਰਾਵਾਂ ਦੇ ਤਹਿਤ ਨਵਾਂ ਕੇਸ ਦਰਜ ਹੋ ਸਕਦਾ ਹੈ, ਸਗੋਂ ਇਨ੍ਹਾਂ ਸਾਰੇ ਕੇਸਾਂ 'ਚ ਜਾਂਚ ਅਧਿਕਾਰੀ ਰਹੇ ਹੋਰ ਪੁਲਸ ਕਰਮਚਾਰੀ ਦੇ ਨਾਂ ਵੀ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਵਰਦੀ ਦੀ ਆੜ 'ਚ ਨਸ਼ਾ ਤਸਕਰਾਂ ਦੇ ਨਾਲ ਤਸਕਰੀ ਦੀ ਖੇਡ ਖੇਡਣ ਵਾਲੇ ਇੰਦਰਜੀਤ ਸਿੰਘ ਨੂੰ ਐੱਸ. ਟੀ. ਐੱਫ. ਨੇ 14 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਇੰਦਰਜੀਤ ਦੇ ਕੋਲੋਂ ਐੱਸ. ਟੀ. ਐੱਫ. ਨੇ 4 ਕਿਲੋਗ੍ਰਾਮ ਹੈਰੋਇਨ, 3 ਕਿਲੋਗ੍ਰਾਮ ਅਫੀਮ, 2 ਏ-ਕੇ.47 ਸਮਤੇ ਭਾਰੀ ਮਾਤਰਾ 'ਚ ਕਾਰਤੂਸ ਬਰਾਮਦ ਕੀਤੇ ਸਨ। ਪੂਰੇ ਮਾਮਲੇ 'ਚ ਚੀਫ ਹਰਪ੍ਰੀਤ ਸਿੰਘ ਸਿੱਧੂ ਅਤੇ ਆਈ. ਜੀ, ਐੱਸ. ਟੀ. ਐੱਫ. ਪ੍ਰਮੋਦ ਬਾਨ ਨੇ ਖੁਦ ਇੰਦਰਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਸੀ।
ਐੱਸ. ਟੀ. ਐੱਫ. ਨੇ ਇੰਦਰਜੀਤ ਸਿੰਘ ਦੀ ਜਾਇਦਾਦ ਨੂੰ ਵੀ ਖੰਗਾਲਿਆ ਸੀ ਅਤੇ ਕਈ ਅਹਿਮ ਸਬੂਤ ਉਨ੍ਹਾਂ ਖਿਲਾਫ ਇਕੱਠੇ ਕੀਤੇ ਸਨ। ਇੰਦਰਜੀਤ ਸਿੰਘ ਦੀ ਮਦਦ ਕਰਨ ਵਾਲੇ ਹੋਰ ਉੱਚ ਅਧਿਕਾਰੀ ਅਜੇ ਵੀ ਐੱਸ. ਟੀ. ਐੱਫ. ਦੀ ਰਾਡਾਰ 'ਤੇ ਹਨ। ਇੰਦਰਜੀਤ ਖਿਲਾਫ ਚੱਲ ਰਹੀ ਹੋਰ ਜਾਂਚ 'ਚ ਐੱਸ. ਟੀ. ਐੱਫ. ਨੇ ਤੇਜ਼ੀ ਫੜ ਲਈ ਹੈ। ਜਾਂਚ ਦੌਰਾਨ ਐੱਸ. ਟੀ. ਐੱਫ ਨੇ ਪਾਇਆ ਕਿ ਸਾਲ 2013 'ਚ ਤਰਨਤਾਰਨ 'ਚ ਬਤੌਰ ਸੀ. ਆਈ. ਏ. ਇੰਚਾਰਜ ਰਹਿੰਦੇ ਹੋਏ ਕਈ ਕੇਸਾਂ 'ਚ ਹੈਰੋਇਨ ਦੀ ਭਾਰੀ ਰਿਕਵਰੀ ਕੀਤੀ ਸੀ ਪਰ ਇਹ ਸਾਰੇ ਕੇਸ ਅਦਾਲਤ 'ਚ ਜਾ ਕੇ ਖਤਮ ਹੋ ਗਏ ਸਨ। ਇਸ ਤੋਂ ਬਾਅਦ ਤੋਂ ਹੀ ਇੰਦਰਜੀਤ ਪੰਜਾਬ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਦੀਆਂ ਅੱਖਾਂ 'ਚ ਖਟਕ ਰਿਹਾ ਸੀ। ਅਦਾਲਤ ਨੇ ਵੀ ਇਨ੍ਹਾਂ ਕੇਸਾਂ ਦੀ ਦੁਬਾਰਾ ਜਾਂਚ ਲਈ ਲਿਖਿਆ ਸੀ ਪਰ ਬਾਅਦ 'ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਪੂਰੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਸੀ।
ਐੱਸ. ਟੀ. ਐੱਫ. ਦੇ ਸੂਤਰਾਂ ਮੁਤਾਬਕ ਤਰਨਤਾਰਨ 'ਚ ਅਜਿਹੇ ਤਕਰੀਬਨ 13 ਮਾਮਲੇ ਸਨ ਅਤੇ ਇਨ੍ਹਾਂ 'ਚੋਂ 3 ਅਜਿਹੇ ਮਾਮਲੇ ਸਨ, ਜਿਨ੍ਹਾਂ 'ਚ ਹੈਰੋਇਨ ਰਿਕਵਰੀ ਦੀ ਮਾਤਰਾ ਬੇਹੱਦ ਜ਼ਿਆਦਾ ਸੀ ਅਤੇ ਇਕ ਕੇਸ 'ਚ ਤਾਂ ਇਹ ਰਿਕਵਰੀ 19 ਕਿਲੋਗ੍ਰਾਮ ਦੇ ਕਰੀਬ ਸੀ, ਜਿਸ ਦੀ ਕੋਮਾਂਤਰੀ ਕੀਮਤ 45 ਕਰੋੜ ਦੱਸੀ ਗਈ ਸੀ। ਇੰਨੀ ਭਾਰੀ ਰਿਕਵਰੀ ਤੋਂ ਬਾਅਦ ਇੰਦਰਜੀਤ ਸਿੰਘ ਨੇ ਦੋਹਰਾ ਫਾਇਦਾ ਚੁੱਕਿਆ ਸੀ। ਇਕ ਤਾਂ ਉਹ ਪੁਲਸ ਅਧਿਕਾਰੀਆਂ ਦਾ ਚਹੇਤਾ ਬਣ ਗਿਆ ਸੀ ਅਤੇ ਦੂਜਾ ਉਹ ਤਸਕਰਾਂ ਦੇ ਨਾਲ ਆਪਣੇ ਰਿਸ਼ਤੇ ਵਧਾਉਣ ਲੱਗਾ ਸੀ। ਪੂਰੇ ਮਾਮਲੇ 'ਚ ਐੱਸ. ਟੀ. ਐੱਫ. ਦੀ ਪੈਨੀ ਨਜ਼ਰ ਤੋਂ ਬਾਅਦ ਕੇਸਾਂ ਦੇ ਸਬੂਤਾਂ ਨਾਲ ਛੇੜਛਾੜ ਕਰਨ ਵਾਲੇ ਇੰਦਰਜੀਤ ਸਿੰਘ ਦੇ ਨਾਲ-ਨਾਲ ਹੁਣ ਉਸ ਸਮੇਂ ਡਿਊਟੀ 'ਚ ਰਹੇ ਡੀ. ਐੱਸ. ਪੀ, ਐੱਸ. ਪੀ. ਅਤੇ ਐੱਸ. ਐੱਸ. ਪੀ. ਰੈਂਕ ਅਧਿਕਾਰੀ ਵੀ ਜਾਂਚ ਦੇ ਘੇਰੇ 'ਚ ਆ ਜਾਣਗੇ।